ਨਿਊਜ਼ੀਲੈਂਡ ‘ਚ ਪੰਜਾਬੀਆਂ ਦੇ ਲਿੱਕਰ ਸਟੋਰ ਉਤੇ ਲੁੱਟ ਦੀ ਵਾਰਦਾਤ-ਮਾਲਕ ਜ਼ਖਮੀ

NZ PIC 3 March-1aਬੀਤੇ ਕਈ ਚਿਰ ਤੋਂ ਇਥੇ ਭਾਰਤੀਆਂ ਦੇ ਵਪਾਰਕ ਅਦਾਰਿਆਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹੁਣ ਪਿਛਲੇ ਦਿਨੀਂ ਇਕੋ ਦਿਨ ਇਥੇ ਪੰਜਾਬੀਆਂ ਦੇ ਦੋ ਲਿੱਕਰ ਸਟੋਰਾਂ ਉਤੇ ਲੁਟੇਰਿਆਂ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਪਹਿਲਾਂ ਸ਼ਾਮ ਨੂੰ ਟਾਕਾਨੀਨੀ ਖੇਤਰ ‘ਚ ਪੰਜਾਬੀਆਂ ਦੇ ਇਕ ਲਿੱਕਰ ਸਟੋਰ ਨੂੰ ਲੁਟਿਆ ਗਿਆ। ਇਨ੍ਹਾਂ ਦਾ ਪਿੱਛਾ ਕਰਕੇ ਪੁਲਿਸ ਨੂੰ ਦੱਸਿਆ ਵੀ ਗਿਆ ਪਰ ਸਰਚ ਵਾਰੰਟ ਨਾ ਹੋਣ ਕਾਰਨ ਉਹ ਜਿਆਦਾ ਕੁਝ ਨਾ ਕਰ ਸਕੇ। ਬਾਅਦ ਵਿਚ ਰਾਤ ਪੌਣੇ ਕੁ 10 ਵਜੇ ਮੈਨੁਰੇਵਾ ਵਿਖੇ ਪਰਮਜੀਤ ਸਿੰਘ ਬੋਲੀਨਾ ਅਤੇ ਸਰਬਜੀਤ ਸਿੰਘ ਸਾਬੀ ਬੋਲੀਨਾ ਦੇ ਲਿੱਕਰ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ। ਲਿੱਕਰ ਸਟੋਰ ਬੰਦ ਕਰਨ ਤੋਂ ਕੁਝ ਮਿੰਟ ਪਹਿਲਾਂ ਹੀ ਇਹ ਘਟਨਾ ਘਟੀ। ਸਰਬਜੀਤ ਸਿੰਘ ਦੀ ਪਤਨੀ ਵੀ ਉਸ ਸਮੇਂ ਸਟੋਰ ਉਤੇ ਹਾਜ਼ਿਰ ਸੀ। ਸਾਬੀ ਹੋਰਾਂ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਚਿੱਲਰ ‘ਚ ਰੱਖਣ ਵਾਲੇ ਸਾਮਾਨ ਦੀ ਲਿਸਟ ਤਿਆਰ ਕਰ ਲਓ ਅਤੇ ਆਪ ਬਾਹਰ ਵੈਸੇ ਹੀ ਖੜ ਗਿਆ। ਕੁਝ ਸਮੇਂ ਬਾਅਦ ਉਹ ਦੁਬਾਰਾ ਗਿਆ ਅਤੇ ਆਪਣੀ ਪਤਨੀ ਨੂੰ ਕਿਹਾ ਕਿ ਚਲੋ ਚਲਦੇ ਹਾਂ। ਐਨੇ ਨੂੰ ਤਿੰਨ ਲੁਟੇਰੇ ਜਿਨ੍ਹਾਂ ਦੀ ਉਮਰ 16,18 ਅਤੇ 19 ਸਾਲ ਦੀ ਦੌੜ ਕੇ ਆਏ। ਦੋ ਕੋਲ ਚਾਕੂ ਸਨ। ਇਕ ਨੇ ਸਰਬਜੀਤ ਦੇ ਉਦੋਂ ਪਿੱਠ ਵਿਚ ਡੂੰਘਾ ਚਾਕੂ ਮਾਰ ਦਿੱਤਾ ਜਦੋਂ ਉਹ ਬਚਾਅ ਕਰਨ ਲਈ ਥੋੜ੍ਹਾ ਪਿੱਛੇ ਹਟਿਆ। ਉਹ ਬਚਾਅ ਲਈ ਸੜਕ ਵੱਲ ਭੱਜਿਆ ਅਤੇ ਲੁਟੇਰਾ ਵੀ ਪਿੱਛੇ ਹੀ ਭੱਜਿਆ। ਸਰਬਜੀਤ ਦਾ ਪੈਰ ਫਿਸਲ ਜਾਣ ਕਰਕੇ ਉਹ ਡਿਗ ਪਿਆ ਅਤੇ ਲੁਟੇਰੇ ਸਟੋਰ ਅੰਦਰ ਵੱਲ ਭੱਜ ਗਏ। ਉਨ੍ਹਾਂ ਉਸਦੀ ਪਤਨੀ ਕੋਲੋਂ ਪੈਸਿਆਂ ਦੀ ਮੰਗ ਕੀਤੀ ਅਤੇ ਕੁਝ ਸ਼ਰਾਬ ਦੀਆਂ ਬੋਤਲਾਂ ਚੁਰਾ ਲਈਆਂ। ਸਰਬਜੀਤ ਜ਼ਖਮੀ ਹਾਲਤ ਵਿਚ ਸੀ ਇਸਦੇ ਬਾਵਜੂਦ ਉਸਨੇ ਸੋਚਿਆ ਕਿ ਉਨ੍ਹਾਂ ਦੀ ਪਤਨੀ ਮਨਿੰਦਰ ਕੌਰ ਉਤੇ ਵੀ ਉਹ ਹਮਲਾ ਕਰ ਸਕਦੇ ਹਨ ਇਸ ਕਰਕੇ ਉਹ ਦੁਬਾਰਾ ਸਟੋਰ ਵੱਲ ਦੋੜਿਆ, ਉਨ੍ਹਾਂ ਫਿਰ ਹਮਲਾ ਕੀਤਾ। ਸਰਬਜੀਤ ਨੇ ਜ਼ਖਮੀ ਹੁੰਦਿਆਂ ਵੀ ਇਕ ਲੁਟੇਰੇ ਨੂੰ ਲਗਪਗ ਫੜ ਹੀ ਲਿਆ ਸੀ ਕਿ ਇਕ ਲੁਟੇਰੇ ਨੇ ਸਿਰ ਵਿਚ ਬੋਤਲ ਮਾਰ ਦਿੱਤੀ ਅਤੇ ਭੱਜ ਨਿਕਲਿਆ। ਐਨੇ ਨੂੰ ਰੌਲਾ ਸੁਣ ਕੇ ਗੁਆਂਢੀ ਆ ਨਿਕਲੇ ਪਰ ਉਹ ਕਿਸੇ ਤਰ੍ਹਾਂ ਕਾਰ ਭਜਾ ਕੇ ਜਾਣ ਵਿਚ ਸਫਲ ਹੋ ਗਏ। ਕੁਝ ਕੁ ਮਿੰਟ ਵਿਚ ਪੁਲਿਸ ਵੀ ਪਹੁੰਚ ਗਈ। ਪੁਲਿਸ ਨੇ ਹੁਣ ਤਿੰਨਾ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸਰਬਜੀਤ ਸਿੰਘ ਦੇ ਉਤੇ ਦੋ ਚਾਕੂ ਦੇ ਵਾਰ ਹੋਏ ਅਤੇ ਸਿਰ ਵਿਚ ਬੋਤਲ ਮਾਰ ਕੇ ਜ਼ਖਮੀ ਕੀਤਾ ਗਿਆ। ਸਰਬਜੀਤ ਸਿੰਘ ਨੇ ਗੁਆਂਢੀਆਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਬਾਹਰ ਨਿਕਲਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ ਅਤੇ ਲੁਟੇਰੇ ਜਲਦੀ ਭੱਜ ਗਏ।

Welcome to Punjabi Akhbar

Install Punjabi Akhbar
×