ਆਟੇ ਦਾ ਪਟਾਕਾ -ਨਿਊਜ਼ੀਲੈਂਡ ’ਚ ਕਣਕ ਦੇ ਆਟੇ ਦੀ ਕਿੱਲਤ ਕਾਰਨ ਲੋਕਾਂ ਨੂੰ ਭਵਿੱਖ ਦਾ ਪਿਆ ਫਿਕਰ: ਵਧੀ ਸ਼ਾਪਿੰਗ

ਔਕਲੈਂਡ, 23  ਜਨਵਰੀ, 2023: (10 ਮਾਘ, ਨਾਨਕਸ਼ਾਹੀ ਸੰਮਤ 554):-ਮਈ-ਜੂਨ ਮਹੀਨੇ ਤੋਂ ਭਾਰਤ ਤੋਂ ਬਾਹਰ ਆਟਾ ਭੇਜਣ ਵਾਸਤੇ ਜਾਂ ਕਹਿ ਲਈਏ ਨਿਰਯਾਤ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾ ਦਿੱਤੀਆਂ ਗਈਆਂ ਸਨ ਤਾਂ ਕਿ ਭਾਰਤ ਦੇ ਵਿਚ ਆਟੇ ਦੀ ਕਿਲਤ ਨੂੰ ਪੂਰਾ ਕੀਤਾ ਜਾ ਸਕੇ। ਕੈਬਨਿਟ ਦੇ ਇਸ ਫੈਸਲੇ ਦੇ ਤੁਰੰਤ ਬਾਅਦ ਨਿਰਯਾਤ ਦੇ ਆਰਡਰਾਂ ਦੇ ਵਿਚ ਜਬਰਦਸਤ ਉਛਾਲ ਆ ਗਿਆ ਜੋ ਕਿ ਦੁੱਗਣਾ ਹੋ ਗਿਆ। ਕਰੋਨਾ ਸ਼ਰਤਾਂ ਦੇ ਚਲਦਿਆਂ ਪ੍ਰੇਸ਼ਾਨੀਆਂ ਹੋਰ ਜੁੜਦੀਆਂ ਗਈਆਂ ਅਤੇ ਆਟਾ ਹੌਲੀ-ਹੌਲੀ ਕਰਕੇ ਬਾਹਰਲੇ ਦੇਸ਼ਾਂ ਦੇ ਵਿਚ ਘਟਣ ਲੱਗਾ। ਅੱਜਕੱਲ੍ਹ ਨਿਊਜ਼ੀਲੈਂਡ ਦੇ ਹਾਲਾਤ ਇਹ ਹਨ ਕਿ ਇਥੇ ਕਈ ਭਾਰਤੀ ਸਟੋਰਾਂ ਉਤੇ ਆਟੇ ਦੇ 20 ਕਿਲੋ ਵਾਲੇ ਬੈਗ ਦੇਖਣ ਨੂੰ ਨਹੀਂ ਮਿਲਦੇ। ਕਈ ਦੁਕਾਨਾਂ ਉਤੇ ਆਟਾ ਬਿਲਕੁਲ ਹੀ ਨਹੀਂ ਹੈ। ਇਕ ਗਾਹਕ ਤਾਂ ਕੱਲ੍ਹ ਕਣਕ ਦੀ ਥਾਂ ਮੱਕੀ ਦਾ ਆਟਾ ਹੀ ਜਿਆਦਾ ਲੈ ਆਇਆ ਕਿ ਘੱਟੋ-ਘੱਟ ਰੋਟੀ ਤਾਂ ਬਣਦੀ ਰਹੂ। ਕੁਝ ਦੁਕਾਨਾਂ ਉਤੇ ਜਰੂਰ ਕਣਕ ਦਾ ਆਟਾ ਉਪਲਬਧ ਹੈ ਪਰ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ। ਸ. ਤੀਰਥ ਸਿੰਘ ਅਟਵਾਲ ਹੋਰਾਂ ਦੇ ਇੰਡੋ ਸਪਾਈਸ ਵਰਲਡ ਉਤੇ ਆਟਾ ਅਜੇ ਉਪਲਬਧ ਹੈ, ਪਰ ਕਈ ਲੋਕ ਇਕ ਦੀ ਥਾਂ 4-4 ਬੈਗ ਚੁੱਕ ਰਹੇ ਹਨ, ਜਿਸ ਕਰਕੇ ਸਟਾਕ ਛੇਤੀਂ ਜਾ ਰਿਹਾ ਹੈ। ਪਰ ਉਨ੍ਹਾਂ ਕਿਹਾ ਕਿ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਉਨ੍ਹਾਂ ਨੇ ਇਸਦਾ ਪ੍ਰਬੰਧ ਕਰ ਲਿਆ ਹੈ ਅਤੇ ਜਲਦੀ ਹੀ ਗੁਆਂਢੀ ਮੁਲਕ ਤੋਂ ਆਟਾ ਪਹੁੰਚ ਰਿਹਾ ਹੈ।  ਇਕ ਹੋਰ ਕੰਪਨੀ ਜੋ ਕਿ ਫ੍ਰੈਸ਼ ਚੱਕੀ ਆਟਾ ਕਹਿ ਕੇ ਵੇਚਦੀ ਹੈ, 5 ਕਿਲੋ ਦੀ ਕੀਮਤ 13 ਡਾਲਰ ਵੈਬਸਾਈਟ ਉਤੇ ਵਿਖਾ ਰਹੀ ਹੈ, ਪਰ ਸੋਲਡ ਆਊਟ ਵੀ ਨਾਲ ਹੀ ਲਿਖਿਆ ਗਿਆ ਹੈ, ਜੋ ਕਿ ਚਿੜਾਉਂਦਾ ਹੈ।  ਕਾਊਂਟਡਾਊਨ ਦੇ ਵਿਚ 5 ਕਿਲੋ ਪਲੇਨ ਆਟਾ 8 ਡਾਲਰ ਦਾ ਮਿਲ ਰਿਹਾ ਹੈ। ਨਿਊ ਵਰਲਡ ਦੇ ਵਿਚ 1.5 ਕਿਲੋ ਦੀ ਪੈਕਿੰਗ 2.49 ਡਾਲਰ ਦੀ ਹੈ। ਲਗਦਾ ਲੋਕਾਂ ਨੇ ਜਲਦੀ ਹੀ ਗੋਰਿਆਂ ਵਾਲੇ ਆਟੇ ਨੂੰ ਜੋ ਕਿ ਕੁਕੀਜ਼ ਆਦਿ ਲਈ ਵਰਤਦੇ ਹਨ, ਭਾਰਤੀ ਰਸੋਈ ਦੇ ਵਿਚ ਪ੍ਰਵੇਸ਼ ਕਰਵਾ ਕੇ, ਪਾਣੀ-ਪਾ ਪਾ ਗੁੰਨ੍ਹਣਾ ਅਤੇ ਗੋਰੀਆਂ-ਗੋਰੀਆਂ ਰੋਟੀਆਂ ਤੜਕੇ ਵਾਲੀਆਂ ਸਬਜ਼ੀਆਂ ਨਾਲ ਛਕਣੀਆਂ ਸ਼ੁਰੂ ਕਰ ਦੇਣੀਆਂ।
ਭਾਰਤ ਦੀਆਂ ਖਬਰਾਂ ਵੇਖੀਏ ਤਾਂ ਅਕਤੂਬਰ 2022 ਦੇ ਵਿਚ ਭਾਰਤ ਸਰਕਾਰ ਨੇ ਨਿਰਯਾਤ ਕੰਪਨੀਆਂ ਨੂੰ ਕਹਿ ਦਿੱਤਾ ਸੀ ਕਿ ਜੇਕਰ ਕੰਪਨੀਆਂ ਵਿਦੇਸ਼ੀ ਕਣਕ ਤੋਂ ਆਟਾ ਬਣਾ ਕੇ ਬਾਹਰ ਭੇਜਦੀਆਂ ਹਨ, ਤਾਂ ਉਨ੍ਹਾਂ ਨੂੰ ਇਸਦੀ ਆਗਿਆ ਹੋਵੇਗੀ। ਸ਼ਰਤ ਇਹ ਹੋਵੇਗੀ ਕਿ ਉਹ ਆਟਾ ਬਾਹਰ ਹੀ ਜਾਵੇਗਾ। ਪਾਕਿਸਤਾਨ ਦੇ ਵਿਚ ਵੀ ਆਟੇ ਦੇ ਘਾਟੇ ਦੀਆਂ ਖਬਰਾਂ ਹਨ। ਲਗਦਾ ਹੈ ਕਿ ਆਟੇ ਦਾ ਪਟਾਕਾ ਸਾਰੇ ਪਾਸੇ ਹੀ ਪਿਆ ਹੋਇਆ ਹੈ।