ਸਮੁੰਦਰੀ ਰਾਹਾਂ ਉਪਰ, ਨਿਊਜ਼ੀਲੈਂਡ ਕਰੇਗਾ ਜ਼ਿੰਦਾ ਜਾਨਵਰਾਂ ਦਾ ਨਿਰਯਾਤ ਬੰਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊਜ਼ੀਲੈਂਡ ਦੇ ਖੇਤੀਬਾੜੀ ਮੰਤਰੀ ਡੈਮੀਅਨ ਓ ਕੋਨੋਰ ਦਾ ਕਹਿਣਾ ਹੈ ਕਿ, ਆਉਣ ਵਾਲੇ ਅਗਲੇ 2 ਸਾਲਾਂ ਦੌਰਾਨ ਨਿਊਜ਼ੀਲੈਂਡ ਸਰਕਾਰ ਨੇ ਸਮੁੰਦਰੀ ਰਸਤਿਆਂ ਤੋਂ ਹੋਣ ਵਾਲਾ ਜ਼ਿੰਦਾ ਜਾਨਵਰਾਂ ਦਾ ਨਿਰਯਾਤ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਾਨਵਰਾਂ ਪ੍ਰਤੀ ਨਿਸ਼ਠਾ ਰੱਖਣ ਵਾਲੀਆਂ ਸੰਸਥਾਵਾਂ ਅਤੇ ਆਮ ਜਨਤਾ ਵੱਲੋਂ ਵੱਧਦੇ ਦਬਾਅ ਕਾਰਨ ਅਜਿਹਾ ਫੈਸਲਾ ਲਿਆ ਗਿਆ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਸਾਰਾ ਸੰਸਾਰ ਹੀ ਜਾਨਵਰਾਂ ਪ੍ਰਤੀ ਕਰੂਰਤਾ ਦੇ ਖ਼ਿਲਾਫ਼ ਖੜ੍ਹਾ ਹੋ ਰਿਹਾ ਹੈ ਤਾਂ ਫੇਰ ਉਥੇ ਨਿਊਜ਼ੀਲੈਂਡ ਵੀ ਆਪਣਾ ਫਰਜ਼ ਨਿਭਾਵੇਗਾ।
ਵੈਸੇ ਅਜਿਹੀਆਂ ਕਾਰਵਾਈਆਂ ਉਪਰ ਵਿਰਾਮ ਤਾਂ ਸਤੰਬਰ 2020 ਤੋਂ ਹੀ ਲੱਗ ਗਿਆ ਸੀ ਜਦੋਂ ਕਿ ਜ਼ਿੰਦਾ ਜਾਨਵਰਾਂ ਨੂੰ ਚੀਨ ਲੈ ਕੇ ਜਾ ਰਿਹਾ ਇੱਕ ਸਮੁੰਦਰੀ ਬੇੜਾ ਰਸਤੇ ਵਿੱਚ ਹੀ ਗਰਕ ਹੋ ਗਿਆ ਸੀ ਅਤੇ ਇਸ ਵਿੱਚ ਰੱਖੇ 6000 ਪਸ਼ੂਆਂ ਤੋਂ ਇਲਾਵਾ 41 ਕਰੂ ਮੈਂਬਰ (ਜਿਨ੍ਹਾਂ ਵਿੱਚ ਦੋ ਨਿਊਜ਼ੀਲੈਂਡ ਅਤੇ ਦੋ ਆਸਟ੍ਰੇਲੀਆਈ ਵੀ ਸਨ) ਮਾਰੇ ਗਏ ਸਨ। ਇਸ ਘਟਨਾ ਦੇ ਇੱਕ ਮਹੀਨੇ ਤੋਂ ਬਾਅਦ ਕਾਫੀ ਫੇਰ ਬਦਲ ਰਾਹੀਂ ਇਹ ਕਾਰਵਾਈ ਮੁੜ ਤੋਂ ਬਹਾਲ ਹੋ ਗਈ ਸੀ ਪਰੰਤੂ ਲੋਕਾਂ ਨੇ ਉਦੋਂ ਤੋਂ ਹੀ ਅਜਿਹੇ ਨਿਰਯਾਤ ਉਪਰ ਪਾਬੰਧੀ ਲਗਾਉਣ ਦੀਆਂ ਮੰਗਾਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਹੁਣ ਜੈਸਿੰਡਾ ਆਰਡਰਨ ਦੀ ਸਰਕਾਰ ਨੇ ਅਗਲੇ ਦੋ ਸਾਲਾਂ ਵਿੱਚ, ਸਮੁੰਦਰੀ ਰਸਤੇ ਤੋਂ ਇਸ ਕਾਰੋਬਾਰ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ।
ਵੈਸੇ ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਨਾਲ ਆਸਟ੍ਰੇਲੀਆ ਅੰਦਰ ਜ਼ਿੰਦਾ ਜਾਨਵਰਾਂ ਨੂੰ ਮੀਟ ਦੇ ਵਪਾਰ ਵਾਸਤੇ ਬਾਹਰ ਨਿਰਯਾਤ ਕੀਤਾ ਜਾਂਦਾ ਹੈ, ਨਿਊਜ਼ੀਲੈਂਡ ਇਸਤਰ੍ਹਾਂ ਪਹਿਲਾਂ ਤੋਂ ਹੀ ਨਹੀਂ ਕਰਦਾ ਅਤੇ ਇੱਥੋਂ ਹੋਣ ਵਾਲਾ ਸਾਰਾ ਨਿਰਯਾਤ ਪਸ਼ੂਆਂ ਅਤੇ ਜਾਨਵਰਾਂ ਦੀਆਂ ਨਸਲਾਂ ਵਧਾਉਣ (ਬਰੀਡਿੰਗ) ਲਈ ਹੀ ਕੀਤਾ ਜਾਂਦਾ ਹੈ ਅਤੇ ਭੇਡਾਂ ਆਦਿ ਦਾ ਨਿਰਯਾਤ ਤਾਂ ਪਹਿਲਾਂ ਤੋਂ ਹੀ ਬੈਨ ਕਰ ਦਿੱਤਾ ਗਿਆ ਹੈ। ਇਸ ਨਾਲ ਅਜਿਹੇ ਕਿਸਾਨਾਂ ਉਪਰ ਅਸਰ ਪੈਣਾ ਲਾਜ਼ਮੀ ਹੈ ਜੋ ਇਸ ਪਸ਼ੂ ਪਾਲਣ ਦੇ ਧੰਦੇ ਵਿੱਚ ਲੱਗੇ ਹੋਏ ਹਨ ਅਤੇ ਇਸ ਵਾਸਤੇ ਨਿਊਜ਼ੀਲੈਂਡ ਹਵਾਈ ਜਹਾਜ਼ਾਂ ਦੇ ਜ਼ਰੀਏ ਇਸ ਨਿਰਯਾਤ ਨੂੰ ਜਾਰੀ ਰੱਖੇਗਾ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ -ਸ੍ਰੀ ਲੰਕਾ, ਪਾਪੂਆ ਨਿਊ ਗਿਨੀ, ਫਿਲੀਪੀਂਨਜ਼, ਵਿਅਤਨਾਮ ਅਤੇ ਮੈਕਸਿਕੋ ਆਦਿ ਨੂੰ ਪਿਛਲੇ 5 ਕੁ ਸਾਲਾਂ ਤੋਂ ਅਜਿਹੇ ਨਿਰਯਾਤ ਕਰਦਾ ਹੈ ਅਤੇ ਹੁਣ 2020 ਤੋਂ ਚੀਨ ਨੂੰ ਇਹ ਵਪਾਰ ਸ਼ੁਰੂ ਕੀਤਾ ਗਿਆ ਸੀ।

Install Punjabi Akhbar App

Install
×