ਨਿਊਜ਼ੀਲੈਂਡ ਪੁਲਿਸ ਦੇ ਵਿਚ 78 ਨਵੇਂ ਭਰਤੇ ਹੋਏ ਸਿਪਾਹੀਆਂ ਦੀ ਗ੍ਰੈਜੁਏਸ਼ਨ ਅੱਜ

NZ PIC 24 Sep-1lr

ਨਿਊਜ਼ੀਲੈਂਡ ਪੁਲਿਸ ਦੇ ਵਿਚ ਅੱਜ 78 ਨਵੇਂ ਪੁਲਿਸ ਕਾਂਸਟੇਬਲਾਂ (ਸਿਪਾਹੀਆਂ) ਦੀ ਆਮਦ ਹੋ ਰਹੀ ਹੈ। ਇਸ ਸਬੰਧੀ ‘ਦਾ ਰਾਇਲ ਨਿਊਜ਼ੀਲੈਂਡ ਪੁਲਿਸ ਕਾਲਜ’ ਵੱਲੋਂ ‘ਵਿੰਗ 286’ ਦੀ ਗ੍ਰੈਜੂਏਸ਼ਨ ਅੱਜ ਵਲਿੰਗਟਨ ਵਿਖੇ ਬਾਅਜ ਦੁਪਹਿਰ 2 ਵਜੇ ਕੀਤੀ ਜਾ ਰਹੀ ਹੈ। ਇਹ ਨਵੇਂ ਸਿਪਾਹੀ ਜਿੱਥੇ ਪੂਰੇ ਵਿਸ਼ਵ ਦੇ ਵੱਖਰੇ-ਵੱਖਰੇ ਕੋਨਿਆਂ ਜਿਵੇਂ ਭਾਰਤ, ਆਸਟਰੇਲੀਆ, ਸਾਊਥ ਅਫਰੀਕਾ, ਸਕਾਟਲੈਂਡ, ਇੰਗਲੈਂਡ, ਕੀਨੀਆ ਅਤੇ ਰੋਮਾਨੀਆ ਆਏ ਹਨ ਉਥੇ ਇਹ ਨਿਊਜ਼ੀਲੈਂਡ ਦੇ ਵੱਖ-ਵੱਖ ਖੇਤਰਾਂ ਵਿਚ ਆਪਣੀਆਂ ਸੇਵਾਵਾਂ ਦੇਣਗੇ। ਪੁਲਿਸ ਮਹਿਕਮੇ ਨੂੰ ਆਪਣੇ ਨਵੇਂ ਕਿੱਤੇ ਦੇ ਰੂਪ ਵਿਚ ਚੁਣਨ ਵਾਲਿਆਂ ਇਨ੍ਹਾਂ ਨਵੇਂ ਸਾਰੇ ਨੌਜਵਾਨਾਂ ਦੀ ਮਾਹਿਰਤਾ ਵੇਖੀ ਜਾਵੇ ਤਾਂ ਪਤਾ ਲਗਦਾ ਹੈ ਕਿ ਕੋਈ ਨਰਸਿੰਗ, ਡ੍ਰਾਈਵਰ, ਵੈਲਡਰ, ਪਲੰਬਰ, ਗੈਸਫਿਟਰ, ਡ੍ਰੇਨਲੇਅਰ, ਕੰਪਿਊਟਰ, ਕੁੱਕਰੀ, ਕੈਮਿਸਟਰੀ, ਫਿੱਟਨੈਸ ਅਤੇ ਸਭਿਆਚਰਕ ਦੇ ਖੇਤਰ ਵਿਚ ਕੰਮ ਕਰ ਰਿਹਾ ਸੀ। ਇਨ੍ਹਾਂ ਨਵੇਂ ਪੁਲਿਸ ਅਫਸਰਾਂ ਦੇ ਵਿਚ ਤਿੰਨ ਭਾਰਤੀ ਨੌਜਵਾਨ ਜਸਕਰਨ ਸਿੰਘ, ਕਰਮਜੀਤ ਸਿੰਘ ਅਤੇ ਸ਼ੰਭੂ ਮੰਗਾਲਾ ਸ੍ਰੀਕੁਮਾਰ ਸ਼ਾਮਿਲ ਹਨ। ਦੋ ਪੰਜਾਬੀ ਮੁੰਡਿਆਂ ਵਿਚ ਕਰਮਜੀਤ ਸਿੰਘ ਦਸਤਾਰਧਾਰੀ  ਨੌਜਵਾਨ ਹੈ ਜੋ ਕਿ ਪੁਲਿਸ ਦੀ ਨੀਲੀ ਵਰਦੀ ਦੇ ਵਿਚ ਪੱਗ ਦੇ ਨਾਲ ਨਜ਼ਰ ਆਏਗਾ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੋ ਹੋਰ ਦਸਤਾਰਧਾਰੀ ਨੌਜਵਾਨਾਂ ਦੀ ਵੀ ਨਿਊਜ਼ੀਲੈਂਡ ਪੁਲਿਸ ਦੇ ਵਿਚ ਭਰਤੀ ਪ੍ਰਕ੍ਰਿਆ ਪੂਰੀ ਹੋ ਗਈ ਹੈ ਅਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿਚ ਇਹ ਦੋਵੇਂ ਨੌਜਵਾਨ ਵੀ ਨਿਊਜ਼ੀਲੈਂਡ ਪੁਲਿਸ ਦੀ ਗ੍ਰੈਜੂਏਸ਼ਨ ਪਾਸ ਕਰ ਲੈਣਗੇ। ਇਸ ਤੋਂ ਪਹਿਲਾਂ ਵੀ ਨਿਊਜ਼ੀਲੈਂਡ ਪੁਲਿਸ ਦੇ ਵਿਚ ਦੋ ਦਰਜਨ ਤੋਂ ਵੱਧ ਪੁਲਿਸ ਅਫਸਰ ਕੰਮ ਕਰ ਰਹੇ ਹਨ।