ਨਿਊਜ਼ੀਲੈਂਡ ਸਿੱਖ ਖੇਡਾਂ-2022 ਦੀ ਹੋਈ ਸ਼ੁਰੂਆਤ

ਨਿੱਖਰੇ-ਨਿੱਖਰੇ ਮਾਹੌਲ ਵਿਚ ਹੋਈਆਂ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਅਤੇ ਲੱਗੀ ਵੱਡੀ ਸਭਿਆਚਾਰਕ ਸਟੇਜ

(ਔਕਲੈਂਡ):- ਕਰੋਨਾ ਕਾਲ ਕਾਰਨ ਨਿਊਜ਼ੀਲੈਂਡ ਸਿੱਖ ਖੇਡਾਂ 2021 ਦਾ ਆਯੋਜਨ ਹੋਣੋ ਰਹਿ ਗਿਆ ਸੀ ਜਿਸ ਕਰਕੇ ਇਸ ਵਾਰ ਤੀਜੀਆਂ ਅਤੇ ਚੌਥੀਆਂ ਦੋ ਦਿਨਾਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਆਯੋਜਨ ਅੱਜੇ ਨਿੱਖਰੇ-ਨਿਖਰੇ ਮਾਹੌਲ ਦੇ ਵਿਚ ਅਰਦਾਸ ਕਰਕੇ ਕੀਤਾ ਗਿਆ। ਅੱਜ ਪਹਿਲਾ ਦਿਨ ਸੀ ਅਤੇ ਸਾਰਾ ਦਿਨ ਵੱਖ-ਵੱਖ ਖੇਡਾਂ ਹੋਈਆਂ। ਜਿਸ ਵਿਚ ਬਾਸਕਟਬਾਲ, ਵਾਲੀਵਾਰ, ਕ੍ਰਿਕਟ, ਫੁੱਟਬਾਲ, ਹਾਕੀ, ਗੌਲਫ, ਬੈਡਮਿੰਟਨ, ਰਗਬੀ, ਕਬੱਡੀ ਅਤੇ ਹੋਰ ਖੇਡਾਂ ਖੇਡੀਆਂ ਗਈਆਂ। ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਹਲਕਾ ਪਾਪਾਕੁਰਾ ਦੀ ਮੈਂਬਰ ਪਾਰਲੀਮੈਂਟ ਜੂਠਿਥ ਕੌਲਿਨ ਨੇ ਰੀਬਨ ਕੱਟ ਕੇ ਕੀਤਾ। ਉਨ੍ਹਾਂ ਦੇ ਨਾਲ ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸ ਲਕਸ਼ਨ, ਸਾਂਸਦ ਮਲੀਸ਼ਾ ਲੀਅ, ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਮਾਈਕਲ ਮਿਚਲ, ਔਕਲੈਂਡ ਦੇ ਆਨਰੇਰੀ ਭਾਰਤੀ ਕੌਂਸਿਲ ਸ੍ਰੀ ਭਵ ਢਿੱਲੋਂ, ਟਾਕਾਨੀਨੀ ਦੇ ਸਾਂਸਜ ਡਾ. ਨੀਰੂ ਲੇਵਾਸਾ ਖਾਸ ਤੌਰ ਉਤੇ ਪਹੁੰਚੇ। ਉਨ੍ਹਾਂ ਦਾ ਸਵਾਗਤ ਕਰਨ ਵੇਲੇ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਟੀਮ ਤੋਂ ਸ. ਗੁਰਵਿੰਦਰ ਸਿੰਘ ਔਲਖ, ਸ. ਦਲਜੀਤ ਸਿੰਘ ਸਿੱਧੂ, ਗੁਰਜਿੰਦਰ ਸਿੰਘ ਘੁੰਮਣ, ਇੰਦਰਜੀਤ ਕਾਲਕਟ, ਸ.ਤਾਰਾ ਸਿੰਘ ਬੈਂਸ, ਸੁਰਿੰਦਰ ਸਿੰਘ ਢੀਂਡਸਾ, ਸ. ਦਲਬੀਰ ਸਿੰਘ ਲਸਾੜਾ ਸਮੇਤ ਹੋਰ ਬਹੁਤ ਸਾਰੇ ਪ੍ਰਬੰਧਕ ਪਹੁੰਚੇ।

ਇਸ ਉਪਰੰਤ ਸਾਰੀਆਂ ਟੀਮਾਂ ਨੇ ਮਾਰਚ ਪਾਸਟ ਕੀਤਾ, ਜਿਸ ਦੇ ਵਿਚ ਸਥਾਨਿਕ ਖੇਡ ਕਲੱਬਾਂ ਤੋਂ ਇਲਾਵਾ ਆਸਟਰੇਲੀਆ ਤੋਂ ਆਈਆਂ ਟੀਮਾਂ ਨੇ ਹਿੱਸਾ ਲਿਆ। ਗਤਕਾ ਟੀਮ ਨੇ ਸਿੱਖ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕੀਤਾ।   ਬੈਡਮਿੰਟਨ ਦੇ ਫਾਈਨਲ ਮੈਚ ਅੱਜ ਹੋ ਗਏ ਅਤੇ ਇਨਾਮ ਵੰਡੇ ਗਏ।

ਸ਼ਾਮ ਦੀ ਸਭਿਆਚਾਰਕ ਸਟੇਜ ਦੇ ਵਿਚ ਅੰਤਰਾਸ਼ਟਰੀ ਗਾਇਕਾਂ ਦੇ ਵਿਚ ਗਾਇਕ ਹਰਮਿੰਦਰ ਨੂਰਪੁਰੀ, ਦੇਬੀ ਮਖਸੂਸਪੁਰੀ ਅਤੇ ਸਰਬਜੀਤ ਚੀਮਾ ਨੇ ਖੂਬ ਰੋਣਕਾਂ ਬੰਨ੍ਹੀਆਂ।

ਖੁੱਲ੍ਹੇ ਖੇਡ ਮੈਦਾਨ ਦੇ ਵਿਚ ਸਜੇ ਇਸ ਸਭਿਆਚਾਰਕ ਮੇਲੇ ਦਾ ਆਨੰਦ ਹੀ ਵੱਖਰਾ ਸੀ। ਇਸ ਤੋਂ ਪਹਿਲਾਂ ਸਾਰਾ ਦਿਨ ਸਟੇਜ ਉਤੇ ਵੱਖ-ਵੱਖ ਟੀਮਾਂ ਨੇ ਗਿੱਧੇ ਅਤੇ ਭੰਗੜੇ ਨਾਲ ਧਮਾਲ ਪਾਈ ਰੱਖੀ।