ਨਿਊਜ਼ੀਲੈਂਡ ਦਾ ਰਿਜ਼ਰਵ ਬੈਂਕ ਬਦਲੇਗਾ ਨੋਟਾਂ ਦੀ ਦਿੱਖ- ਨਕਲੀ ਨੋਟ ਛਾਪਣ ਦੀ ਨਹੀਂ ਰਹੇਗੀ ਗੁੰਜਾਇਸ਼

NZ PIC 20 Nov-3
ਨਿਊਜ਼ੀਲੈਂਡ ਦੇ ਵਿਚ ਨਕਲੀ ਨੋਟਾਂ ਦਾ ਪ੍ਰਚਲਣ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਹੀ ਘੱਟ ਹੈ ਪਰ ਫਿਰ ਵੀ ਸਰਕਾਰ ਇਕ ਕਦਮ ਅਗਾਂਹ ਚੱਲਦੀ ਹੋਈ ਅਜਿਹੇ ਨਵੇਂ ਸੁਰੱਖਿਆ ਅਤੇ ਨਕਲ ਨਾਲ ਮਾਰ ਸਕਣ ਵਾਲੇ ਗੁਣਾ ਵਾਲੀ ਕਰੰਸੀ ਬਣਾਉਣਾ ਚਾਹੁੰਦੀ ਹੈ ਜਿਸ ਦੀ ਕੋਈ ਨਕਲ ਮਾਰ ਕੇ ਜਾਅਲੀ ਕਰੰਸੀ ਨਾ ਬਣਾ ਸਕੇ। ਇਸਦੇ ਲਈ ਅੱਜ ਰਿਜਰਵ ਬੈਂਕ ਨੇ ਨਵੇਂ ਨੋਟਾਂ ਦੇ ਕੁਝ ਡਿਜ਼ਾਈਨ ਜਾਰੀ ਕੀਤੇ ਹਨ। ਇਨ੍ਹਾਂ ਦੇ ਵਿਚ ਅਜਿਹੇ ਤਕਨੀਕੀ ਫੀਚਰ ਫਿੱਟ ਕੀਤੇ ਗਏ ਹਨ ਜਿਸ ਦੇ ਨਾਲ ਅਸਲੀ ਅਤੇ ਨਕਲੀ ਦੀ ਤੁਰੰਤ ਪਛਾਣ ਹੋ ਜਾਇਆ ਕਰੇਗੀ। ਇਨ੍ਹਾਂ ਨੋਟਾਂ ਦੇ ਰੰਗ ਅਤੇ ਲਿਖੇ ਸ਼ਬਦ ਜਿਆਦਾ ਗੂੜੇ ਅਤੇ ਰੰਗਦਾਰ ਹੋਣਗੇ।  ਪਹਿਲੇ ਪੜਾਅ ਦੇ ਵਿਚ 5,10 ਡਾਲਰ ਦੇ ਨੋਟ ਅਕਤੂਬਰ 2015 ਵਿਚ ਜਾਰੀ ਕੀਤੇ ਜਾ ਰਹੇ ਹਨ ਅਤੇ ਦੂਜੇ ਪੜਾਅ ਦੇ ਵਿਚ 20,50 ਅਤੇ 100 ਡਾਲਰ ਦੇ ਨੋਟ ਅਪ੍ਰੈਲ 2016 ਦੇ ਵਿਚ ਜਾਰੀ ਕੀਤੇ ਜਾਣਗੇ। ਨੋਟਾਂ ਦੇ ਉਤੇ ਲੱਗੀਆਂ ਤਸਵੀਰਾਂ ਨੂੰ ਨਹੀਂ ਬਦਲਿਆ ਜਾ ਰਿਹਾ ਅਤੇ ਇਨ੍ਹਾਂ ਦਾ ਆਕਾਰ ਵੀ ਪਹਲਾਂ ਜਿੰਨਾ ਹੀ ਰਹੇਗਾ। ਨਵੇਂ ਨੋਟਾਂ ਦੇ ਆ ਜਾਣ ਬਾਅਦ ਪੁਰਾਣੇ ਨੋਟਾਂ ਦੀ ਵਰਤੋਂ ਲਈ ਸਾਲ ਕੁ ਦਾ ਸਮਾਂ ਹੋਰ ਦਿੱਤਾ ਜਾਵੇਗਾ ਅਤੇ ਬਾਅਦ ਵਿਚ ਉਨ੍ਹਾਂ ਨੂੰ ਰੋਕ ਦਿੱਤਾ ਜਾਵੇਗਾ। ਨੋਟਾਂ ਦੇ ਉਪਰ ਲੱਗਣ ਵਾਲੀਆਂ ਸਥਾਨਕ ਪੰਛੀਆਂ ਦੀਆਂ ਫੋਟੋਆਂ ਵਿਚ ਕੀਵੀ ਤੋਂ ਇਲਾਵਾ ਕੁਝ ਹੋਰ ਸੁੰਦਰ ਪੰਛੀ ਜਿਵੇਂ ਕੋਕਾਕੋ, ਕਾਰੀਅਰੀਆ (ਨਿਊਜ਼ੀਲੈਂਡ ਦਾ ਬਾਜ਼), ਹੀਓ (ਨੀਲੀ ਬੱਤਖ) ਵੀ ਦਿਸਣਗੇ।