ਚੰਗਾ ਵਿਦਿਆਰਥੀ: ਇਕ ਦਿਨ ਬਣਦਾ ਪ੍ਰੇਰਨਾ ਸਰੋਤ: ਨੇਪੀਅਰ ਸਿਟੀ ਕੌਂਸਿਲ ਵੱਲੋਂ ਮਿਸ ਰਤਿੰਦਰ ਕੌਰ ਨੂੰ ‘ਬੈਸਟ ਏਸ਼ੀਅਨ ਟਰਸ਼ਰੀ ਸਟੂਡੈਂਟ’ ਐਵਾਰਡ

ਔਕਲੈਂਡ 03 ਅਗਸਤ 2022: ਕਹਿੰਦੇ ਨੇ ਇੱਕ ਵਿਦਿਆਰਥੀ ਲਈ ਇੱਕ ਚੰਗੇ ਅਧਿਆਪਕ ਨੂੰ ਚੁਣਨਾ ਔਖਾ ਹੁੰਦਾ ਹੈ, ਪਰ ਇੱਕ ਅਧਿਆਪਕ ਲਈ ਇੱਕ ਚੰਗੇ ਵਿਦਿਆਰਥੀ ਨੂੰ ਚੁਣਨਾ ਹੋਰ ਵੀ ਔਖਾ ਹੁੰਦਾ ਹੈ, ਕਿਉਂਕਿ ਮਾਪਦੰਡਾਂ ਦੀ ਰੇਖਾ ਬਹੁਤ ਉਚੀ ਚਲੀ ਗਈ ਹੁੰਦੀ ਹੈ। ਅਜਿਹੇ ਦੇ ਵਿਚ ਜੇਕਰ ਕੋਈ ਪੰਜਾਬ ਦੇ ਕਿਸੇ ਪਿੰਡ ਦੀ ਧੀਅ ਵਿਕਸਤ ਦੇਸ਼ਾਂ ਦੇ ਵਿਚ ‘ਬਿਹਤਰੀਨ ਵਿਦਿਆਰਥਣ’ ਦਾ ਐਵਾਰਡ ਜਿੱਤ ਜਾਵੇ ਤਾਂ ਮਾਣ ਵਾਲੀ ਗੱਲ ਜ਼ਰੂਰ ਬਣਦੀ ਹੈ।

ਨਿਊਜ਼ੀਲੈਂਡ ਦੇ ਪੂਰਬੀ ਸਮੁੰਦਰੀ ਤੱਟ ਦੇ ਖੇਤਰ ‘ਹਾਕਸ ਬੇਅ’ ਦਾ ਇਕ ਸ਼ਹਿਰ ਹੈ ਨੇਪੀਅਰ, ਜੋ ਕਿ ਔਕਲੈਂਡ ਤੋਂ ਲਗਪਗ 410 ਕਿਲੋਮਟੀਰ ਦੂਰ ਹੈ। ਕੁੱਲ 70,000 ਕੁ ਹਜ਼ਾਰ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਵਿਚ ਵੱਡੀ ਗਿਣਤੀ ’ਚ  ਏਸ਼ੀਅਨ ਭਾਈਚਾਰਾ  ਵੀ ਰਹਿੰਦਾ ਹੈ ਅਤੇ ਇਥੇ ਪੰਜਾਬੀਆਂ ਦੀ ਗਿਣਤੀ ਵੀ ਇਸ ਬਹੁ-ਕੌਮੀ ਮੁਲਕ ਦੇ ਵਿਚ ਆਪਣਾ ਚੋਖਾ ਰੰਗ ਬਿਖੇਰਦੀ ਹੈ। ਇਥੇ ਰਹਿੰਦੀ ਇਕ ਪੰਜਾਬੀ ਕੁੜੀ ਮਿਸ ਰਤਿੰਦਰ ਕੌਰ ਨੂੰ ਬੀਤੇ ਦਿਨੀਂ ਨੇਪੀਅਰ ਕੌਂਸਿਲ ਵੱਲੋਂ ਕਰਵਾਏ ਗਏ ‘ਏਸ਼ੀਅਨ ਇਨ ਦਾ ਬੇਅ ਐਵਾਰਡਜ਼ 2022’ ਵਿਚ ‘ਬੈਸਟ ਏਸ਼ੀਅਨ ਟਰਸ਼ਰੀ ਸਟੂਡੈਂਟ’ (ਬਿਹਤਰੀਨ ਏਸ਼ੀਅਨ ਤੀਜਾ ਦਰਜਾ ਸਿੱਖਿਆ ਵਿਦਿਆਰਥਣ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਨੇਪੀਅਰ ਨਗਰ ਕੌਂਸਿਲ ਤੋਂ ਪਹੁੰਚੀ ਮੇਅਰ ਕ੍ਰਿਸਟਨ ਵਾਈਜ ਅਤੇ ਕੌਂਸਲਰ ਗ੍ਰੇਗ ਜਿਨ੍ਹਾਂ ਨੇ ਇਸ ਕੁੜੀ ਦੀ ਇੰਟਰਵਿਊ ਕੀਤੀ ਸੀ, ਨੇ ਇਹ ਐਵਾਰਡ ਭੇਟ ਕੀਤਾ।
ਪੰਜਾਬ ਦੇ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਦੀ ਇਸ ਧੀਅ ਰਤਿੰਦਰ ਕੌਰ ਸਪੁਤਰੀ ਸ. ਚਮਕੌਰ ਸਿੰਘ-ਸ੍ਰੀਮਤੀ ਪਰਮਿੰਦਰ ਕੌਰ ਜਿਸ ਨੇ ‘ਬਿਹਤਰੀਨ ਵਿਦਿਆਰਥਣ’ ਦਾ ਐਵਾਰਡ ਆਪਣੇ ਪੱਲੇ ਪਵਾਇਆ ਹੈ। ਮਾਤਾ ਪਿਤਾ ਤੇ ਦਾਦੀ ਸ੍ਰੀਮਤੀ ਜਸਵੀਰ ਕੌਰ ਵੀ ਇਸ ਮੌਕੇ ਹਾਜ਼ਿਰ ਸਨ ਅਤੇ ਉਨ੍ਹਾਂ ਦੇ ਚਿਹਰਿਆਂ ਦੀ ਖੁਸ਼ੀ ਵੇਖਣ ਵਾਲੀ ਸੀ।

(ਮਿਸ ਰਤਿੰਦਰ ਕੌਰ ਜਿਸਨੇ ‘ਬੈਸਟ ਏਸ਼ੀਅਨ ਟਰਸ਼ਰੀ ਸਟੂਡੈਂਟ’ ਐਵਾਰਡ ਜਿੱਤਿਆ। ਨਾਲ ਖੜੇ ਹਨ ਕੌਂਸਿਲ ਅਧਿਕਾਰੀ ਅਤੇ ਆਪਣੀ ਹੋਣਹਾਰ ਪੋਤੀ ਨਾਲ ਬੈਠੀ ਦਾਦੀ ਜਸਵੀਰ ਕੌਰ)

2016 ਦੇ ਵਿਚ ਇਹ ਇਥੇ ਸਕੂਲੀ ਪੜ੍ਹਾਈ ਲਈ ਆਈ ਸੀ। 2017 ਵਿਚ ਹਾਈ ਸਕੂਲ ਸੰਪੂਰਨ ਕੀਤਾ, 2018 ਦੇ ਵਿਚ ਪੁਲਿਸ ਵਿਚ ਜਾਣ ਲਈ ਅਗਾਊਂ ਕੀਤਾ ਜਾਣ ਵਾਲਾ ‘ਪ੍ਰੀ ਪ੍ਰੈਪ ਕੋਰਸ’ ਕੀਤਾ। 2019 ਦੇ ਵਿਚ ਇਹ ਕੁੜੀ ‘ਹੈਲਥ ਐਂਡ ਫਿੱਟਨੈਸ’ (ਨਿੱਜੀ ਟ੍ਰੇਨਰ) ਵਾਲੇ ਪਾਸੇ ਚਲੇ ਗਈ ਅਤੇ ਕੋਰਸ ਕਰ ਲਿਆ। ਫਿਰ ਇਸ ਨੇ ਔਕਲੈਂਡ ਏਅਰਪੋਰਟ ਉਤੇ ਕੁਝ ਸਮਾਂ ਕੰਮ ਕੀਤਾ। 2020 ਦੇ ਵਿਚ ਨਰਸਿੰਗ ਦਾ ਕੋਰਸ ਕਰਨਾ ਸ਼ੁਰੂ ਕਰ ਲਿਆ ਜੋ ਅਗਲੇ ਸਾਲ ਖਤਮ ਹੋਵੇਗਾ ਤੇ ਨਾਲ-ਨਾਲ ਵਲੰਟੀਅਰ ਦੁਭਾਸ਼ੀਆ ਦਾ ਕੰਮ ’ਚ ਸਹਾਇਤਾ ਵੀ ਕਰਦੇ ਹਨ। ਇਸ ਪੰਜਾਬੀ ਕੁੜੀ ਦਾ ਝੁਕਾਅ ਜ਼ਿਆਦਾ ਸਿਹਤ ਅਤੇ ਤੰਦਰੁਸਤੀ ਦੇ ਖੇਤਰ ਵਿਚ ਲੋਕਾਂ ਲਈ ਕੰਮ ਕਰਨ ਦਾ ਹੈ। ਪੰਜਾਬੀ ਭਾਸ਼ਾ ਅਤੇ ਪੰਜਾਬੀ ਲੋਕਾਂ ਦੇ ਨਾਲ ਕੰਮ ਕਰਕੇ ਉਸਨੂੰ ਬਹੁਤ ਖੁਸ਼ੀ ਮਿਲਦੀ ਹੈ ਅਤੇ ਉਸਦਾ ਸਿਹਤ ਤੇ ਤੰਦਰੁਸਤੀ ਦੇ ਖੇਤਰ ਵਿਚ ਆਪਣੇ ਭਾਈਚਾਰੇ ਲਈ ਕੁਝ ਖਾਸ ਕਰਨ ਦਾ ਸੁਪਨਾ ਹੈ।
ਨਿਊਜ਼ੀਲੈਂਡ ਦੇ ਵਿਚ ਤੀਜੇ ਦਰਜੇ ਦੀ ਸਿਖਿਆ ਯੂਨੀਵਰਸਿਟੀਆਂ, ਪ੍ਰਾਈਵੇਟ ਸਿਖਿਆ ਸੰਸਥਾਨਾਂ ਤੋਂ ਵਿਅਕਤੀ ਨੂੰ ਹੁਨਰਮੰਦ ਕੰਮ ਵਾਲੇ ਸਥਾਨਾਂ ਉਤੇ ਲਿਜਾਉਣ ਦਾ ਕੰਮ ਕਰਦੀ ਹੈ। ਇਸ ਸਿਖਿਆ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਿਊਜ਼ੀਲੈਂਡ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ।
ਸੋ “ਵਿਦਿਆ ਵਿਚਾਰੀ ਤਾਂ ਪਰ ਉਪਕਾਰੀ” ਦੀ ਕਹਾਵਤ ਅਨੁਸਾਰ ਚੰਗੇ ਵਿਦਿਆਰਥੀ ਇਕ ਦਿਨ ਜਰੂਰ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ ਅਤੇ ਇਸ ਪੰਜਾਬੀ ਕੁੜੀ ਨੂੰ ਐਵਾਰਡ ਮਿਲਣ ਉਤੇ ਬਹੁਤ ਬਹੁਤ ਵਧਾਈ ਜੋ ਦੂਜਿਆਂ ਲਈ ਪ੍ਰੇਰਨਾ ਸਰੋਤ ਵੀ ਬਣੀ ਹੈ।

Install Punjabi Akhbar App

Install
×