ਮਹਿਲ ਵਰਗੇ ਦਫਤਰ ਦੀਆਂ ਚਾਬੀਆਂ ਮਹਿਲਾ ਹੱਥ -ਭਾਰਤੀ ਦੂਤਾਵਾਸ ਵਲਿੰਗਟਨ ਵਿਖੇ ਸ੍ਰੀਮਤੀ ਨੀਤਾ ਭੂਸ਼ਣ ਨਵੇਂ ਹਾਈ ਕਮਿਸ਼ਨਰ

90 ਮਿਲੀਅਨ ਡਾਲਰ ਨਾਲ ਤਿਆਰ ਹੋਈ ਆਪਣੀ ਇਮਾਰਤ ਵਿਚ ਹੈ ਨਵਾਂ ਦਫਤਰ

(ਆਕਲੈਂਡ):-ਨਿਊਜ਼ੀਲੈਂਡ-ਭਾਰਤ ਦੇ ਵਪਾਰਕ ਸਬੰਧ 1950 ਤੋਂ ਦਿਨ ਪ੍ਰਤੀ ਦਿਨ ਗੂੜੇ ਹੋ ਰਹੇ ਹਨ ਅਤੇ ਅਤੇ ਇਥੇ ਭਾਰਤੀਆਂ ਦੀ ਆਮਦ ਵੀ ਲਗਾਤਾਰ ਵਧਦੀ ਹੈ। 1950 ਤੋਂ ਟ੍ਰੇਡ ਕਮਿਸ਼ਨਰ ਦੀ ਜਿੰਮੇਵਾਰੀ ਨਾਲ ਇਹ ਸਬੰਧ ਸਰਕਾਰੀ ਪੱਧਰ ਉਤੇ ਹੋਰ ਮਜ਼ਬੂਤ ਹੁੰਦੇ ਗਏ। 1952 ਤੋਂ 1963 ਤੱਕ ਕੈਨਬਰਾ ਵਾਲੇ ਹਾਈ ਕਮਿਸ਼ਨਰ ਨੇ ਨਿਊਜ਼ੀਲੈਂਡ ਦਾ ਕੰਮ ਵੇਖਿਆ ਅਤੇ ਫਿਰ 1963 ਤੋਂ ਨਿਊਜ਼ੀਲੈਂਡ ਨੂੰ ਆਪਣਾ ਰੈਜ਼ੀਡੈਂਟ ਹਾਈ ਕਮਿਸ਼ਨਰ ਮਿਲ ਰਿਹਾ ਹੈ। ਪਿਛਲੇ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸੀ ਜੋ ਕਿ 11 ਜੁਲਾਈ ਨੂੰ ਵਿਦਾਇਗੀ ਲੈ ਕੇ ਅਗਲੇ ਦਿਨ ਹੀ ਭਾਰਤ ਕਿਸੇ ਹੋਰ ਦੂਜੇ ਅਹੁਦੇ ਵਾਸਤੇ ਚਲੇ ਗਏ ਸਨ, ਦੀ ਸੀਟ ਖਾਲੀ ਚੱਲ ਰਹੀ ਸੀ ਅਤੇ ਕੱਲ੍ਹ ਭਾਰਤ ਸਰਕਾਰ ਨੇ ਪਹਿਲੀ ਵਾਰ ਇਕ ਮਹਿਲਾ ਅਧਿਕਾਰੀ  ਸ੍ਰੀਮਤੀ ਨੀਤਾ ਭੂਸ਼ਣ ਨੂੰ ਨਿਊਜ਼ੀਲੈਂਡ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਰਾਜਧਾਨੀ ਵਲਿੰਗਟਨ ਵਿਖੇ 90 ਮਿਲੀਅਨ ਦੀ ਲਾਗਤ ਨਾਲ ਤਿਆਰ ਹੋਏ ਦਫਤਰ, ਹਾਲ, 8-9 ਰਿਹਾਇਸ਼ੀ ਘਰ ਅਤੇ ਹੋਰ ਕਈ ਸਹੂਲਤਾਂ ਵਾਲੇ ਇਸ ਮਹਿਲ ਨੁਮਾ ਘਰ ਦੀਆਂ ਚਾਬੀਆਂ ਪਹਿਲੀ ਵਾਰ ਕਿਸੀ ਮਹਿਲਾ ਨੂੰ ਦਿੱਤੀਆਂ ਜਾ ਰਹੀਆਂ ਹਨ। ਨਵੇਂ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਜਲਦੀ ਹੀ ਇਥੇ ਪਹੁੰਚ ਕੇ ਦਫਤਰ ਦਾ ਕੰਮ-ਕਾਰ ਸੰਭਾਲ ਲੈਣਗੇ। ਉਹ 1984 ਬੈਚ ਦੇ ਇੰਡੀਅਨ ਫੌਰਨ ਸਰਵਿਸ ਦੇ ਅਧਿਕਾਰੀ ਹਨ।

(ਸ੍ਰੀਮਤੀ ਨੀਤਾ ਭੂਸ਼ਣ ਆਪਣੇ ਪਤੀ ਸ੍ਰੀ ਅਨੁਰਾਗ ਭੂਸ਼ਣ ਨਾਲ)

ਇਸ ਵੇਲੇ ਉਹ ਵਧੀਕ ਸਕੱਤਰ ਵਿਦੇਸ਼ ਮੰਤਰਾਲਾ ਭਾਰਤ ਸਰਕਾਰ (ਸੈਂਟਰਲ ਯੂਰਪ ਡਿਵੀਜ਼ਨ) ਹਨ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ‘ਓਸ਼ੇਨੀਆ ਡਿਵੀਜ਼ਨ’ ਦੇ ਵਿਚ ਭਾਰਤ ਸਰਕਾਰ ਵੱਲੋਂ ਰੱਖਿਆ ਗਿਆ ਹੈ। ਉਹ 2017 ਤੋਂ 2019 ਤੱਕ ਸ਼ਿਕਾਗੋ ਵਿਖੇ ਭਾਰਤੀ ਕੌਂਸਿਲ ਜਨਰਲ ਵੀ ਰਹੇ ਹਨ। ਉਹ ਟੋਕੀਓ, ਬੰਗਲਾਦੇਸ਼, ਆਬੂ ਡੁਬਈ ਅਤੇ ਬਰਲਿਨ ਵਿਖੇ ਵੀ ਵੱਖ-ਵੱਖ ਅਹੁਦਿਆਂ ਉਤੇ ਰਹਿ ਕੇ ਕੰਮ ਕਰ ਚੁੱਕੇ ਹਨ। ਸ੍ਰੀਮਤੀ ਨੀਤਾ ਭੂਸ਼ਣ ਦੇ ਪਤੀ ਸ੍ਰੀ ਅਨੁਰਾਗ ਭੂਸ਼ਣ (ਉਤਰ ਪ੍ਰਦੇਸ਼) ਵੀ ਵਿਦੇਸ਼ ਮੰਤਰਾਲੇ ਵਿਚ ਸੰਯੁਕਤ ਸਕੱਤਰ ਹਨ। ਨਵੀਂ ਦਿੱਲੀ ਵਿਖੇ ਪਾਸਪੋਰਟ ਅਫਸਰ ਰਹਿ ਚੁੱਕੇ ਹਨ। ਇਨ੍ਹਾਂ ਦਾ ਇਕ ਬੇਟਾ ਅਤੇ ਇਕ ਬੇਟੀ ਹੈ।

Install Punjabi Akhbar App

Install
×