ਦੁਨੀਆ ਦਾ ਸਭ ਤੋਂ ਵੱਡਾ ਕਬਰਸਤਾਨ ਜਿੱਥੇ ਦਫ਼ਨ ਨੇ 60 ਲੱਖ ਤੋਂ ਵੱਧ ਮਿ੍ਰਤਕ ਸਰੀਰ
(ਔਕਲੈਂਡ):-ਭਗਤ ਕਬੀਰ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਇਕ ਬਹੁਤ ਹੀ ਸੁੰਦਰ ਸ਼ਬਦ ਹੈ ‘‘ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥ ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥57॥ ਪੰਨਾ 1380
ਅਰਥ ਹਨ: ਹੇ ਫਰੀਦ! (ਇਹ ਜੋ ਤੇਰੇ) ਘਰ ਤੇ ਮਹਲ-ਮਾੜੀਆਂ (ਹਨ, ਇਹਨਾਂ ਦੇ) ਇਸ (ਸਿਲਸਿਲੇ) ਵਿਚ ਚਿੱਤ ਨਾਹ ਜੋੜ। (ਮਰਨ ਤੇ ਜਦੋਂ ਕਬਰ ਵਿਚ ਤੇਰੇ ਉੱਤੇ) ਅਤੋਲਵੀਂ ਮਿੱਟੀ ਪਏਗੀ ਤਦੋਂ (ਇਹਨਾਂ ਵਿਚੋਂ) ਕੋਈ ਭੀ ਸਾਥੀ ਨਹੀਂ ਬਣੇਗਾ।
ਬੱਸ ਏਦਾਂ ਹੀ ਨਿਗ੍ਹਾ ਮਾਰ ਰਿਹਾ ਸੀ ਕਿ ਜਾਣਕਾਰੀ ਦੇ ਵਿਚ ਆਇਆ ਕਿ ਦੁਨੀਆ ਦਾ ਸਭ ਤੋਂ ਵੱਡਾ ਕਬਰਸਤਾਨ ਇਸ ਵੇਲੇ ਇਰਾਕ ਦੇ ਵਿਚ ਹੈ। ਇਹ 1485.5 ਏਕੜਾਂ ਦੇ ਵਿਚ ਫੈਲਿਆ ਹੋਇਆ ਹੈ, ਮਤਬਲ ਕਿ ਜੇਕਰ 6 ਕਿਲੋਮੀਟਰ ਦਾ ਘੇਰਾ ਬਗਲ ਲਿਆ ਜਾਵੇ ਤਾਂ 6 ਵਰਗ ਕਿਲੋਮੀਟਰ ਬਣ ਜਾਂਦਾ ਹੈ। ਇਥੇ ਹੁਣ ਤੱਕ 60, ਲੱਖ ਤੋਂ ਵੱਧ ਮਿ੍ਰਤਕ ਲੋਕ ਦਫ਼ਨ ਹੋ ਚੁੱਕੇ ਹਨ ਅਤੇ ਰੋਜ਼ਾਨ 200 ਤੋਂ 250 ਦਾ ਵਾਧਾ ਹੁੰਦਾ ਹੈ।
ਦਰਅਸਲ, ਜਿਸ ਕਬਰਸਤਾਨ ਦੀ ਕਰ ਰਿਹਾ ਹਾਂ, ਇਸਦਾ ਨਾਂਅ ‘ਵਾਦੀ-ਅਲ-ਸਲਾਮ’ ਹੈ। ਇਹ ਕਬਰਸਤਾਨ ਇਰਾਕ ਦੇ ਨਜਫ ਸ਼ਹਿਰ ਵਿੱਚ ਸਥਿਤ ਹੈ। 1485 ਏਕੜ ’ਚ ਫੈਲੇ ਇਸ ਕਬਰਸਤਾਨ ਨੂੰ ‘ਸ਼ਾਂਤੀ ਦੀ ਘਾਟੀ’ (ਵੈਲੀ ਆਫ ਪੀਸ) ਦੇ ਨਾਂਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ’ਚ ਲੋਕ ਆਉਂਦੇ ਹਨ। ਮਨੁੱਖ ਦਰਅਸਲ ਸ਼ਾਂਤ ਹੀ ਉਦੋਂ ਹੁੰਦਾ ਹੈ ਜਦੋਂ ਉਸਦੇ ਅੰਦਰੋਂ ਜੀਵਨ ਜੋਤ ਬੁੱਝ ਜਾਂਦੀ ਹੈ।
ਇੱਥੇ ਸ਼ੀਆ ਇਮਾਮ ਅਤੇ ਚੌਥੇ ਖਲੀਫਾ ‘ਇਮਾਮ ਅਲੀ ਇਬਨ ਅਬੀ ਤਾਲਿਬ’ ਦੀ ਦਰਗਾਹ ਵੀ ਹੈ। ਇਸ ਕਬਰਸਤਾਨ ਦੀਆਂ ਸਾਰੀਆਂ ਕਬਰਾਂ ਪੱਥਰ ਅਤੇ ਮਿੱਟੀ ਦੀਆਂ ਹੀ ਬਣੀਆਂ ਹਨ, ਇਨ੍ਹਾਂ ਕਬਰਾਂ ਵਿੱਚ ਸੀਮਿੰਟ ਦੀ ਵਰਤੋਂ ਨਹੀਂ ਕੀਤੀ ਗਈ ਹੈ। ਵਾਦੀ-ਅਲ-ਸਲਾਮ ਕਬਰਸਤਾਨ ਬਹੁਤ ਪੁਰਾਣਾ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਲੋਕਾਂ ਨੂੰ ਦਫ਼ਨਾਉਣ ਦਾ ਕੰਮ ਪਿਛਲੇ 1400 ਸਾਲਾਂ ਤੋਂ ਚੱਲ ਰਿਹਾ ਹੈ। ਇਹ ਕਬਰਸਤਾਨ ਸ਼ੀਆ ਮੁਸਲਮਾਨਾਂ ਵਿੱਚ ਬਹੁਤ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਦੁਨੀਆ ਭਰ ਦੇ ਸ਼ੀਆ ਆਪਣੇ ਆਪ ਨੂੰ ਦਫਨਾਉਣ ਲਈ ਇਸ ਜਗ੍ਹਾ ਨੂੰ ਤਰਜੀਹ ਦਿੰਦੇ ਹਨ।
ਦੱਸਿਆ ਜਾਂਦਾ ਹੈ ਕਿ ਇਸ ਕਬਰਸਤਾਨ ਵਿੱਚ ਹਰ ਰੋਜ਼ 200 ਦੇ ਕਰੀਬ ਮ੍ਰਿਤਕਾਂ ਨੂੰ ਦਫ਼ਨਾਇਆ ਜਾਂਦਾ ਹੈ। ਇਸ ਕਬਰਸਤਾਨ ਵਿੱਚ ਇੱਕ ਮਕਬਰਾ ਵੀ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਕਈ ਜੁਝਾਰੂ ਇਸ ਮਕਬਰੇ ਵਿੱਚ ਆਉਂਦੇ ਹਨ ਅਤੇ ਸੁੱਖਣਾ ਮੰਗਦੇ ਹਨ ਕਿ ਜੇਕਰ ਉਹ ਲੜਾਈ ਵਿੱਚ ਮਰ ਜਾਣ ਤਾਂ ਉਨ੍ਹਾਂ ਨੂੰ ਇਸ ਕਬਰਸਤਾਨ ਵਿੱਚ ਦਫ਼ਨਾਇਆ ਜਾਵੇ। ਯੂਨੈਸਕੋ ਨੇ ਇਸ ਕਬਰਸਤਾਨ ਨੂੰ ‘ਵਰਲਡ ਹੈਰੀਟੇਜ’ ਵਿੱਚ ਸ਼ਾਮਿਲ ਕੀਤਾ ਹੈ। ਇਸ ਦੇ ਨਾਲ ਹੀ ਇਸ ਦੀ ਲੰਬਾਈ ਲੰਬੀ ਹੋਣ ਕਾਰਨ ਇੱਥੇ ਸੜਕਾਂ ਬਣਾਈਆਂ ਗਈਆਂ ਹਨ, ਜੋ ਕਬਰਾਂ ਦੇ ਵਿਚਕਾਰੋਂ ਹੀ ਲੰਘਦੀਆਂ ਹਨ। ਤਇੱਥੇ ਅਕਸਰ ਭੀੜ ਰਹਿੰਦੀ ਹੈ। ਕਿਸੀ ਨੇ ਠੀਕ ਹੀ ਕਿਹਾ ਹੈ ਕਿ ‘‘ਰੱਬਾ ਤੇਰੇ ਰੰਗ ਨਿਆਰੇ, ਕਿਧਰੇ ਹੋਵਣ ਸੋਹਣੇ ਮਹਿਲ ਮੁਨਾਰੇ, ਕਿੱਧਰੇ ਮਿੱਟੀ ਦੇ ਵਿਚ ਫਿਰ ਦਫ਼ਨ ਸਾਰੇ॥’’