ਜ਼ਿੰਦਗੀ ਚੀਜ਼ ਬੇਗਾਨੀ- ਮੇਲਾ ਦੋ ਘੜੀਆਂ: ਨਿਊਜ਼ੀਲੈਂਡ ‘ਚ ‘ਵਿਸਾਖੀ ਮੇਲੇ’ ਦੌਰਾਨ ਗਾਇਕ ਸਰਬਜੀਤ ਚੀਮਾ ਅਤੇ ਰਣਜੀਤ ਰਾਣਾ ਨੇ ਲਾਈ ਗੀਤਾਂ ਦੀ ਛਹਿਬਰ

NZ PIC 11 April-1 lrਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਅੱਜ ਇਥੇ ਦੇ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ‘ਵਿਸਾਖੀ ਮੇਲਾ-2015’ ਕਰਵਾ ਕੇ ਪੰਜਾਬ ਦੇ ਤਿਉਹਾਰਾਂ ਦੀ ਯਾਦ ਤਾਜ਼ਾ ਕਰਵਾਈ। ਇਸ ਮੇਲੇ ਦੇ ਵਿਚ ਰੌਣਕਾਂ ਨੂੰ ਚਾਰ ਚੰਨ ਲਾਉਣ ਲਈ ਪੰਜਾਬ ਤੋਂ ਪ੍ਰਸਿੱਧ ਗਾਇਕ ਕੇ ਨਾਇਕ ਸਰਬਜੀਤ ਚੀਮਾ ਅਤੇ ਰਣਜੀਤ ਰਾਣਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਵਿਰਸਾ ਅਕੈਡਮੀ ਦੇ ਬੱਚੇ-ਬੱਚੀਆਂ ਨੇ ਗਿੱਧਾ, ਭੰਗੜਾ ਅਚੇ ਢੋਲ ਦੇ ਵੱਖ-ਵੱਖ ਡਗੇ ਵਜਾ ਕੇ ਇਹ ਸਾਬਿਤ ਕੀਤਾ ਕਿ ਭਾਵੇਂ ਉਹ ਨਿਊਜ਼ੀਲੈਂਡ ਜੰਮੇ ਹਨ ਪਰ ਵਿਰਸੇ ਦੀਆਂ ਜੜ੍ਹਾਂ ਪੰਜਾਬ ਤੱਕ ਪਹੁੰਚਦੀਆਂ ਹਨ। ਸਟੇਜ ਸੰਚਾਲਨ ਅਮਰੀਕ ਸਿੰਘ, ਰੀਨਾ ਸਿੰਘ, ਕਮਲਜੀਤ ਰਾਣੇਵਾਲ ਨੇ ਬਾਖੂਬੀ ਵਾਰੋ-ਵਾਰੀ ਕੀਤਾ। ਸਥਾਨਕ ਉਭਰਦੇ ਗਾਇਕਾਂ ਨੂੰ ਪੇਸ਼ ਕੀਤਾ ਗਿਆ ਜਿਸ ਦੇ ਵਿਚ ਸੱਤਾ ਵੈਰੋਵਾਲੀਆ ਅਤੇ ਭੁਪਿੰਦਰ ਬੱਬਲ ਨੇ ਮਾਹੌਲ ਨੂੰ ਮਘਨ ਲਾਇਆ। ਇਸ ਉਪਰੰਤ ਨਿਊਜ਼ੀਲੈਂਡ ਪੁਲਿਸ ਦੇ ਵਿਚ ਸਥਾਪਿਤ ਕੀਤੇ ਗਏ ਪੰਡਾਬੀ ਸਭਿਆਚਾਰਕ ਗਰੁੱਪ ਦੇ 8 ਮੈਂਬਰਾਂ ਨੇ ਸੰਗੀਤਕ ਧੁਨਾਂ ਉਤੇ ਭੰਗੜੇ ਦੇ ਵੱਖ-ਵੱਖ ਸਟੈਪ ਕਰਕੇ ਦੱਸ ਦਿੱਤਾ ਕਿ ‘ਸੇਫਰ ਕਮਿਊਨਿਟੀ’ ਦੇ ਮਾਟੋ ਨੂੰ ਕਿਵੇਂ ਅੱਗੇ ਲਿਜਾਇਆ ਜਾਣਾ ਹੈ। ਇਹ ਪਹਿਲੀ ਵਾਰ ਹੋਇਆ ਕਿ ਕਿਸੇ ਵੱਡੇ ਸਮਾਗਮ ਦੇ ਵਿਚ ਨਿਊਜ਼ੀਲੈਂਡ ਪੁਲਿਸ ਨੇ ਇਸ ਤਰ੍ਹਾਂ ਆਪਣੇ ਚਾਰ ਵੱਡੇ ਇੰਸਪੈਕਟਰਾਂ ਦੀ ਹਾਜ਼ਰੀ ਵਿਚ ਭੰਗੜਾ ਪਾਇਆ ਹੋਵੇ। ਇਸ ਗਰੁੱਪ ਦੀ ਟ੍ਰੇਨਿੰਗ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਵੱਲੋਂ ਦਿੱਤੀ ਗਈ ਜਿਸ ਨੂੰ ਤਾੜੀਆਂ ਦੀ ਗੂੰਜ ਨਾਲ ਸਲਾਹਿਆ ਗਿਆ। ਸਾਰੇ ਪੁਲਿਸ ਅਫਸਰਾਂ ਨੂੰ ਸਰਟੀਫਿਕੇਟ ਦਿੱਤੇ ਗੇ ਜਦ ਕਿ ਪੁਲਿਸ ਇੰਸਪੈਕਟਰ ਡੇਵਿਡ ਨੂੰ ਯਾਦਗਾਰੀ ਟ੍ਰਾਫੀ ਦਿੱਤੀ ਗਈ। ਪਿਛਲੇ ਮਹੀਨੇ ਜਲੰਧਰ ਵਿਖੇ ਹੋਏ ‘ਮਿਸ ਵਰਲਡ ਪੰਜਾਬਣ’ ਦੇ ਵਿਚ ‘ਮਿਸ ਐਨ. ਆਰ.ਆਈ. ਦਾ ਖਿਤਾਬ ਜਿੱਤਣ ਵਾਲੀ ਕੁੜੀ ਗਗਨਦੀਪ ਕੌਰ ਰੰਧਾਵਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਗਗਨ ਰੰਧਾਵਾ ਨੇ ਵੀ ਇਕ ਕਵਿਤਾ ਪੇਸ਼ ਕਰਕੇ ਸਰਦਾਰਾਂ ਦੀ ਧੀਅ ਹੋਣ ਦਾ ਮਾਣ ਪ੍ਰਗਟ ਕੀਤਾ ਜਿਸ ਨੂੰ ਸਾਰਿਆਂ ਨੇ ਖੂਬ ਪਸੰਦ ਕੀਤਾ। ਇਸ ਸਮਾਗਮ ਦੇ ਸਪਾਂਸਰ ਦੇਹਲ ਫੈਮਿਲੀ ਦੇ ਸੋਹਣ ਸਿੰਘ ਦੇਹਲ ਨੂੰ ਅਤੇ ਬਿੰਦੀ ਇੰਟਰਪ੍ਰਾਈਜ਼ਿ ਦੇ ਸ. ਜੁਝਾਰ ਸਿੰਘ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਗਾਇਕ ਰਣਜੀਤ ਰਾਣਾ ਜੋ ਕਿ ਪਹਿਲੀ ਵਾਰ ਇਥੇ ਆਏ ਸਨ ਨੇ ਸਭ ਤੋਂ ਪਹਿਲਾਂ ਰੱਬ ਦਾ ਨਾਂਅ ਲੈਂਦਿਆਂ ‘ਸਭ ਦੀਆਂ ਗੁੱਡੀਆਂ ਚੜ੍ਹਾਈ ਰੱਖੀ ਮਾਲਕਾਂ’, ‘ਹਰ ਪਲ’, ‘ਧੋਖਾ’ ਅਤੇ ਹੋਰ ਆਪਣੇ ਚਰਚਿਤ ਪੰਜਾਬੀ ਗੀਤ ਗਾ ਕੇ ਆਪਣੀ ਕਲਾ ਦਾ ਲੋਹਾ ਮਨਾਇਆ। ਅੰਤ ਲੋਕਾਂ ਦੀ ਉਡੀਕ ਖਤਮ ਕਰਦਿਆਂ ਗਾਇਕ ਸਰਬਜੀਤ ਚੀਮਾ ਜੋ ਕਿ ਬਹੁਤ ਹੀ ਸੋਹਣੇ ਕਾਲੇ ਰੰਗ ਦੇ ਪੰਜਾਬੀ ਸੂਟ ਵਿਚ ਤਿਆਰ ਹੋ ਕੇ ਆਏ ਨੇ ਸਟੇਜ ਉਤੇ ਪੈਰ ਧਰਿਆ। ਤਾੜੀਆਂ ਦੀ ਗੜਗੜਾਹਟ ਦੇ ਵਿਚ ਪਹਿਲਾਂ ਉਨ੍ਹਾਂ ਵਿਸਾਖੀ ਦੀ ਵਧਾਈ ਦਿੱਤੀ ਅਤੇ ਸਾਰਿਆਂ ਦਾ ਧੰਨਵਾਗ ਕੀਤਾ। ਉਨ੍ਹਾਂ ਦਰਸ਼ਕਾਂ ਨੂੰ ਆਪਣੇ ਵਤਨਾਂ ਵੱਲ ਲਿਜਾਂਦਿਆਂ ਪਹਿਲਾ ਗੀਤ ‘ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ’, ਅਤੇ ਫਿਰ ਮੇਲਾ ਦੋ ਘੜੀਆਂ-ਜ਼ਿੰਦਗੀ ਚੀਜ਼ ਬੇਗਾਨੀ, ਰੰਗਲਾ ਪੰਜਾਬ, ਰੰਗ ਰਾਰਾ ਰੀਰੀ, ਪੰਜਾਬ ਸਾਡਾ ਸੋਨੇ ਦੀ ਚਿੜੀ ਅਤੇ ਹੋਰ ਬਹੁਤ ਹੀ ਸੁੰਦਰ ਲਾਈਨਾਂ ਵਾਲੇ ਲਿਖੇ ਗੀਤ ਗਾ ਕੇ ਸਾਰੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਦਰਸ਼ਕਾਂ ਦੇ ਵਿਚ ਬੈਠੇ ਨੌਜਵਾਨ ਵੀਰਾਂ ਨੇ ਖੂਬ ਭੰਗੜਾ ਪਾਇਆ। ਅੰਤ ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਆਪਣੇ ਸਾਰੇ ਸਪਾਂਸਰਜ਼ ਦਾ ਧੰਨਵਾਦ ਕੀਤਾ ਗਿਆ।

Install Punjabi Akhbar App

Install
×