ਨਿਊਜ਼ੀਲੈਂਡ ਸਿੱਖ ਖੇਡਾਂ-ਭਾਰਤੀ ਹਾਕੀ ਸਟਾਰ ਸ. ਪ੍ਰਗਟ ਸਿੰਘ ਨੇ ਕੀਤਾ ਨਿਊਜ਼ੀਲੈਂਡ ਸਿੱਖ ਖੇਡਾਂ-2022 ਦਾ ਪੋਸਟਰ ਜਾਰੀ

-26-27 ਨਵੰਬਰ ਟਾਕਾਨੀਵੀ ਵਿਖੇ ਹੋ ਰਹੀਆਂ ਹਨ ਖੇਡਾਂ

(ਆਕਲੈਂਡ):-ਨਿਊਜ਼ੀਲੈਂਡ ਦੇ ਵਿਚ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਆਗਾਜ਼ 2019 ਦੇ ਵਿਚ ਬੜੇ ਜੋਸ਼ੋ-ਖਰੋਸ਼ ਨਾਲ ਕਰਕੇ ਇਸ ਨੂੰ ਇਥੇ ਵਸਦੇ ਭਾਰਤੀ ਭਾਈਚਾਰੇ ਦਾ ਸਭ ਤੋਂ ਵੱਡਾ ਖੇਡ ਤੇ ਸਭਿਆਚਾਰਕ ਮੇਲਾ ਬਣਾ ਦਿੱਤਾ ਗਿਆ ਸੀ। 2020 ਦੀਆਂ ਖੇਡਾਂ ਵੀ ਇਸਦੀ ਚਾਲ ਨੂੰ ਹੋਰ ਤੇਜ ਕਰ ਗਈਆਂ ਅਤੇ 2021 ਦੇ ਵਿਚ ਕਰੋਨਾ ਕਾਲ ਦੇ ਚਲਦਿਆਂ ਇਹ ਖੇਡਾਂ 2022 ਦੀਆਂ ਖੇਡਾਂ ਦੇ ਨਾਲ ਜਾ ਰਲੀਆਂ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਮੈਨੇਜਮੈਂਟ ਵੱਲੋਂ ਅੱਜ ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਸੰਗਮ (ਨਿਊਜ਼ੀਲੈਂਡ ਸਿੱਖ ਖੇਡਾਂ 26 ਤੋਂ 27 ਨਵੰਬਰ 2022’ ) ਦਾ ਰੰਗਦਾਰ ਪੋਸਟਰ ਇਕ ਭਰਵੇਂ ਸਮਾਗਮ ਵਿਚ ਜਾਰੀ ਕਰ ਦਿੱਤਾ ਗਿਆ। ਰੰਗਦਾਰ ਪੋਸਟਰ ਜਾਰੀ ਕਰਨ ਵਾਸਤੇ ਉਚੇਚੇ ਤੌਰ ਉਤੇ ਭਾਰਤ ਦੇ ਸਾਬਕਾ ਹਾਕੀ ਸਟਾਰ ਸ. ਪ੍ਰਗਟ ਸਿੰਘ ਪਹੁੰਚੇ ਜਿਨ੍ਹਾਂ, ਹਾਕੀ ਦੀ ਜ਼ੋਰਦਾਰ ਸਟ੍ਰੋਕ ਵਾਂਗ ਇਨ੍ਹਾਂ ਖੇਡਾਂ ਨੂੰ ਹੁਲਾਰਾ ਦੇਣ ਲਈ ਅੱਜ ਆਪਣੇ ਕਰ ਕਮਲਾਂ ਨਾਲ ਇਸ ਪੋਸਟਰ ਨੂੰ ਜਾਰੀ ਕੀਤਾ। ‘ਦਾ ਕੇਵ’ ਪਾਰਟੀ ਹਾਲ ਦੇ ਵਿਚ ਹੋਏ ਇਕ ਫੰਡ ਰੇਜਿੰਗ ਸਮਾਗਮ ਦੇ ਵਿਚ ਸ. ਪ੍ਰਗਟ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ।

ਸਟੇਜ ਦਾ ੱਪ੍ਰੋਗਰਾਮ ਪਿਛਲੇ ਸਾਲ ਦੀਆਂ ਖੇਡਾਂ ਦੀ ਇਕ ਝਲਕ ਵਿਖਾ ਕੇ ਕੀਤੀ ਗਈ, ਜਿਸ ਨੂੰ ਵੇਖ ਕੇ ਸ. ਪ੍ਰਗਟ ਸਿੰਘ ਬਹੁਤ ਪ੍ਰਭਾਵਿਤ ਹੋਏ। ਸਟੇਜ ਸੰਚਾਲਨ ਸ.ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਸ. ਸ਼ਰਨਜੀਤ ਸਿੰਘ ਨੇ ਕਰਦਿਆਂ ਸਿੱਖ ਖੇਡਾਂ ਦੀ ਕਮੇਟੀ ਦੇ ਚੇਅਰਮੈਨ ਸ. ਤਾਰਾ ਸਿੰਘ ਨੂੰ ਸਟੇਜ ਉਤੇ ਸਵਾਗਤੀ ਸ਼ਬਦ ਬੋਲਣ ਲਈ ਕਿਹਾ। ਸ. ਤਾਰਾ ਸਿੰਘ ਬੈਂਸ ਨੇ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ, ਆਈ. ਟੀ. ਸੈਲ ਅਤੇ ਯੰਗ ਟੀਮ ਨੂੰ ਸਾਰਿਆਂ ਦੇ ਰੂਬਰੂ ਕਰਵਾਇਆ। ਸਿੱਖ ਖੇਡਾਂ ਦੀ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਨੇ ਆਪਣੇ ਸ਼ੁਰੂਆਤੀ ਭਾਸ਼ਣ ਦੇ ਵਿਚ ਸਿੱਖ ਖੇਡਾਂ ਦੀ ਆਰੰਭਤਾ ਸਬੰਧੀ ਸੰਖੇਪ ਜਾਣਕਾਰੀ ਪੇਸ਼ ਕੀਤੀ। ਸ. ਪ੍ਰਗਟ ਸਿੰਘ ਹੋਰਾਂ ਨੂੰ ਅਗਲੀਆਂ ਸਿੱਖ ਖੇਡਾਂ ਉਤੇ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ। ਸ. ਪਿ੍ਰਥੀਪਾਲ ਸਿੰਘ ਬਸਰਾ ਨੇ ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦੀ ਆਮਦ ਤੋਂ ਗੱਲ ਕਰਦਿਆਂ ਕਿਹਾ ਕਿ ਜਿਡਾ ਵੱਡਾ ਕਾਰਜ ਹੋਵੇ, ਓਨੇ ਵੱਡੇ ਸਰੋਤ ਹੋਣੇ ਜਰੂਰੀ ਹੋ ਜਾਂਦੇ ਹਨ।

ਸ. ਪ੍ਰਗਟ ਸਿੰਘ ਹੋਰਾਂ ਆਪਣੇ ਦਮਦਾਰ ਭਾਸ਼ਣ ਵਿਚ ਕਿਹਾ ਕਿ ਪੰਜਾਬੀਓ ਪੰਜਾਬ ਨਾਲ ਜੁੜੇ ਰਹਿਓ, ਬਹੁਤ ਕੁਝ ਅਜੇ ਕਰਨ ਵਾਲਾ ਹੈ, ਤੁਹਾਡੇ ਸਹਿਯੋਗ ਦੀ ਹਮੇਸ਼ਾ ਲੋੜ ਰਹੇਗੀ। ਕਬੱਡੀ ਫੈਡਰੇਸ਼ਨਾਂ ਨੂੰ ਵੀ ਉਨ੍ਹਾਂ ਅਪੀਲ ਕੀਤੀ ਕਿ ਹੋਰ ਸੁਚਾਰੂ ਤਰੀਕੇ ਨਾਲ ਕੰਮ ਕਰਨ। ਕਬੱਡੀ ਨੂੰ ਓਲੰਪਿਕ ਤੱਕ ਲਿਜਾਉਣ ਦੀ ਗੱਲ ਕੀਤੀ। ਕਬੱਡੀ ਬਾਰੇ ਕਿਹਾ ਕਿ ਇਹ ਅਜਿਹੀ ਖੇਡ ਹੈ, ਜਿਸ ਦੇ ਲਈ ਕੋਈ ਸਾਮਾਨ ਦੀ ਲੋੜ ਨਹੀਂ, ਚੰਗੀ ਸਿਹਤ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਜਾਂਦੀ ਹੈ। ਨਿਊਜ਼ੀਲੈਂਡ ਸਿੱਖ ਖੇਡਾਂ ਦੇ ਇਤਿਹਾਸ ਸੁਣ ਕੇ ਉਨ੍ਹਾਂ ਇਸ ਨੂੰ ਦੂਜਿਆਂ ਲਈ ਉਦਾਹਰਣ ਦੱਸਿਆ।

ਵਰਨਣਯੋਗ ਹੈ ਕਿ ਸ. ਪ੍ਰਗਟ ਸਿੰਘ 1986 ਵਿਚ ਕਰਾਚੀ ਖੇਡਣ ਗਏ ਤੇ ਇੰਡੀਆ ਨੂੰ 3-2 ਨਾਲ ਜਿਤਾਇਆ। 1992 ਦੀ ਬਾਰਸੀਲੋਨਾ ਓਲੰਪਿਕ ਤੱਕ ਸ. ਪ੍ਰਗਟ ਸਿੰਘ ਕੈਪਟਨ ਬਣ ਗਿਆ ਸੀ ਤੇ ਝੰਡਾ ਲਹਿਰਾ ਕੇ ਦਾਖਲ ਹੋਇਆ ਸੀ ਅਤੇ ਫਿਰ 1996 ਦੀ ਅਟਲਾਂਟਾ ਓਲਿੰਪਕ ਦੇ ਵਿਚ ਵੀ ਕਪਤਾਨੀ ਕੀਤੀ। ਭਾਰਤ ਸਰਕਾਰ ਵੱਲੋਂ 1998 ਤੋਂ ਪਦਮ ਸ਼੍ਰੀ ਅਤੇ 1989 ਵਿਚ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰੀ ਕੋਚ ਤੇ ਖੇਡ ਨਿਰਦੇਸ਼ਕ ਵੀ ਰਹਿ ਚੁੱਕੇ  ਸ. ਪ੍ਰਗਟ ਸਿੰਘ 2012 ਦੇ ਵਿਚ ਸਿਆਸਤ ’ਚ ਸਰਗਰਮ ਹੋਏ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਜਿੱਤੇ। 2021-22 ਦੇ ਵਿਚ ਪੰਜਾਬ ਦੇ ਕੈਬਨਿਟ ਰੈਂਕ ਦੇ ਸਕੂਲ ਸਿਖਿਆ, ਉਚ ਸਿੱਖਿਆ ਤੇ ਭਾਸ਼ਾ, ਖੇਡਾਂ ਤੇ ਯੁਵਕ ਸੇਵਾਵਾਂ ਅਤੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਬਣੇ।