ਮਹਿਲਾ ਮੇਲੇ ’ਚ ਗਿੱਧੇ-ਭੰਗੜੇ ਦਾ ਅਖਾੜਾ -‘ਫੁੱਲਕਾਰੀ ਲੇਡੀਜ਼ ਨਾਈਟ’ ਵਿਚ ਮਾਵਾਂ, ਸੱਸਾਂ, ਬਹੂਆਂ, ਧੀਆਂ ਨੇ ਲਾਈਆਂ ਖੂਬ ਰੌਣਕਾਂ

ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨੇ ਕਰਵਾਇਆ ਸੀ ਮਹਿਲਾਵਾਂ ਦਾ ਮੇਲਾ

(ਔਕਲੈਂਡ): ਹੱਸਣਾ, ਖੇਡਣਾਂ, ਨੱਚਣਾ ਤੇ ਟੱਪਣਾ ਜੀਵਨ ਦਾ ਹਿੱਸਾ ਹੁੰਦੇ ਹਨ, ਪਰ ਕਈ ਵਾਰ ਰੁਜ਼ਗਾਰ ਦੀ ਭਾਲ ਵਿਚ ਇਹ ਚੀਜਾਂ ਕਿਤੇ ਦੂਰ ਰਹਿਣ ਲਗਦੀਆਂ ਹਨ, ਪਰ ਮੌਕਾ ਮਿਲਦੇ ਹੀ ਇਨ੍ਹਾਂ ਨੂੰ ਦੁਬਾਰਾ ਜੀਵਨ ਦੇ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਕ ਅਜਿਹਾ ਹੀ ਮੌਕਾ ‘ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ’ ਨੇ ਇਥੇ ਵਸਦੀਆਂ ਭਾਰਤੀ ਮਹਿਲਾਵਾਂ ਦੇ ਲਈ ਉਸ ਵੇਲੇ ਪੈਦਾ ਕੀਤਾ ਜਦੋਂ ਉਨ੍ਹਾਂ ਸਭਿਆਚਾਰ ਦੀ ਨਿਸ਼ਾਨੀ ‘ਫੁੱਲਕਾਰੀ’ ਦੇ ਨਾਂਅ ਉਤੇ ਪਹਿਲੀ ਵਾਰ ਬਿਨਾਂ ਦਾਖਲਾ ਫੀਸ ‘ਫੁੱਲਕਾਰੀ ਲੇਡੀਜ਼ ਨਾਈਟ’ ਬੀਤੇ ਕੱਲ੍ਹ ਸਫਲਤਾ ਪੂਰਵਕ ਕਰਵਾ ਦਿੱਤੀ। ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ, ਜਿੱਥੇ ਵੱਡੇ-ਵੱਡੇ ਕਲਾਕਾਰ ਪਹੁੰਚਦੇ ਹਨ ਦੇ ਵਿਚ ਇਹ ਮਹਿਲਾ ਮੇਲਾ ਕਰਵਾਇਆ ਗਿਆ। ਇਸਦੀ ਸ਼ੁਰੂਆਤ ਸੈਂਡੀ ਧਾਲੀਵਾਲ ਨੇ ਸਵਾਗਤੀ ਸ਼ਬਦਾਂ ਨਾਲ ਕੀਤੀ। ਬਲਜੀਤ ਔਲਖ ਨੇ ਸਪਾਂਸਰ ਦਾ ਧੰਨਵਾਦ ਲਗਦੇ ਹੱਥ ਕਰ ਦਿੱਤਾ। ਸਟੇਜ ਸੰਚਾਲਨ ਦੇ ਲਈ ਹਰਜੀਤ ਅਤੇ ਲਵਲੀਨ ਫਿਰ ਬੋਲੀਆਂ ਅਤੇ ਟੋਟਕਿਆਂ ਨਾਲ ਅੱਗੇ ਆ ਗਈਆਂ। ਸਟੇਜ ਉਤੇ ਧਮਾਲ ਪਾਉਣ ਲਈ ਫਿਰ ਗਿੱਧੇ ਅਤੇ ਭੰਗੜੇ ਦੀਆਂ ਟੀਮਾਂ ਆਉਣੀਆਂ ਸ਼ੁਰੂ ਹੋਈਆਂ ਜਿਸ ਦੇ ਵਿਚ ‘ਪੰਜਾਬੀ ਕਲਚਰਲ ਐਸੋਸੀਏਸ਼’,‘ਹੈਰੀਟੇਜਰਜ਼ ਅਕੈਡਮੀਠ ‘ਵੋਮੈਨ ਕੇਅਰ ਟ੍ਰਸਟ’ ਤੇ ‘ਸਾਂਝ ਸਪੋਰਟਸ ਐਂਡ ਕਲਚਰਲ ਕਲੱਬ’ ਦੀਆਂ ਟੀਮਾਂ ਸ਼ਾਮਿਲ ਰਹੀਆਂ। ਪ੍ਰੋਗਰਾਮ ਨੂੰ ਰੌਚਿਕ ਕਰਨ ਦੇ ਲਈ ਮਾਝਾ, ਮਾਲਵਾ ਤੇ ਦੁਆਬਾ ਗੇੜ ਵਿਚ ਪੁੱਛੀਆਂ ਬੁਝਾਰਤਾਂ ਨੇ ਵੀ ਖੂਬ ਮਾਹੌਲ ਸਿਰਜਿਆ। ‘ਟੰਗ ਟਵਿਸਟਰ’ (ਜ਼ੁਬਾਨ ਨਾਲ ਸ਼ਬਦਾਂ ਨੂੰ ਗੇੜਾ’ ਕਰਵਾਇਆ ਗਿਆ ਜਿਸ ਨਾਲ ਪੂਰਾ ਹਾਸਾ-ਠੱਠਾ ਬਿਖਰਿਆ। ਪਰਮਵੀਰ ਗਿੱਲ ਅਤੇ ਸਿਮੂ ਬੱਲ ਨੇ ਹਾਸਰਸ ਸਕਿੱਟ ਪੇਸ਼ ਕਰਕੇ ਢਿੱਡੀਂ ਪੀੜਾਂ ਪਾਈਆਂ। ਸੁਰਿੰਦਰ ਗਰਚਾ ਹੋਰਾਂ ਸੋਲੋ ਪਰਫਾਰਮੈਂਸ ਰਾਹੀਂ ਮਨੋਰੰਜਨ ਕੀਤਾ।

ਅਖੀਰ ਵਿਚ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਟੀਮ ਨੇ ਭੰਗੜੇ ਅਤੇ ਗਿੱਧੇ ਰਾਹੀਂ ਪੂਰੇ ਪੰਡਾਲ ਦੇ ਵਿਚ ਸੰਗੀਤਕ ਸੁਰਾਂ ਦੇ ਨਾਲ ਸ਼ਕਤੀ ਭਰ ਦਿੱਤੀ ਅਤੇ ਸਾਰੀਆਂ ਮਹਿਲਾਵਾ ਖੁੱਲ੍ਹੇ ਅਖਾੜੇ ਲਈ ਤਿਆਰ ਹੋ ਗਈਆਂ ਅਤੇ ਨੱਚਣ ਲਈ ਮਜ਼ਬੂਰ ਹੋ ਗਈਆਂ। ਡੀ. ਜੇ. ਦੀ ਧਮਕ ਉਤੇ ਉਤੇ ਮਾਵਾਂ, ਸੱਸਾਂ, ਬਹੂਆਂ ਤੇ ਧੀਆਂ ਨੇ ਵੱਖ-ਵੱਖ ਲੋਕ ਗੀਤਾਂ ਅਤੇ ਬੋਲੀਆਂ ਉਤੇ ਖੁੱਲ੍ਹੇ ਪੰਡਾਲ ਦੇ ਵਿਚ ਖੂਬ ਰੌਣਕ ਲਾਈ। ਖਾਣ-ਪੀਣ ਦੇ ਲਈ ਅਤੇ ਹਾਰ ਸ਼ਿੰਗਾਰ ਦੇ ਲਈ ਸਟਾਲ ਵੀ ਖਿੱਚ ਦਾ ਕੇਂਦਰ ਰਹੇ।
ਸਪਾਂਸਰਜ਼ ਨੂੰ, ਐਂਕਰਜ਼ ਨੂੰ, ਆਸ਼ਤੀ ਖੋਜਾਸ ਬਲਜੀਤ ਔਲਖ, ਸੁਮਨਪ੍ਰੀਤ ਅਤੇ ਐਂਜੋਲੀਨ ਆਰਮਸਟਰਾਂਗ ਨੂੰ ਸੁੰਦਰ ਫੁੱਲਕਾਰੀਆਂ ਅਤੇ ਟ੍ਰਾਫੀਆਂ ਦਿੱਤੀਆਂ ਗਈਆਂ। ਮਾਲਵਾ ਕਲੱਬ ਦੇ ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਨੇ ਤਾਨੀਆ ਗਿੱਲ ਨੂੰ ਗਿਫਟ ਹੈਂਪਰ ਜਿੱਤਣ ਉਤੇ ਵਧਾਈ ਦਿੱਤੀ ਅਤੇ ਗਿਫਟ ਭੇਟ ਕੀਤਾ। ਬਲਜੀਤ ਕੌਰ ਵੜੈਚ ਨੇ ਆਈਆਂ ਸਾਰੀਆਂ ਦਰਸ਼ਕ ਮਹਿਲਾਵਾਂ ਦਾ, ਭਾਗ ਲੈਣ ਵਾਲੀਆਂ ਟੀਮਾਂ ਦਾ, ਸਪਾਂਸਰਜ਼ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਹ ਵੀ ਐਲਾਨ ਕੀਤਾ ਗਿਆ ਕਿ ਅਗਲੇ ਸਾਲ ‘ਫੁੱਲਕਾਰੀ ਲੇਡੀਜ਼ ਨਾਈਟ-2023’ ਦਾ ਪ੍ਰੋਗਰਾਮ 5 ਅਗਸਤ ਨੂੰ ਆਯੋਜਿਤ ਕੀਤਾ ਜਾਵੇਗਾ।