ਸ਼ੋਕ ਸਮਾਚਾਰ: ਸਮੁੰਦਰ ਨੇ ਲਈ ਦੋ ਦੀ ਜਾਨ

ਦੋ ਗੁਜਰਾਤੀ ਵਿਅਕਤੀ ਨਿਊਜ਼ੀਲੈਂਡ ਦੇ ਪੀਹਾ ਬੀਚ ’ਤੇ ਡੁੱਬੇ-ਭਾਰਤੀ ਹਾਈ ਕਮਿਸ਼ਨ ਰਾਬਤੇ ’ਚ

(ਨਿਊਜ਼ੀਲੈਂਡ ਦੇ ਪੀਹਾ ਬੀਚ ਉਤੇ ਬਚਾਓ ਦਲ ਵਾਲੇ ਆਪਣੀ ਕੋਸ਼ਿਸ਼ ਕਰਦੇ ਹੋਏ, ਬੀਚ ਦਾ ਇਕ ਦ੍ਰਿਸ਼ ਅਤੇ ਬਚਾਓ ਦਲ ਲਈ ਬਣਿਆ ਚਬੂਤਰਾ ਜਿੱਥੇ ਵੇਖ ਕੇ ਸਾਰਾ ਦਿਨ ਨਿਗਰਾਨੀ ਰੱਖੀ ਜਾਂਦੀ ਹੈ।)

ਔਕਲੈਂਡ, 22  ਜਨਵਰੀ, 2023: (9 ਮਾਘ, ਨਾਨਕਸ਼ਾਹੀ ਸੰਮਤ 554):-ਔਕਲੈਂਡ ਸ਼ਹਿਰ ਤੋਂ ਲਗਪਗ  40 ਕਿਲੋਮੀਟਰ ਦੂਰ ਬੀਤੀ ਕੱਲ੍ਹ ਸ਼ਾਮ 6 ਕੁ ਵਜੇ ਪੱਛਮੀ ਔਕਲੈਂਡ ਦੇ ਪ੍ਰਸਿੱਧ ਪੀਹਾ ਬੀਚ (ਸਮੁੰਦਰੀ ਕੰਢੇ) ਉਤੇ ਦੋ ਵਿਅਕਤੀ ਡੁੱਬ ਕੇ ਮਰ ਗਏ। ਜੀਵਨ ਬਚਾਓ ਦਸਤੇ ਨੇ ਭਾਵੇਂ ਉਨ੍ਹਾਂ ਨੂੰ ਵਾਰੋ-ਵਾਰੀ ਬਾਹਰ ਕੱਢ ਲਿਆ ਸੀ, ਤੇ ਇਨ੍ਹਾਂ ਨੂੰ ਬਚਾਉਣ ਖਾਤਿਰ ਹੈਲੀਕਾਪਟਰ, ਐਂਬੂਲੈਂਸ ਅਤੇ ਪੁਲਿਸ ਦਸਤਾ ਵੀ ਪਹੁੰਚ ਗਿਆ ਸੀ ਤਾਂ ਕਿ ਹਸਪਤਾਲ ਅਤੇ ਜਰੂਰੀ ਪ੍ਰਬੰਧ ਹੋ ਸਕਣ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਕ ਵਿਅਕਤੀ ਨੂੰ ਪਹਿਲਾਂ ਬਚਾਓ ਦਲ ਵੱਲੋਂ ਬੋਹੇਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ ਗਿਆ ਅਤੇ ਦੂਜੇ ਨੂੰ ਜੈਟ ਸਕਾਈ ਬੋਟ ਅਤੇ ਆਈ.ਆਰ. ਬੀ. (ਇਨਫਲੇਟਬਲ ਰੈਸਕਿਊ ਬੋਟ) ਰਾਹੀਂ ਲੱਭਿਆ ਗਿਆ, ਜੋ ਕਿ ਬੇਹੋਸ਼ੀ ਦੀ ਹਾਲਤ ਵਿਚ ਸੀ।
ਇਨ੍ਹਾਂ ਦੀ ਪਛਾਣ ਗੁਜਰਾਤੀ ਮੂਲ ਦੇ ਦੋ ਵਿਅਕਤੀਆਂ ਸੁਰੇਨ ਨਾਇਨਕੁਮਾਰ ਪਟੇਲ (28) ਅਤੇ ਅੰਸ਼ਲ ਸ਼ਾਹ (31) ਵਜੋਂ ਹੋਈ ਹੈ। ਮੂਲ ਰੂਪ ਵਿਚ ਇਹ ਪੱਛਮੀ ਭਾਰਤ ਦੇ ਸ਼ਹਿਰ ਅਹਿਮਦਾਬਾਦ ਨਾਲ ਸਬੰਧਿਤ ਸਨ। ਸੁਰੇਨ ਪਟੇਲ ਪਿਛਲੇ ਸਾਲ ਅਗਸਤ ਮਹੀਨੇ ਆਇਆ ਸੀ ਅਤੇ ਇਲੈਕਟ੍ਰੀਕਲ ਇੰਜੀਨੀਅਰ ਸੀ ਜਦ ਕਿ ਅੰਸ਼ਲ ਸ਼ਾਹ ਇਕ ਗੈਸ ਸਟੇਸ਼ਨ ਉਤੇ ਕੈਸ਼ੀਅਰ ਦਾ ਕੰਮ ਕਰਦਾ ਸੀ ਤੇ ਨਵੰਬਰ ਮਹੀਨੇ ਆਇਆ ਸੀ। ਦੋਨੋਂ ਵਰਕ ਵੀਜ਼ੇ ਉਤੇ ਸਨ। ਸਮੁੰਦਰ ਦੇ ਵਿਚ ਨਹਾਉਣ ਵੇਲੇ ਇਹ ਜੀਵਨ ਬਚਾਓ ਦਸਤੇ ਦੀ ਨਿਗਰਾਨੀ ਵਾਲੇ ਖੇਤਰ ਤੋਂ ਪਰ੍ਹਾਂ ਦੱਸੇ ਜਾਂਦੇ ਹਨ। ਸ਼ਾਮ 6.02 ਵਜੇ ਐਮਰਜੈਂਸੀ ਵਾਲਿਆਂ ਨੂੰ ਬੁਲਾÇਆ ਗਿਆ ਸੀ ਅਤੇ ਇਸ ਵੇਲੇ  ਬਚਾਓ ਦਲ ਵਾਲਿਆਂ ਦੀ ਡਿਉਟੀ ਵੀ ਖਤਮ ਹੋ ਚੁੱਕੀ ਸੀ। ਪਰ ਬਚਾਓ ਦੱਲ ਨੇ ਮਦਦ ਕੀਤੀ ਅਤੇ ਸਟਾਫ 8 ਵਜੇ ਤੱਕ ਉਥੇ ਰਿਹਾ।
ਵਲਿੰਗਟਨ ਸਥਿਤ ਭਾਰਤੀ ਦੂਤਾਵਾਸ ਇਨ੍ਹਾਂ ਵਿਅਕਤੀਆਂ ਦੇ ਭਾਰਤ ਰਹਿੰਦੇ ਪਰਿਵਾਰਾਂ ਦੇ ਨਾਲ ਰਾਬਤੇ ਵਿਚ ਆ ਗਿਆ ਹੈ। ਪਰਿਵਾਰਾਂ ਦੀ ਬੇਨਤੀ ਉਤੇ ਮਿ੍ਰਤਕ ਸਰੀਰ ਵਾਪਿਸ ਇੰਡੀਆ ਭੇਜੇ ਜਾਣ ਦਾ ਪ੍ਰਬੰਧ ਕੀਤਾ ਜਾਵੇਗਾ।

Install Punjabi Akhbar App

Install
×