‘ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ’’….. ਪਾਕਿਸਤਾਨ ਦੇ ਸਿੰਧ ਪ੍ਰਾਂਤ ’ਚ ਗੁਰਪੁਰਬਾਂ ਅਤੇ ਸ਼ਹੀਦੀ ਦਿਵਸਾਂ ਉਤੇ ਸੰਗਤਾਂ ਦਾ ਸੈਲਾਬ

ਬੀਬੀ ਮਹਿਮਾ ਕੌਰ ਕੰਧਕੋਟ ਸਮੇਤ ਕਈ ਜੱਥੇ ਸਿੱਖੀ ਪ੍ਰਚਾਰ ਵਿਚ

(ਔਕਲੈਂਡ) 30 ਦਸੰਬਰ, 2022: (15 ਪੋਹ, ਨਾਨਕਸ਼ਾਹੀ ਸੰਮਤ 554): ਦੋ ਦਹਾਕੇ ਪਹਿਲਾਂ ਗੀਤਕਾਰ ਹਰਵਿੰਦਰ ਓਹੜਪੁਰੀ ਦਾ ਲਿਖਿਆ ਇਕ ਗੀਤ ‘ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ’ ਬੀਬਾ ਸਤਵਿੰਦਰ ਬਿੱਟੀ ਨੇ ਗਾਇਆ ਸੀ। ਇਸ ਗੀਤ ਦੇ ਬੋਲਾਂ ਨੂੰ ਜੇਕਰ ਦੁਨੀਆ ਦੇ ਵਿਚ ਵਸਦੇ ਸਿੱਖਾਂ ਨਾਲ ਜੋੜ ਕੇ ਵੇਖਣਾ ਹੋਵੇ ਤਾਂ ਸੱਚਮੁੱਚ ਸਿੱਖੀ ਧੰਨ ਹੀ ਪ੍ਰਤੀਤ ਹੁੰਦੀ ਹੈ। ਗੁਰੂ ਸਾਹਿਬਾਂ ਦਾ ਜੀਵਨ ਅਤੇ ਸਿਖਿਆਵਾਂ ਇਨਸਾਨੀਅਤ ਨੂੰ ਹਮੇਸ਼ਾ ਬਰਾਬਰ ਦਾ ਦਰਜ਼ਾ ਦਿੰਦੀਆਂ ਰਹੀਆਂ ਹਨ ਭਾਵੇਂ ਇਸ ਲੋਕਾਈ ਦੇ ਵਿਚ ਜ਼ੁਲਮ ਸਹਿੰਦਿਆ ਹੋਇਆਂ ਬਿਨਾਂ ਭੇਦ-ਭਾਵ ਕੁਰਬਾਨੀ ਕਰਨੀ ਪਈ ਹੋਵੇ। ਅਜਿਹੀਆਂ ਘਟਨਾਵਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ।
ਗੁਰੂ ਸਾਹਿਬਾਂ ਦੇ ਅਤੇ ਭਗਤਾਂ ਦੇ ਪ੍ਰਕਾਸ਼ ਗੁਰਪੁਰਬ ਤੇ ਸ਼ਹੀਦੀ ਦਿਵਸ ਹਰ ਸਿੱਖ ਜਿਥੇ ਵੀ ਵਸਿਆ ਹੈ, ਉਹ ਸ਼ਰਧਾ ਨਾਲ ਮਨਾਉਂਦਾ ਹੈ। ਪਾਕਿਸਤਾਨ ਉਹ ਦੇਸ਼ ਹੈ ਜਿੱਥੇ ਸਿੱਖੀ ਦਾ ਮਹਾਨ ਇਤਿਹਾਸ ਰੌਸ਼ਨ ਮਿਨਾਰ ਵਾਂਗ ਅੱਜ ਵੀ ਦਗ-ਦਗ ਕਰ ਰਿਹਾ ਹੈ। ਇਥੇ ਦੇ ਸਿੰਧ ਪ੍ਰਾਂਤ ਵਿਖੇ ਵਸਦੇ ਸਿੱਖੀ ਪ੍ਰੇਮੀਆਂ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਹੈ। ਪਿਛਲੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਸਭਾ, ਕੰਧਕੋਟ (ਸਿੰਧ ਪ੍ਰਾਂਤ) ਵਿਖੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ,  ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ (ਗੁਰੂ ਸਾਹਿਬਾਂ ਦੀ ਸ਼ਹੀਦੀ ਵੇਲੇ ਇਨ੍ਹਾਂ ਸਿੱਖਾਂ ਨੂੰ ਵੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ) ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਲਗਪਗ 10,000 ਦੀ ਸੰਗਤ ਦੇ ਵਿਚ ਵੱਖ-ਵੱਖ 9-10 ਰਾਗੀ ਜੱਥਿਆਂ ਨੇ ਕਥਾ-ਕੀਰਤਨ ਕੀਤਾ। ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਅਤੇ ਲਹਿਰਾਉਣ ਦੀ ਰਸਮ ਹੋਈ। ਸਾਰੇ ਰਾਗੀ ਜੱਥਿਆਂ ਨੇ ਨਿਸ਼ਾਕਾਮ ਸੇਵਾ ਕੀਤੀ। ਸੰਗਤਾਂ ਦਾ ਕੀਰਤਨ ਸੁਨਣ ਦਾ ਸਤਿਕਾਰ ਵੇਖਿਆ ਹੀ ਬਣਦਾ ਸੀ। ਅੱਜ ਗੁਰਦੁਆਰਾ ਸਾਹਿਬ ਵਿਖੇ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵੱਡਾ ਸਮਾਗਮ ‘ਸਫਰ-ਏ-ਸ਼ਹਾਦਤ’ ਮਨਾਇਆ ਗਿਆ। ਰਹਿਰਾਸ  ਦੇ ਪਾਠ ਉਪਰੰਤ, ਸੁਖਮਨੀ ਸਾਹਿਬ ਦਾ ਪਾਠ ਅਤੇ ਫਿਰ ਕੀਰਤਨ ਦਰਬਾਰ ਸਜਿਆ ਜਿਸ ਦੇ ਵਿਚ  ਬੀਬੀ ਮਹਿਮਾ ਕੌਰ ਨੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਸਿੰਧੀ ਭਾਸ਼ਾ ਦੇ ਵਿਚ ਸਰਵਣ ਕਰਵਾਇਆ ਅਤੇ ਬਹੁਤ ਹੀ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਸ਼ਰਸਾਰ ਕੀਤਾ। ਵਰਨਣਯੋਗ ਹੈ ਕਿ ਇਥੇ ਹਰ ਸ਼ੁੱਕਰਵਾਰ ਨੂੰ ਲਗਪਗ 700 ਦੇ ਕਰੀਬ ਬੀਬੀਆਂ ਇਕੋ ਜਿਹੇ ਵਸਤਰ ਪਹਿਨ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਹਨ। ਲੰਗਰ ਤਿਆਰ ਹੁੰਦਾ ਹੈ, ਗਰੀਬਾਂ ਵਿਚ ਵਰਤਦਾ ਹੈ ਅਤੇ ਬੱਚਿਆਂ ਦੀ ਪੜ੍ਹਾਈ ਲਈ ਮਾਇਆ ਖਰਚੀ ਜਾਂਦੀ ਹੈ। ਅਜਿਹੇ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਸਮਾਗਮ ਪਾਕਿਸਤਾਨ ਦੇ ਵਿਚ ਹੋਣ ਉਤੇ ਆਪ ਮੁਹਾਰੇ ਮੂੰਹੋ ਨਿਕਲਦਾ ਹੈ ਕਿ ‘ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ’।