ਆਕਲੈਂਡ 9 ਜੁਲਾਈ – ਦੇਸ਼ ਭਾਵੇਂ ਕੋਈ ਵੀ ਹੋਵੇ ਕਾਨੂੰਨ ਦੀ ਪਾਲਣਾ ਕਰਨੀ ਹਰ ਇਕ ਦਾ ਫਰਜ਼ ਹੈ ਚਾਹੇ ਉਹ ਆਮ ਆਦਮੀ ਹੋਵੇ ਜਾਂ ਫਿਰ ਮੰਤਰੀ ਜਨ। ਨਿਊਜ਼ੀਲੈਂਡ ਦੇ ਟਰਾਂਸਪੋਰਟ ਮੰਤਰੀ ਨੂੰ ਵੀ ਇਸ ਦਾ ਪ੍ਰਤੱਖ ਪ੍ਰਮਾਣ ਉਦੋਂ ਮਿਲਿਆ ਜਦੋਂ ਉਹ ਇਕ ਫਲਾਈਟ ਦੌਰਾਨ ਜ਼ਹਾਜ਼ ਦੇ ਤੁਰਨ ਵੇਲੇ ਕੀਤੀ ਜਾ ਰਹੀ ਤਿਆਰੀ ਦੌਰਾਨ ਫੋਨ ਕਰਨ ਲੱਗ ਪਿਆ। ਉਸ ਵੇਲੇ ਜਹਾਜ਼ ਭਾਵੇਂ ਉਡਿਆ ਨਹੀਂ ਸੀ, ਪਰ ਮੋਬਾਇਲ ਬੰਦ ਕਰਨ ਦਾ ਆਦੇਸ਼ ਜਾਰੀ ਹੋ ਚੁੱਕਾ ਸੀ। ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿਚ ਜਿੱਥੇ ਦੇਸ਼ ਦੇ ਟਰਾਂਸਪੋਰਟ ਮੰਤਰੀ ਸ੍ਰੀ ਫਿਲ ਟਾਈਫੋਰਡ ਨੂੰ ਪ੍ਰਧਾਨ ਮੰਤਰੀ ਸਾਹਮਣੇ ਨੀਂਵਾਂ ਹੋਣਾ ਪਿਆ ਉਥੇ ਉਸਨੂੰ ਆਪਣੇ ਅਸਤੀਫੇ ਦੀ ਪੇਸਕਸ਼ ਤੱਕ ਕਰਨੀ ਪਈ। ਇਹ ਅਸਤੀਫਾ ਭਾਵੇਂ ਮੰਜੂਰ ਨਹੀਂ ਕੀਤਾ ਗਿਆ ਪਰ ਇਸਦਾ ਅਹੁਦਾ ਘਟਾ ਦਿੱਤਾ ਗਿਆ ਸੀ। ਹੁਣ ਇਸ ਮੰਤਰੀ ਸਾਹਿਬ ਨੂੰ 500 ਡਾਲਰ ਦਾ ਜ਼ੁਰਮਾਨਾ ਵੀ ਭਰਨਾ ਪਿਆ। ਸੋ ਇਨ੍ਹਾਂ ਮੁਲਕਾਂ ਦੇ ਵਿਚ ਕਾਨੂੰਨ ਸਭ ਲਈ ਇਕੋ ਜਿਹਾ ਵਰਤ ਜਾਂਦਾ ਹੈ ਚਾਹੇ ਉਹ ਕੋਈ ਵੱਡਾ ਵਿਅਕਤੀ ਹੋਵੇ ਜਾਂ ਆਮ ਵਿਅਕਤੀ।