‘ਪੰਜਾਬੀ ਵਿਰਸਾ-2022’ 24 ਸਤੰਬਰ ਨੂੰ

ਬੱਚਿਆਂ, ਜਵਾਨਾ ਤੇ ਬਜ਼ੁਰਗਾਂ ਵਾਸਤੇ ਇਕ ਸ਼ੋਅ -ਜਿਸ ਵਿਚ ਹੁੰਦਾ ਹੈ ਵਿਰਸਾ, ਵਿਰਾਸਤ, ਸਭਿਆਚਾਰ, ਪੇਂਡੂ ਤੇ ਸ਼ਹਿਰੀ ਜੀਵਨ

(ਔਕਲੈਂਡ): ਦੁਨੀਆ ਦਾਰੀ ਦੇ ਵਿਚ ਵਿਚਰਦਿਆਂ ਪੰਜਾਬੀ ਲੋਕ ਪ੍ਰਵਾਸੀ ਬਣ ਆਪਣੇ ਵਤਨਾਂ ਤੋਂ ਭਾਵੇਂ ਕੋਹਾਂ ਦੂਰ ਬੈਠੇ ਹਨ, ਪਰ ਆਪਣੇ ਪਿੰਡਾਂ ਦੀਆਂ ਜੜ੍ਹਾਂ ਅਤੇ ਤਿੜ੍ਹਾਂ ਸੰਗ ਰੇਸ਼ਮੀ ਡੋਰ ਨਾਲ ਹਮੇਸ਼ਾਂ ਜੁੜੇ ਰਹਿੰਦੇ ਹਨ। ਵਿਰਸੇ, ਵਿਰਾਸਤ, ਸਭਿਆਚਾਰ ਅਤੇ ਪੇਂਡੂ ਤੇ ਸ਼ਹਿਰੀ ਜੀਵਨ ਦੀ ਗੱਲਬਾਤ ਵਿਚ ਜੋ ਸੁਆਦ ਆਉਂਦਾ ਹੈ, ਉਹ ਉਦੋਂ ਦੁੱਗਣਾ ਹੋ ਜਾਂਦਾ ਹੈ, ਜਦੋਂ ਅਜਿਹੇ ਵਿਰਸੇ ਤੇ ਸਭਿਆਚਾਰ ਨੂੰ ਕੋਈ ਸੰਗੀਤਬੱਧ ਕਰਕੇ ਸਾਹਮਣੇ ਖੜ੍ਹਕੇ ਇੰਝ ਗਾ ਕੇ ਸੁਣਾ ਜਾਵੇ ਜਿਵੇਂ ਪਿੰਡ ਵਿਚ ਰੇੜ੍ਹੀਆਂ ਦੀ ਸਟੇਜ ਬਣਾ ਕੇ ਲੱਗਿਆ ਹੋਇਆ ਕੋਈ ਅਖਾੜਾ ਹੋਵੇ।  ਇਹ ਮਾਹੌਲ ਬਹੁਤੇ ਪੰਜਾਬੀਆਂ ਨੇ ਵੇਖਿਆ ਹੋਇਆ ਹੈ ਅਤੇ ਅੱਜਕਲ੍ਹ ਫਿਲਮਾਂ ਵਿਚ ਵੇਖਣ ਨੂੰ ਮਿਲਦਾ ਹੈ। ਅਜਿਹੇ ਪੰਜਾਬੀ ਵਿਰਸੇ ਨੂੰ ਸਾਲਾਂ ਤੋਂ ਰੂਪਾਂਤਰ ਕਰਦੀ ਪ੍ਰਸਿੱਧ ਗਾਇਕ ਤਿੱਕੜੀ ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲਹੀਰ ਕਿਸੀ ਜਾਣ ਪਹਿਚਾਣ ਦੇ ਮੁਹਤਾਜ਼ ਨਹੀਂ। ਵਾਰਿਸ ਭਰਾਵਾਂ ਦੀ ਇਹ ਤਿੱਕੜੀ ਸਾਜਿੰਦਆਂ ਦੇ ਸੰਗ ਨਿਊਜ਼ੀਲੈਂਡ ਦੇ ਵਿਚ ਚਾਰ ਸ਼ੋਅ ਕਰਨ ਆ ਰਹੀ ਹਨ। ਜਿਸ ਵਿਚ 22 ਨੂੰ ਕ੍ਰਾਈਸਟਚਰਚ, 23 ਨੂੰ ਟੌਰੰਗਾ, 24 ਨੂੰ ਔਕਲੈਂਡ ਅਤੇ 25 ਨੂੰ ਵਲਿੰਗਟਨ ਹੈ।
24 ਸਤੰਬਰ ਦਿਨ ਸ਼ਨੀਵਾਰ (ਇਹ ਦਿਨ ਇਕ ਮੁਲਕ ਦਾ ਵਿਰਾਸਤੀ ਦਿਨ ਵੀ ਹੈ) ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਸ਼ਾਮ 7 ਵਜੇ ਸ਼ੁਰੂ ਹੋਣ ਵਾਲੇ ‘ਪੰਜਾਬੀ ਵਿਰਸਾ 2022’ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹਨ। ਜਿੰਨੀ ਵਾਰ ਵੀ ਮਨਮੋਹਨ ਵਾਰਿਸ ਹੋਰਾਂ ਦਾ ਸੰਗੀਤਕ ਗਰੁੱਪ ਇਥੇ ਆਇਆ ਹੈ, ਉਦੋਂ-ਉਦੋਂ ਉਨ੍ਹਾਂ ਕਈ ਨਵੇਂ ਗੀਤ ਵੀ ਨਿਊਜ਼ੀਲੈਂਡ ਸਰੋਤਿਆਂ ਦੀ ਝੋਲੀ ਪਾਏ ਹਨ। ਇਸ ਵਾਰ ਵੀ ਉਹ ਨਵੇਂ-ਪੁਰਾਣੇ ਗੀਤਾਂ ਦੇ ਗੁਲਦਸਤੇ, ਸਰੋਤਿਆਂ ਨੂੰ ਮੰਤਰ-ਮੁਗਧ ਕਰਨ ਵਾਸਤੇ ਲੈ ਕੇ ਆ ਰਹੇ ਹਨ।

Install Punjabi Akhbar App

Install
×