ਨਿਊਜ਼ੀਲੈਂਡ ਪਾਰਲੀਮੈਂਟ ‘ਚ ਪਹਿਲੀ ਵਾਰ ਵਿਸਾਖੀ: ਇਕ ਸਰਦਾਰ, ਦੋ ਸਰਦਾਰ ਤੇ ਫਿਰ ਸਰਦਾਰ ਹੀ ਸਰਦਾਰ

160413 basiala news NZ PIC 13 April-1 lrਅਮਰੀਕਾ, ਕੈਨੇਡਾ, ਆਸਟਰੇਲੀਆ ਵਰਗੇ ਵੱਡੇ ਦੇਸ਼ਾਂ ਤੋਂ ਬਾਅਦ ਇਕ ਨਿੱਕੇ ਜਿਹੇ ਦੇਸ਼ ਨਿਊਜ਼ੀਲੈਂਡ ਵਸਦੇ 40 ਕੁ ਹਜ਼ਾਰ ਪੱਕੇ-ਕੱਚੇ ਸਿੱਖਾਂ ਨੇ ਇਤਿਹਾਸ ਲਿਖਣ ਵਾਲੀ ਕਲਮ ‘ਚ ਕਦੀ ਸਿਆਹੀ ਨਹੀਂ ਸੁੱਕਣ ਦਿੱਤੀ। ਸਮੇਂ-ਸਮੇਂ ਇਥੇ ਦੀ ਪੁਰਾਣੀ ਅਤੇ ਨਵੀਂ ਪੀੜ੍ਹੀ ਇਤਿਹਾਸਕ ਸਤਰਾਂ ਉਕਰ ਕੇ ਆਪਣੇ ਭਾਈਚਾਰੇ ਦਾ ਨਾਂਅ ਸਰਕਾਰੇ ਦਰਬਾਰੇ ਅਤੇ ਪੂਰੀ ਦੁਨੀਆ ਦੇ ਵਿਚ ਰੌਸ਼ਨ ਕਰ ਰਹੀ ਹੈ। ਨਿਊਜ਼ੀਲੈਂਡ ਦੀ ਧਰਤੀ ਉਤੇ ਪੈਰ ਪਾਇਆਂ ਪੰਜਾਬੀਆਂ ਨੂੰ 125ਵਾਂ ਵਰ੍ਹਾ ਜਾ ਰਿਹਾ ਹੈ ਜਦ ਕਿ ਖਾਲਸਾ ਪੰਥ ਦੇ  317ਵੇਂ ਸਾਜਨਾ ਦਿਵਸ ਨੂੰ ਬੀਤੇ ਕੱਲ੍ਹ ਇਥੇ ਦੀ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਪਾਰਲੀਮੈਂਟ ਦੀ ਗੋਲ ਗੈਲਰੀ ਵਿਚ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਦੀ ਅਗਵਾਈ ਵਿਚ ਮਨਾਇਆ ਗਿਆ। ਸੱਦਾ ਪੱਤਰ ਅਨੁਸਾਰ ਪਾਰਲੀਮੈਂਟ ਅਮਲੇ ਨੇ ਭਾਵੇਂ 200 ਕੁਰਸੀਆਂ ਸਜਾ ਕੇ ਰੱਖੀਆਂ ਸਨ, ਪਰ ਪਹਿਲਾਂ ਇਕ ਸਰਦਾਰ, ਫਿਰ ਦੋ ਸਰਦਾਰ ਤੇ ਫਿਰ ਸਰਦਾਰ ਹੀ ਸਰਦਾਰ ਜਦੋਂ ਪਾਰਲੀਮੈਂਟ ਅੰਦਰ ਪਹੁੰਚ ਕੁਰਸੀਆਂ ਉਤੇ ਸਜਣੇ ਸ਼ੁਰੂ ਹੋਏ ਤਾਂ ਮਿੰਟੋ-ਮਿੰਟੀ ਸਿਨਮੇ ਦੀ ਤਰ੍ਹਾਂ ਸਾਰੀਆਂ ਕੁਰਸੀਆਂ ਮੱਲੀਆਂ ਗਈਆਂ। ਤਕਰੀਬਨ 300 ਤੋਂ ਉਪਰ ਮਹਿਮਾਨ ਲੋਕ ਗੱਡੀਆਂ ਅਤੇ ਜ਼ਹਾਜਾਂ ਰਾਹੀਂ ਪਹੁੰਚੇ। 20 ਦੇ ਕਰੀਬ ਮੈਂਬਰ ਪਾਰਲੀਮੈਂਟ ਅਤੇ ਪ੍ਰਧਾਨ ਮੰਤਰੀ ਵੀ ਚੰਦ ਮਿੰਟਾਂ ਵਾਸਤੇ ਫੋਟੋ ਸ਼ੈਸ਼ਨ ਕਰਕੇ ਇਸ ਦਿਨ ਨੂੰ ਪ੍ਰਮਾਣਮਿਕਤਾ ਦੇ ਗਏ। ਸ਼ਾਮ 6.30 ਵਜੇ ਸ਼ੁਰੂ ਹੋਏ ਇਸ ਇਤਿਹਾਸਕ ਪ੍ਰੋਗਰਾਮ ਦਾ ਆਗਾਜ਼ ਕੀਵੀ ਪੰਜਾਬੀ ਤੇ ਸੂਹੀ ਪੰਜਾਬੀ ਪੱਗ ਦੇ ਵਿਚ ਐਮ.ਸੀ. ਬਣੇ ਸ. ਨਵਤੇਜ ਸਿੰਘ ਰੰਧਾਵਾ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਗੁਰੂ ਫਤਿਹ ਬੁਲਾਈ ਗਈ ਅਤੇ ਪਾਵਰ ਪੁਆਇੰਟ ਉਤੇ ਬਣੇ ਸਲਾਈਡ ਸ਼ੋਅ ਦੇ ਨਾਲ ਇੰਗਲਿਸ਼ ਦੇ ਵਿਚ ਵਿਸਾਖੀ ਦੇ ਸਾਰੇ ਇਤਿਹਾਸਕ, ਆਰਥਿਕ ਅਤੇ ਸਭਿਆਚਾਰਕ ਪਹਿਲੂਆਂ ਨੂੰ ਲੜੀਵਾਰ ਤਰੀਕੇ ਨਾਲ ਪ੍ਰੋਅ ਕੇ ਕਲਾਕਾਰਾਂ ਦੀਆਂ ਵੰਗਨੀਆਂ ਦੇ ਵਿਚ ਮਿਸ਼ਰਤ ਕੀਤਾ ਗਿਆ।
ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਇਸ ਸਮਾਗਮ ਦੇ ਨਾਲ ਜੋੜਦਿਆਂ ਸਭ ਤੋਂ ਪਹਿਲਾਂ ਤਿੰਨ ਨਿਊਜ਼ੀਲੈਂਡ ਜਨਮੇ ਅਤੇ ਇਕ ਇੰਡੀਆ ਜਨਮੇ ਛੋਟੀ ਉਮਰ ਦੇ ਸਿੱਖ ਬੱਚਿਆਂ ਜਸਕਰਨ ਸਿੰਘ ਬੰਗਾ, ਕਰਮਜੀਤ ਸਿੰਘ, ਕਰਨਵੀਰ ਸਿੰਘ ਅਤੇ ਗੌਰਵਪ੍ਰੀਤ ਸਿੰਘ ਨੇ ‘ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ, ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ’  ਸਿਰਲੇਖ ਵਾਲੀ ਕਵਿਤਾ ਜਦੋਂ ਗਾਈ ਤਾਂ ਪੂਰਾ ਮਾਹੌਲ ਖਾਲਸਈ ਵਾਤਾਵਰਣ ਵਿਚ ਬਦਲ ਗਿਆ। ਇਸ ਤੋਂ ਤੁਰੰਤ ਬਾਅਦ ਸਿੱਖ ਮਾਰਸ਼ਲ ਆਰਟ ਜਿਸ ਦੀ ਪਹਿਲਾਂ ਆਗਿਆ ਲਈ ਗਈ ਸੀ,  ਸਿੱਖ ਨੌਜਵਾਨ ਬੱਚਿਆਂ ਜਿਨ੍ਹਾਂ ਵਿਚ ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟ ਆਕਲੈਂਡ ਤੋਂ ਹਰਮਨਜੋਤ ਸਿੰਘ ਸੰਧੂ, ਮਨਵੀਰ ਸਿੰਘ, ਪੁਨੀਤ ਸਿੰਘ ਅਤੇ ਸੋਹੇਲ ਸਿੰਘ ਸ਼ਾਮਿਲ ਸਨ, ਨੇ ਬਾਖੂਬੀ ਪੇਸ਼ ਕੀਤਾ। ਹੇਸਟਿੰਗ ਤੋਂ ਆਏ ਗਤਕਾ ਗਰੁੱਪ ਨੇ ਵੀ ਆਪਣੀ ਪੇਸ਼ਕਾਰੀ ਕੀਤੀ। ਧਾਰਮਿਕ ਗੀਤਾਂ ਦੇ ਨਾਲ ਸੰਸਦ ਦੀ ਗੈਲਰੀ ਗੂੰਜਣ ਲੱਗੀ ਸੀ। ਵੋਮੈਨ ਕੇਅਰ ਟ੍ਰਸਟ ਵੱਲੋਂ ‘ਗੋਲਡਨ ਗਰਲਜ਼’ ਗਰੁੱਪ ਦੀਆਂ ਅਧਖੜ ਅਤੇ ਅੱਲੜ ਉਮਰ ਦੀਆਂ ਬੀਬੀਆਂ ਨੇ ਗਿੱਧੇ ਦੀ ਧਮਾਲ ਪਾਈ। ਗਿੱਧਾ ਕਾਫੀ ਪਸੰਦ ਕੀਤਾ ਗਿਆ ਪਰ ਦੇ ਦੇ ਗੇੜਾ ਥੋੜਾ ਜਿਹਾ ਲੰਬਾ ਚਲ ਗਿਆ। ਅਖੀਰ ਦੇ ਵਿਚ ਕਿੱਕਲੀ ਪੇਸ਼ ਕਰਕੇ ਬੀਬੀਆਂ ਨੇ ਗਰਮੀ ਪੂੰਝੀ ਤੇ ਡਰਿੰਕਾ ਨਾਲ ਪਿਆਸ ਬੁਝਾਈ। ਫਿਊਜ਼ਨ ਗਰੁੱਪ ਵੱਲੋਂ ਭਾਰਤੀ ਨ੍ਰਿਤ ਵੀ ਪੇਸ਼ ਕੀਤਾ ਗਿਆ ਅਤੇ ਬਾਲੀਵੁੱਡ ਗੀਤ-ਸੰਗੀਤ ਵੀ ਹੋਇਆ। ਭੰਗੜੇ ਦੀ ਆਈਟਮ ਪੇਸ਼ ਕੀਤੀ ਗਈ ਪਰ ਬੱਲੇ-ਬੱਲੇ ਤੋਂ ਕਰਵਾਉਣ ਤੋਂ ਥੋੜਾ ਜਿਹਾ ਪਿੱਛੇ ਰਹਿ ਗਿਆ। ਮਿਊਜ਼ਕ ਦਾ ਧੀਮੀ ਗਤੀ ਵਿਚ ਹੋਣਾ ਅਤੇ ਸਟੇਜ ਦਾ ਛੋਟਾ ਹੋਣਾ ਵੀ ਇਕ ਕਾਰਨ ਸੀ।
ਸਰਕਾਰੀ ਮਾਨਤਾ ਦਿੰਦਿਆ ਦੇਸ਼ ਦੇ ਬਹੁਸਭਿਆਚਾਰਕ ਮਾਮਲਿਆਂ ਅਤੇ ਕਮਿਊਨਿਟੀਆਂ ਬਾਰੇ ਮੰਤਰੀ ਸ੍ਰੀ ਪੀਸੇਟਾ ਸੈਮ ਲੋਟੂ-ਲਿੱਗਾ ਨੇ ਬੜੀ ਕੋਸ਼ਿਸ ਕਰਕੇ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਅਤੇ ਪੰਜਾਬੀਆਂ ਦੀ ਗਿਣਤੀ ਦਾ ਸੰਕੇਤ ਅਤੇ ਮਹੱਤਤਾ ਦਾ ਜ਼ਿਕਰ ਕਰਦਿਆਂ ਸੰਖੇਪ ਭਾਸ਼ਣ ਸ. ਬਖਸ਼ੀ ਜੀ ਕਾਰਗੁਜ਼ਾਰੀ ਨੂੰ ਵਧੀਆ ਤਰੀਕੇ ਨਾਲ ਮਾਨਤਾ ਦਿੱਤੀ। ਉਨ੍ਹਾਂ ਵਿਸਾਖੀ ਇਤਿਹਾਸ ਬਾਰੇ ਵੀ ਪੜ੍ਹਿਆ ਹੋਇਆ ਸੀ ਅਤੇ ਇਸ ਨੂੰ ਹਰੇਕ ਸਾਲ ਇਸੇ ਤਰ੍ਹਾਂ ਮਨਾਉਣ ਦੀ ਵੀ ਸਹਿਮਤੀ ਦਿੱਤੀ। ਇਸ ਤੋਂ ਬਾਅਦ ਪਹਿਲੇ ਭਾਰਤੀ ਸਿੱਖ ਸੰਸਦ ਮੈਂਬਰ ਸ. ਬਖਸ਼ੀ ਜੀ ਨੇ ਸਭ ਤੋਂ ਪਹਿਲਾਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਦਾ ਸਵਾਗਤ ਕੀਤਾ ਜਿਹੜੇ ਆਪਣੀ ਜਰੂਰੀ ਮੀਟਿੰਗ ਛੱਡ ਕੇ 15 ਕੁ ਮਿੰਟ ਦੇ ਲਈ ਮਿਕਸ ਐਂਡ ਮਿੰਗਲ ਦੇ ਲਈ ਪਹੁੰਚੇ ਅਤੇ ਤਸਵੀਰਾਂ ਖਿਚਵਾਈਆਂ। ਤਸਵੀਰਾਂ ਖਿਚਵਾਉਣ ਵਾਲੇ ਕੁਰਸੀਆਂ ਤੋਂ ਉਠ ਮਿੰਟੋ-ਮਿੰਟੀ ਪ੍ਰਧਾਨ ਮੰਤਰੀ ਦੁਆਲੇ ਘੇਰਾ ਪਾ ਗਏ। ਇਸ ਤੋਂ ਬਾਅਦ ਸ. ਬਖਸ਼ੀ ਨੇ ਏਥਨਕ ਮੰਤਰੀ ਸਾਹਿਬ ਅਤੇ ਆਏ ਹੋਰ 20 ਦੇ ਕਰੀਬ ਸੰਸਦ ਮੈਂਬਰਾਂ ਅਤੇ ਮੰਤਰੀ ਸਾਹਿਬਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣਾ ਭਾਸ਼ਣ ਪੰਜਾਬੀ ਦੇ ਵਿਚ ਤਬਦੀਲ ਕਰਦਿਆਂ ਸਾਰਿਆਂ ਨੂੰ ਫਤਿਬ ਬੁਲਾਈ ਦੂਰੋਂ ਨੇੜਿਓ ਆਏ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ। ਲਗਪਗ ਪੌਣੇ ਦੋ ਘੰਟੇ ਚੱਲੇ ਇਸ ਵਿਸਾਖੀ ਸਮਾਗਮ ਦੇ ਵਿਚ ਇੰਝ ਜਾਪ ਰਿਹਾ ਸੀ ਜਿਵੇਂ ਸਿੱਖ ਭਾਈਚਾਰੇ ਦੇ ਲੋਕ ਆਪਣੇ ਹੀ ਦੇਸ਼ ਦੇ ਵਿਚ ਇਹ ਇਤਿਹਾਸਕ ਦਿਵਸ ਪੂਰੀ ਆਜ਼ਾਦੀ ਦੇ ਨਾਲ ਮਨਾ ਰਹੇ ਹੋਣ। ਸਾਰਿਆਂ ਦੇ ਚਿਹਰਿਆਂ ਦੇ ਉਤੇ ਤਾਂ ਪੂਰੀ ਖੁਸ਼ੀ ਨਜ਼ਰ ਆ ਰਹੀ ਸੀ, ਪਰ ਕਈਆਂ ਦੇ ਹਾਵ-ਭਾਵ ਥੋੜੇ ਬਿਖਰੇ ਹੋਏ ਵੀ ਨਜ਼ਰ ਆ ਰਹੇ ਸਨ।
ਆਕਲੈਂਡ ਤੋਂ ਵਿਸ਼ੇਸ਼ ਤੌਰ ‘ਤੇ  ਸ. ਖੜਗ ਸਿੰਘ, ਸ. ਜਗਜੀਤ ਸਿੰਘ ਕੰਗ, ਭਾਈ ਸਰਵਣ ਸਿੰਘ, ਸ. ਅਮਰਿੰਦਰ ਸਿੰਘ ਸੰਧੂ, ਸ. ਪਰਵਿੰਦਰ ਸਿੰਘ ਸੰਧੂ, ਸ. ਲਖਵੀਰ ਸਿੰਘ ਢੀਂਡਸਾ, ਸ. ਬਿਕਰਮਜੀਤ ਸਿੰਘ ਮਟਰਾਂ, ਜੁਗਰਾਜ ਮਾਨ, ਨਰਿੰਦਰ ਸਿੰਗਲਾ, ਨਵਤੇਜ ਰੰਧਾਵਾ, ਹਰਜਿੰਦਰ ਬਸਿਆਲਾ (ਪੰਜਾਬੀ ਜਾਗਰਣ) ਹਰਪਾਲ ਸਿੰਘ ਪਾਲ, ਗੁਰਦੀਪ ਸਿੰਘ, ਹਰਦੀਪ ਸਿੰਘ ਨੀਟੂ, ਬੌਬੀ ਸਪਰਾ, ਮਨਜੀਤ ਸਿੰਘ ਚਾਵਲਾ, ਸ. ਲਖਵਿੰਦਰ ਸਿੰਘ ਨੰਦਾ, ਸ. ਜਸਮੀਤ ਸਿੰਘ ਬਾਜਵਾ, ਗੁਰਪਾਲ ਸਿੰਘ ਜੰਮੂ, ਹਰਿੰਦਰ ਸਿੰਘ, ਰਮਨਦੀਪ ਸਿੰਘ, ਗਗਨਦੀਪ ਸਿੰਘ, ਸ. ਕੁਲਦੀਪ ਸਿੰਘ ਅਰੋੜਾ, ਸਤਿੰਦਰ ਸਿੰਘ ਚੌਹਾਨ, ਵੋਮੈਨ ਕੇਅਰ ਟ੍ਰਸਟ ਤੋਂ ਮੈਡਮ ਬਲਜੀਤ ਕੌਰ, ਸ. ਹਰਜੀਤ ਸਿੰਘ, ਸ੍ਰੀਮਤੀ ਕੈਲ ਕੌਰ,  ਹਰਸ਼ਦ ਪਟੇਲ, ਭਵਦੀਪ ਸਿੰਘ ਢਿੱਲੋਂ, ਬ੍ਰਿਜੇਸ਼ ਸੇਠੀ, ਰਾਜੀਵ ਬਾਜਵਾ ਸਾਊਥ ਵਾਇਕਾਟੋ, ਟੌਰੰਗਾ ਤੋਂ ਸ. ਪੂਰਨ ਸਿੰਘ ਬੰਗਾ, ਭਾਈ ਮਲਕੀਤ ਸਿੰਘ ਸੁੱਜੋਂ, ਦਲਜੀਤ ਸਿੰਘ ਸੋਨੀ, ਦਲਜੀਤ ਸਿੰਘ ਭੁੰਗਰਨੀ, ਹਮਿਲਟਨ ਤੋਂ ਸ. ਹਰਜੀਤ ਸਿੰਘ ਜੀਤਾ, ਚਰਨਜੀਤ ਸਿੰਘ ਢਿੱਲੋਂ, ਜੁਝਾਰ ਸਿੰਘ ਰੰਧਾਵਾ, ਰੁਪਿੰਦਰ ਸਿੰਘ ਵਿਰਕ, ਦਲਬੀਰ ਸਿੰਘ ਮੁੰਡੀ,ਨਿਊਜ਼ੀਲੈਂਡ ਪੁਲਿਸ ਤੋਂ ਸ੍ਰੀ ਰਾਕੇਸ਼ ਨਾਇਡੂ, ਮੰਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਅਰੋੜਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਵਲਿੰਗਟਨ ਤੋਂ ਸ. ਮਲਕੀਤ ਸਿੰਘ ਮਾਣਕ, ਸ੍ਰੀਮਤੀ ਮਾਣਕ,  ਸੁਖਪਾਲ ਸਿੰਘ ਪਹੁੰਚੇ ਸਨ। ਕ੍ਰਾਈਸਟਟਰਚ ਤੋਂ ਹਰਜੀਤ ਸਿੰਘ ਗੁਲਾਟੀ ਆਏ ਸਨ। ਦੋ ਹੋਰ ਭਾਰਤੀ ਸੰਸਦ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਪਰਮਾਰ ਤੇ ਸਾਂਸਦ ਸ੍ਰੀ ਮਹੇਸ਼ ਬਿੰਦਰਾ ਵੀ ਹਾਜ਼ਿਰ ਰਹੇ। ਭਾਰਤੀ ਹਾਈ ਕਮਿਸ਼ਨ ਤੋਂ ਕਮਿਸ਼ਨਰ ਦੀ ਹਾਜ਼ਰੀ ਲਗਵਾਉਣ ਸ੍ਰੀ ਸੰਦੀਪ ਸੂਦ ਪਹੁੰਚੇ ਹੋਏ ਸਨ। ਹੇਸਟਿੰਗਜ਼ ਤੋਂ ਸ. ਹਰਦੀਪ ਸਿੰਘ ਖਾਲਸਾ ਤੇ ਚਰਨਜੀਤ ਸਿੰਘ ਪਹੁੰਚੇ ਸਨ। ਵਾਪਸੀ ਉਤੇ ਆਕਲੈਂਡ ਪਹੁੰਚਣ ਲਈ ਲਏ ਗਏ ਜ਼ਹਾਜ ਵਿਚ ਵਿਸ਼ੇਸ਼ ਤੌਰ ‘ਤੇ ਵਿਸਾਖੀ ਦੀ ਵਧਾਈ ਸਾਰੀਆਂ ਸਵਾਰੀਆਂ ਨਾਲ ਮੈਨੇਜਰ ਵੱਲੋਂ ਸ਼ੇਅਰ ਕੀਤੀ ਗਈ।
ਸਮਾਗਮ ਦੇ ਅੰਤ ਵਿਚ ਜਿੱਥੇ ਜੈਕਾਰੇ ਗੂੰਜਾਏ ਗਏ ਉਥੇ ਨਾਵਲਟੀ ਸਵੀਟਸ ਵੱਲੋਂ ਤਿਆਰ ਬੇਸਨ ਦੇ ਲੱਡੂਆਂ ਦੇ ਡੱਬੇ ਵੀ ਸਾਰਿਆਂ ਨੂੰ ਵੰਡੇ ਗਏ। ਅੰਤ ਇਹ ਵਿਸਾਖੀ ਸਮਾਗਮ ਅਗਲੇ ਸਾਲ ਫਿਰ ਮਨਾਏ ਜਾਣ ਦੇ ਇਕਰਾਰ ਨਾਲ ਇਤਿਹਾਸ ਸਿਰਜਦਾ ਹੋਇਆ ਸਿੱਖ ਡਾਇਰੀ ਦਾ ਇਕ ਹੋਰ ਪੰਨਾ ਸ਼ਿੰਗਾਰ ਗਿਆ।

Install Punjabi Akhbar App

Install
×