ਕਰੀਏ ਨੀਹਾਂ ਦੀ ਪਕਿਆਈ.. ਤਾਂ ਕਿ ਪੰਜਾਬੀ ਰੱਖੀਏ ਬਚਾਈ

ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਨੇ ਬੱਚਿਆਂ ਦੀ ਕੀਤੀ ਹੌਂਸਲਾ ਅਫਜ਼ਾਈ

ਨਿਊਜ਼ੀਲੈਂਡ ਸਿੱਖ ਗੇਮਜ਼ ਟੀਮ ਨੇ ਵੰਡੇ ਇਨਾਮ ਤੇ  ਦਿੱਤਾ ਆਰਥਿਕ ਸਹਿਯੋਗ ਦਾ ਭਰੋਸਾ

(ਔਕਲੈਂਡ): ਕਹਿੰਦੇ ਨੇ ਜਿਸ ਮਹਿਲ ਦੀਆਂ ਨੀਹਾਂ ਮਜ਼ਬੂਤ ਹੋਣ ਤਾਂ ਉਸਾਰੀ ਉੱਚੀ ਅਤੇ ਸ਼ਕਤੀਸ਼ਾਲੀ ਹੋ ਨਿਬੜਦੀ ਹੈ। ਇਸੀ ਤਰਾਂ ਜੇਕਰ ਕਿਸੀ ਕੋਲ ਨਿਮਰਤਾ ਵਾਲਾ ਗੁਣ ਹੈ ਤਾਂ ਇਹ ਸਾਰੇ ਗੁਣਾ ਦੀ ਮਜ਼ੂਬਤ ਨੀਂਹ ਹੁੰਦੀ ਹੈ। ਇਸ ਤੋਂ ਵੀ ਉਪਰ ਜੇਕਰ ਤੁਸੀਂ ਕੁਝ ਕਰਨ ਲੱਗੇ ਹੋ ਅਤੇ ਵਿਸ਼ਵਾਸ਼ ਕਰ ਲਿਆ ਕਿ ਕਰ ਸਕਦੇ ਹੋ ਤਾਂ ਅੱਧਾ ਸਫ਼ਰ ਸਮਝੋ ਤੈਅ ਹੋ ਗਿਆ। ਕੁਝ ਅਜਿਹਾ ਹੀ ਸਫ਼ਰ ਤੇ ਹਨ ‘ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿਘ ਸਪੋਰਟਸ ਐਂਡ ਕਲਚਰਲ ਟ੍ਰਸਟ’ ਵਾਲੇ। ਪ੍ਰਧਾਨ ਜ. ਜਰਨੈਲ ਸਿੰਘ ਰਾਹੋਂ, ਸਕੱਤਰ ਸ੍ਰੀ ਅਤੁੱਲ ਸ਼ਰਮਾ, ਖਜ਼ਾਨਚੀ ਸ. ਮਨਜੀਤ ਸਿੰਘ, ਟਰੱਸਟ ਮੈਂਬਰ ਸ੍ਰੀ ਰਵਿੰਦਰ ਸਿੰਘ ਪੁਆਰ, ਸੰਦੀਪ ਕਲਸੀ, ਮੋਨਕਾ ਪੁਰੇਵਾਲ, ਸ਼ਮਿੰਦਰ ਸਿੰਘ ਗੁਰਾਇਆ ਅਤੇ ਨਰਿੰਦਰ ਸੱਗੂ ਹੋਰਾਂ ਨੇ ਅੱਜ ਟ੍ਰਸਟ ਦੀਆਂ ਗਤੀਵਿਧੀਆਂ ਨਾਲ ਸਾਂਝ ਪਾਉਣ ਲਈ ਜਿੱਥੇ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਟੀਮ ( ਸ. ਤਾਰਾ ਸਿੰਘ ਬੈਂਸ, ਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ ਤੇ ਗੁਰਜਿੰਦਰ ਸਿੰਘ ਘੁੰਮਣ) ਨੂੰ ਬੁਲਾਇਆ ਹੋਇਆ ਸੀ ਉਥੇ ਪੰਜਾਬੀ ਮੀਡੀਆ ਕਰਮੀਆਂ ਤੋਂ ਸ. ਪਰਮਿੰਦਰ ਸਿੰਘ ਫਲੈਟਬੁੱਸ਼ (ਰੇਡੀਓ ਸਪਾਈਸ) ਅਤੇ ਸ. ਹਰਜਿੰਦਰ ਸਿੰਘ (ਪੰਜਾਬੀ ਹੈਰਲਡ) ਤੋਂ ਵੀ ਪਹੁੰਚੇ। ਮਾਲਵਾ ਕਲੱਬ ਤੋਂ ਜੱਗੀ ਰਾਮੂਵਾਲੀਆ ਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਸ.ਹਰਪ੍ਰੀਤ ਸਿੰਘ ਗਿੱਲ ਵੀ ਪਹੁੰਚੇ।
ਕਲੱਬ ਦੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਹੋਰਾਂ ਨੇ ਆਏ ਸਾਰੇ ਮਹਿਮਾਨਾਂ, ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਲੱਬ ਦੀਆਂ ਵੱਖ-ਵੱਖ 14 ਤਰ੍ਹਾਂ ਦੀਆਂ ਸਰਗਰਮੀਆ (ਖੂਨ ਦਾਨ, ਸ਼ਹੀਦੀ ਦਿਵਸ, ਰੁੱਖ ਲਗਾਉਣੇ, ਪੰਜਾਬੀ ਕਲਾਸਾਂ ਆਦਿ)  ਦਾ ਜ਼ਿਕਰ ਕਰਦਿਆਂ ਆਪਣੇ 8 ਕੁ ਸਾਲਾਂ ਦੇ ਟ੍ਰਸਟ ਦੇ ਸਫਰ ਦੀਆਂ ਸਫਲਤਾਵਾਂ ਦਾ ਝੰਡਾ ਸਮੁੱਚੀ ਟੀਮ ਦੇ ਸਿਰ ਬੱਝਦਿਆਂ ਕਮਿਊਨਿਟੀ ਦੇ ਸਹਿਯੋਗ ਦਾ ਵੀ ਜ਼ਿਕਰ ਕਰ ਦਿੱਤਾ। ਸਿੱਖ ਖੇਡਾਂ ਦੀ ਕਮੇਟੀ ਵੱਲੋਂ ਸ. ਦਲਜੀਤ ਸਿੰਘ ਸਿੱਧੂ ਹੋਰਾਂ ਟ੍ਰਸਟ ਦੇ ਕੰਮਾਂ ਦੀ ਤਰੀਫ ਕਰਦਿਆਂ ਇਹ ਗੱਲ ਜ਼ੋਰ ਨਾਲ ਕਹੀ ਕਿ ਪਿਛਲੀਆਂ ਦੋਵੇਂ ਸਿੱਖ ਖੇਡਾਂ ਦੇ ਵਿਚ ਇਸ ਟ੍ਰਸਟ ਦਾ ਵੱਡਾ ਸਹਿਯੋਗ ਰਿਹਾ, ਬੱਸਾਂ ਭਰ ਕੇ ਆਈਆਂ ਅਤੇ ਇਸ ਵਾਰ ਵੀ ਇਹੀ ਆਸ ਹੈ। ਉਨ੍ਹਾਂ ਆ ਰਹੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਤਰੀਕਾਂ ਜੋ ਕਿ 26 ਜੂਨ ਨੂੰ ਐਲਾਨੀਆਂ ਜਾਣੀਆਂ ਹਨ,  ਵਾਸਤੇ ਵੀ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਪਹੁੰਚਣ ਦਾ ਸਭ ਨੂੰ ਸੱਦਾ ਦਿੱਤਾ। ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਟ੍ਰਸਟ ਵੱਲੋਂ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਕੰਮਾਂ ਨੂੰ ਸਰਾਹਿਆ, ਇਸਦੀ ਮਹੱਤਤਾ ਦਸਦਿਆਂ ਕਿਹਾ ਕਿ ਜੇਕਰ ਅਸੀਂ ਪੰਜਾਬੀ ਬੋਲੀ ਦੀਆਂ ਨੀਂਹਾਂ ਪੱਕੀਆਂ ਕਰ ਗਏ ਤਾਂ ਪੰਜਾਬੀ ਭਾਸ਼ਾ ਲਿਖਣੀ -ਬੋਲਣੀ ਬਚਾਈ ਰੱਖਾਂਗੇ। ਉਨ੍ਹਾਂ ਵੱਖ-ਵੱਖ ਹੋਰ ਭਾਸ਼ਾਵਾਂ ਸੰਗ ਸਾਂਝ ਬਨਾਉਣ ਦੀ ਵੀ ਗੱਲ ਕੀਤੀ ਅਤੇ ਆ ਰਹੇ ਪੰਜਾਬੀ ਭਾਸ਼ਾ ਹਫਤੇ ਸਬੰਧੀ ਵੀ ਤਿਆਰੀਆਂ ਕਰਨ ਲਈ ਇਛਾਰਾ ਛੱਡਿਆ। ਸ. ਤਾਰਾ ਸਿੰਘ ਬੈਂਸ ਨੇ ਸਿੱਖ ਖੇਡਾਂ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਇਥੇ ਧਾਰਮਿਕ ਅਦਾਰੇ ਵਿਕਸਤ ਕਰਕੇ ਜਿੱਥੇ ਧਰਮ ਨਾਲ ਜੋੜਿਆ ਉਥੇ ਨਿਊਜ਼ੀਲੈਂਡ ਸਿੱਖ ਖੇਡਾਂ ਨੌਜਵਾਨ ਬੱਚਿਆਂ ਨੂੰ ਆਪਣੇ ਵਿਰਸੇ ਦੀਆਂ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਇਕ ਉਦਮ ਹਨ। ਪੰਜਾਬੀ ਅਧਿਆਪਕਾ ਜਸਪ੍ਰੀਤ ਕੌਰ ਤੇ ਹਰਜੀਤ ਕੌਰ ਨੇ ਕਿਹਾ ਕਿ ਜਦੋਂ ਬੱਚੇ ਪੰਜਾਬੀ ਦੇ ਵਿਚ ਘਰ ਜਾ ਕੇ ਗੱਲ ਕਰਦੇ ਹਨ ਤਾਂ ਬਹੁਤ ਚੰਗਾ ਲਗਦਾ ਹੈ। ਬੱਚਿਆਂ ਨੂੰ ਦਸਤਾਰ ਸਿਖਲਾਈ ਦੇ ਵਿਚ ਹਰਗੁਨ ਸਿੰਘ ਸਹਿਯੋਗ ਦੇ ਰਹੇ ਹਨ ਜਦ ਕਿ ਭੰਗੜਾ ਕੋਚ ਕੁਲਵਿੰਦਰ ਸਿੰਘ ਦਿਓਲ, ਸ਼ਮਿੰਦਰ ਸਿੰਘ ਗੁਰਾਇਆਂ, ਨੂਰ ਗੋਰਾਇਆਂ ਅਤੇ ਸੰਜੋਗਤਾ ਬੱਚਿਆਂ ਲਈ ਕਲਾਸਾਂ ਦਾ ਪ੍ਰਬੰਧ ਕਰਦੇ ਹਨ। ਵਾਇਕਾਟੋ ਮਲਟੀਕਲਚਰਲ ਦਾ ਇਸ ਟ੍ਰਸਟ ਨੂੰ ਹਮੇਸ਼ਾਂ ਸਹਿਯੋਗ ਰਹਿੰਦਾ ਹੈ। ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ ਗਿਫਟ ਬੈਗ ਬਣਾਏ ਗਏ ਸਨ ਜਿਨ੍ਹਾਂ ਨੂੰ ਆਏ ਮਹਿਮਾਨਾਂ ਨੇ ਭੇਟ ਕੀਤਾ। ਲਗਪਗ 35 ਦੇ ਕਰੀਬ ਬੱਚੇ ਇਥੇ ਵੱਖ-ਵੱਖ ਸਰਗਰਮੀਆਂ ਦੇ ਵਿਚ ਭਾਗ ਲੈਂਦੇ ਹਨ। ਕੁਝ ਸਥਾਨਕ ਮੂਲ (ਗੋਰੀਆਂ) ਕੁੜੀਆਂ ਵੀ ਪੰਜਾਬੀ ਸਿੱਖਣ ਪਹੁੰਚੀਆਂ ਹੋਈਆਂ ਸਨ। ਸਭ ਦੇ ਲਈ ਜੂਸ, ਸਾਫਟ ਡਿ੍ਰੰਕ ਅਤੇ ਸਮੋਸਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਸ਼ਹੀਦਾਂ ਦੇ ਨਾਂਅ ’ਤੇ ਬਣੇ ਇਸ ਟ੍ਰਸਟ ਦੇ ਬੈਨਰ ਹਮੇਸ਼ਾਂ ਸ਼ਹੀਦਾਂ ਦੀਆਂ ਫੋਟਆਂ ਅਤੇ ਸੱਚੇ ਬੋਲਾਂ ਨਾਲ ਲਿਖ ਕੇ ਬਣਾਏ ਜਾਂਦੇ ਹਨ, ਜੋ ਕਿ ਆਪਣੇ ਆਪ ਵਿਚ ਹੀ ਸੁਨੇਹਾ ਛੱਡਦੇ ਪ੍ਰਤੀਤ ਹੁੰਦੇ ਹਨ। 

Install Punjabi Akhbar App

Install
×