ਨਿਊਜ਼ੀਲੈਂਡ ਸਿੱਖ ਸੰਗਤ ਅਤੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਭਾਈ ਗੁਰਬਖਸ਼ ਸਿੰਘ ਨਾਲ ਡਟ ਕੇ ਖੜਨ ਦਾ ਭਰੋਸਾ

NZ PIC  29  Dec-2
ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਪਿਛਲੇ 46 ਦਿਨਾਂ ਤੋਂ ਗੁਰਦੁਆਰਾ ਸਾਹਿਬ ਲਖਨੌਰ, ਅੰਬਾਲਾ ਵਿਖੇ ਭੁੱਖ ਹੜਤਾਲ ‘ਤੇ ਹਨ, ਦੇ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਨੁਮਾਇੰਦੇ ਸ. ਦਲਜੀਤ ਸਿੰਘ ਨੇ ਨਿਊਜ਼ੀਲੈਂਡ ਸਿੱਖ ਸੰਗਤ ਦਾ ਸੁਨੇਹਾ ਦਿੰਦਿਆ ਕੱਲ੍ਹ ਵਿਸ਼ੇਸ਼ ਵਾਰਤਾਲਾਪ ਕੀਤੀ ਅਤੇ ਸਿੱਖ ਸੰਘਰਸ਼ ਵਿਚ ਡਟੇ ਰਹਿਣ ਦਾ ਭਰੋਸਾ ਦਿੱਤਾ। ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਦੂਜੀ ਵਾਰ ਸਿੱਖ ਸੰਘਰਸ਼ ਕਰ ਰਹੇ ਹਨ, ਦੀ ਸਿਹਤਯਾਬੀ ਲਈ ਜਿੱਥੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਪੂਰਨ ਸਹਿਯੋਗ ਦੇ ਕੇ ਭਾਰਤ ਦੀ ਨਿਆਂ ਪ੍ਰਣਾਲੀ ਵਿਰੁੱਧ ਇਕ ਲਹਿਰ ਪੈਦਾ ਕਰ ਰਹੀਆਂ ਹਨ ਉਥੇ ਨਿਊਜ਼ੀਲੈਂਡ ਵਸਦੇ ਸਿੱਖ ਵੀ ਇਸ ਲਹਿਰ ਦੇ ਵਿਚ ਆਪਣੇ ਆਪ ਨੂੰ ਸ਼ਾਮਿਲ ਕਰ ਰਹੇ ਹਨ। ਨਿਊਜ਼ੀਲੈਂਡ ਦੇ ਵਿਚ ਵੀ ਕਈ ਥਾਂ ਭੁੱਖ ਹੜਤਾਲ ਕਰਕੇ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਿਰ ਕੀਤਾ ਗਿਆ ਹੈ। ਭਾਈ ਗੁਰਬਖਸ਼ ਸਿੰਘ ਖਾਲਸਾ ਹੋਰਾਂ ਇਕ ਵਿਸ਼ੇਸ਼ ਵੀਡੀਓ ਸ਼ੰਦੇਸ਼ ਵੀ ਸੰਗਤਾਂ ਲਈ ਜਾਰੀ ਕੀਤਾ ਹੈ।
ਸ. ਦਲਜੀਤ ਸਿੰਘ ਨੇ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਨਾਲ ਵਾਰਤਾਲਾਪ ਸਾਂਝੇ ਕਰਦਿਆਂ ਕਿਹਾ ਹੈ ਕਿ ਭਾਈ ਖਾਲਸਾ ਦੀ ਸਿਹਤ ਬਹੁਤ ਜਿਆਦਾ ਕਮਜ਼ੋਰ ਹੋ ਚੁੱਕੀ ਹੈ ਉਨ੍ਹਾਂ 2 ਜਨਵਰੀ ਤੋਂ ਪਾਣੀ ਦਾ ਘੁੱਟ ਭਰਨ ਤੋਂ ਵੀ ਮਨ੍ਹਾ ਕਰ ਦਿੱਤਾ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਉਥੇ ਪਹਿਲੀ ਤਾਰੀਕ ਤੋਂ ਦੀਵਾਨ ਆਰੰਭ ਕਰ ਰਹੇ ਹਨ। ਭਾਈ ਸਾਹਿਬ ਨੇ ਇਹ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਿਹਤ ਦੀ ਤੰਦਰੁਸਤੀ ਦੀ ਅਰਦਾਸ ਨਾ ਕੀਤੀ ਜਾਵੇ ਸਗੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇ।
ਸੁਪਰੀਮ ਸਿੱਖ ਸੁਸਾਇਟੀ ਤੋਂ ਪ੍ਰਧਾਨ ਬਰਿੰਦਰ ਸਿੰਘ ਜਿੰਦਰ, ਨਾਇਬ ਸਿੰਘ, ਮਨਜਿੰਦਰ ਸਿੰਘ ਬਾਸੀ, ਰਣਵੀਰ ਸਿੰਘ ਲਾਲੀ, ਸੁਖਦੇਵ ਸਿੰਘ ਬੈਂਸ, ਮਨਪ੍ਰੀਤ ਸਿੰਘ ਆਸਟਰੇਲੀਆ, ਪ੍ਰਗਟ ਸਿੰਘ, ਰਜਿੰਦਰ ਸਿੰਘ ਜਿੰਦੀ, ਤਰਸੇਮ ਸਿੰਘ, ਕਮਲਜੀਤ ਸਿੰਘ ਬੈਨੀਪਾਲ, ਸੰਤੋਖ ਸਿੰਘ ਵਿਰਕ, ਕਰਤਾਰ ਸਿੰਘ, ਦਿਲਾਵਰ ਸਿੰਘ,  ਸਤਨਾਮ ਸਿੰਘ, ਹਰਦੀਪ ਸਿੰਘ, ਬਲਵਿੰਦਰ ਸਿੰਘ, ਹਰਮੇਸ਼ ਸਿੰਘ ਸਾਹਦੜਾ, ਜਸਵਿੰਦਰ ਸਿੰਘ ਨਾਗਰਾ, ਅਮਰ ਸਿੰਘ, ਜੋਗਾ ਸਿੰਘ, ਮਨੋਹਰ ਸਿੰਘ ਪਰਮਜੀਤ ਸਿੰਘ, ਸਤਨਾਮ ਸਿੰਘ, ਟਟੌਰੰਗਾ ਤੋਂ ਦੇਵ ਸਿੰਘ, ਹਰਪ੍ਰੀਤ ਸਿੰਘ ਗਿੱਲ ਅਤੇ ਬਲਬੀਰ ਸਿੰਘ ਮੁੱਗਾ ਹੋਰਾਂ ਜਾਰੀ ਬਿਆਨ ਵਿਚ ਕਿਹਾ ਹੈ ਕਿ ਸਾਰੇ ਮੈਂਬਰ ਸਾਹਿਬਾਨ ਅਤੇ ਨਿਊਜ਼ੀਲੈਂਡ ਦੀ ਸਿੱਖ ਸੰਗਤ ਇਸ ਸਿੱਖ ਸੰਘਰਸ਼ ਵਿਚ ਪੂਰਨ ਯੋਗਦਾਨ ਕਰੇਗੀ ਅਤੇ ਭਾਈ ਗੁਰਬਖਸ਼ ਸਿੰਘ ਦੀ ਹਰ ਤਰ੍ਹਾਂ ਨਾਲ ਮਦਦ ਕਰੇਗੀ। ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਵੀ ਅੜਿੱਕਾ ਆ ਰਿਹਾ ਹੈ ਉਹ ਬਿਨਾਂ ਸ਼ਰਤ ਦੂਰ ਕਰਕੇ ਇਨ੍ਹਾਂ ਸਿੰਘਾਂ ਦੀ ਪੱਕੀ ਰਿਹਾਈ ਯਕੀਨੀ ਬਣਾਈ ਜਾਵੇ।

Install Punjabi Akhbar App

Install
×