ਸਿੱਖ ਖੇਡਾਂ ਕਦੋਂ? ….ਦੱਸਾਂਗੇ 18 ਨੂੰ… ਆਇਓ ਜ਼ਰੂਰ

ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ 18 ਜੁਲਾਈ ਨੂੰ 2 ਵਜੇ ਕੀਤਾ ਜਾਵੇਗਾ

ਔਕਲੈਂਡ: ਪੰਜਾਬੀਆਂ ਦਾ ਖੇਡ ਕਾਰਨੀਵਲ ‘ਨਿਊਜ਼ੀਲੈਂਡ ਸਿੱਖ ਖੇਡਾਂ’ ਇਸ ਵਾਰ ਤੀਜੇ ਵਰ੍ਹੇ ਦੇ ਵਿਚ ਪਹੁੰਚ ਰਹੀਆਂ ਹਨ। 2019 ਦੇ ਵਿਚ ਸ਼ੁਰੂ ਹੋਈਆਂ ਇਹ ਇਤਿਹਾਸਕ ਖੇਡਾਂ ਦਾ ਆਗਾਜ਼ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕੀਤਾ ਗਿਆ ਸੀ ਤੇ ਲਗਾਤਾਰ ਉਸੇ ਥਾਂ ਉਤੇ ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ 2020 ਦੇ ਵਿਚ ਹੋਈਆਂ। ਇਸ ਦੌਰਾਨ ਭਾਵੇਂ ਕੋਵਿਡ-19 ਕਰਕੇ ਸਰਹੱਦਾਂ ਬੰਦ ਸਨ ਪਰ ਸਥਾਨਿਕ ਭਾਈਚਾਰੇ ਦਾ ਜੋਸ਼ ਹੀ ਐਨਾ ਸੀ ਕਿ ਇਹ ਖੇਡਾਂ ਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਬਾਹਰੋਂ ਖਿਡਾਰੀ ਨਹੀਂ ਆਏ ਸਨ। ਹੁਣ ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਮੁੜ ਪੂਰਨ ’ਤੇ ਸਰਗਰਮ ਹੋ ਗਈ ਹੈ ਅਤੇ ਇਹ ਦੋ ਦਿਨਾਂ ਖੇਡਾਂ ਕਦੋਂ ਹੋਣਗੀਆਂ?, ਇਸ ਉਤੇ 18 ਜੁਲਾਈ ਨੂੰ ਬਾਅਦ ਦੁਪਹਿਰ 2 ਵਜੇ ਬਰੂਸ ਪੁਲਮਨ ਪਾਰਕ ਦੇ ਕਾਨਫਰੰਸ ਹਾਲ ਵਿਚ ਦੱਸਿਆ ਜਾਵੇਗਾ। ਸਮੂਹ ਭਾਈਚਾਰੇ ਨੂੰ ਇਨ੍ਹਾਂ ਤਰੀਕਾਂ ਦੇ ਐਲਾਨ ਮੌਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਭੇਜੇ ਜਾਣਗੇ ਸੱਦਾ ਪੱਤਰ: ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਇਸ ਵਾਰ ਆਸਟਰੇਲੀਆ ਦੇ ਨਾਲ ਕੁਆਰਨਟੀਨ ਫ੍ਰੀ ਯਾਤਰਾ ਹੋਣ ਕਰਕੇ ਆਸ ਹੈ ਕਿ ਉਥੋਂ ਖ਼ਿਡਾਰੀ ਜਰੂਰ ਪਹੁੰਚਣਗੇ। ਤਰੀਕਾਂ ਦੇ ਐਲਾਨ ਤੋਂ ਬਾਅਦ ਸੱਦਾ ਪੱਤਰ ਵੀ ਭੇਜੇ ਜਾਣਗੇ।
ਵਿਸ਼ਾਲ ਸਭਿਆਚਾਰਕ ਸਟੇਜ: ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾਲ ਸਭਿਆਚਾਰਕ ਸਟੇਜ ਲੱਗੇਗੀ ਜਿਸ ਦੇ ਵਿਚ ਸਥਾਨਕ ਕਲਾਕਾਰਾਂ ਤੋਂ ਇਲਾਵਾ ਗਿੱਧਾ, ਭੰਗੜਾ, ਗਾਇਕ, ਗਾਇਕਾਵਾਂ ਅਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਹੋਣਗੀਆਂ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਅੰਤਰਰਾਸ਼ਟਰੀ ਮਸ਼ਹੂਰ ਗਾਇਕ ਕਲਾਕਾਰ ਨੂੰ ਵੀ ਇਸ ਮੌਕੇ ਬੁਲਾਇਆ ਜਾਵੇ ਅਤੇ ਰੌਣਕਾਂ ਲਾਈਆਂ ਜਾਣ।
ਖੇਡ ਕਲੱਬਾਂ, ਖਿਡਾਰੀ, ਰੈਫਰੀਜ਼ ਅਤੇ ਟਾਈਮ ਕੀਪਰਜ਼: ਇਹ ਖੇਡਾਂ ਖੇਡ ਕਲੱਬਾਂ, ਖਿਡਾਰੀਆਂ, ਰੈਫਰੀਜ਼ ਅਤੇ ਟਾਈਮ ਕੀਪਰਜ਼ ਜਾਂ ਡੀਅ ਉਤੇ ਨਜ਼ਰ ਰੱਖਣ ਵਾਲਿਆਂ ਦੇ ਉਤੇ ਬਹੁਤ ਨਿਰਭਰ ਕਰਦੀਆਂ ਹਨ। ਸਾਰਿਆਂ ਨੂੰ ਪਹੁੰਚਣ ਲਈ ਬੇਨਤੀ ਕੀਤੀ ਗਈ ਹੈ।
ਮਹਿਲਾ ਖਿਡਾਰਨਾਂ: ਮਹਿਲਾ ਖਿਡਾਰਨਾਂ ਦੀ ਪਿਛਲੀਆਂ ਦੋਵਾਂ ਖੇਡਾਂ ਦੇ ਵਿਚ ਭਰਵੀਂ ਹਾਜ਼ਰੀ ਰਹੀ ਹੈ ਅਤੇ ਇਸ ਵਾਰ ਵੀ ਬਹੁਤ ਸਾਰੀਆਂ ਮਹਿਲਾਵਾਂ ਦੀਆਂ ਖੇਡਾਂ ਸ਼ਾਮਿਲ ਹਨ। ਉਨ੍ਹਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਵੀ ਇਸ ਮੌਕੇ ਪਹੁੰਚਣ ਤਾਂ ਕਿ ਉਹ ਤਰੀਕਾਂ ਦੇ ਐਲਾਨ ਬਾਅਦ ਆਪਣੀਆਂ ਤਿਆਰੀਆਂ ਕਰ ਸਕਣ।
ਬਜ਼ੁਰਗ ਬਾਬਿਆਂ ਲਈ ਵੀ ਹੋਵੇਗਾ ਵੱਖਰਾ: ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਵਾਰ ਬਜ਼ੁਰਗ ਬਾਬਿਆਂ ਦੇ ਵਾਸਤੇ ਕੁਝ ਨਵੀਂਆਂ ਖੇਡਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਨ੍ਹਾਂ ਦੇ ਲਈ ਕਈ ਤਰ੍ਹਾਂ ਦੀਆਂ ਖੇਡ ਅਤੇ ਦਿਮਾਗੀ ਕਸਰਤ ਵਾਲੀਆਂ ਖੇਡਾਂ ਬਾਰੇ ਸੋਚਿਆ ਜਾ ਰਿਹਾ ਹੈ।
ਸਪਾਂਸਰਜ਼ ਦੀ ਸ਼ਮੂਲੀਅਤ: ਇਨ੍ਹਾਂ ਖੇਡਾਂ ਦੇ ਵਿਚ ਹਰ ਵਰਗ ਦੇ ਵਿੱਤੀ ਸਪਾਂਸਰ ਅਤੇ ਸਮੱਗਰੀ ਸਪਾਂਸਰਜ਼ ਦਾ ਵੱਡਾ ਸਹਿਯੋਗ ਬਣਿਆ ਰਹਿੰਦਾ ਹੈ ਅਤੇ ਸਭ ਨੂੰ ਸਾਂਝੇ ਤੌਰ ’ਤੇ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜਰੂਰ ਸਮਾਂ ਕੱਢ ਕੇ ਪਹੁੰਚਣ।
ਵਲੰਟੀਅਰਜ਼ ਜਰੂਰ ਪਹੁੰਚਣ: ਪ੍ਰਬੰਧਕਾਂ ਵੱਲੋਂ ਇਸ ਮੌਕੇ ਸਮੁੱਚੇ ਭਾਈਚਾਰੇ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਜਿਹੜੇ ਵਲੰਟੀਅਰਜ਼ (ਸੇਵਾਦਾਰਾਂ) ਨੇ ਪਹਿਲਾਂ ਯੋਗਦਾਨ ਦਿੱਤਾ ਹੈ, ਇਸ ਵਾਰ ਵੀ ਦੇ ਰਹੇ ਹਨ ਅਤੇ ਜਿਹੜੇ ਹੋਰ ਨਵੇਂ ਵਲੰਟੀਅਰਜ਼ ਖੇਡਾਂ ਦੇ ਇਸ ਮਹਾਂਕੁੰਭ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋਣ, ਉਨ੍ਹਾਂ ਨੂੰ ਵੀ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਦੂਜਾ ਪੰਜਾਬੀ ਭਾਸ਼ਾ ਹਫਤਾ: ਇਨ੍ਹਾਂ ਖੇਡਾਂ ਦੌਰਾਨ ਦੂਜਾ ਰਾਸ਼ਟਰੀ ਪੰਜਾਬੀ ਭਾਸ਼ਾ ਹਫਤਾ ਵੀ ਮਨਾਇਆ ਜਾਵੇਗਾ। ਇਸ ਸਬੰਧੀ ਪੰਜਾਬੀ ਮੀਡੀਆ ਕਰਮੀਆਂ ਦਾ ਖਾਸ ਸਹਿਯੋਗ ਰਹੇਗਾ। ਕੋਸ਼ਿਸ਼ ਰਹੇਗੀ ਕਿ ਇਸ ਵਾਰ ਵੀ ਪੰਜਾਬੀ ਭਾਸ਼ਾ ਦੇ ਪਸਾਰ ਵਾਸਤੇ ਕੁਝ ਨਾ ਕੁਝ ਸਮੱਗਰੀ ਛਪਵਾ ਕੇ ਵੰਡੀ ਜਾਵੇ ਅਤੇ ਹੋਰ ਜਾਣਕਾਰੀ ਉਪਲਬਧ ਕਰਵਾਈ ਜਾਵੇ।

Install Punjabi Akhbar App

Install
×