ਜੀ ਹਾਂ! ਵੱਡੇ ਵਿਅਕਤੀ ਨੂੰ ਸ਼ਰਾਰਤ ਸੋਭਾ ਨਹੀਂ ਦਿੰਦੀ

nz pic 22 April-1ਕਹਿੰਦੇ ਨੇ ਜੇਕਰ ਇਕ ਆਮ ਛੋਟੇ ਪੱਧਰ ਦਾ ਵਿਅਕਤੀ ਸ਼ਰਾਰਤ ਕਰੇ ਤਾਂ ਉਸਨੂੰ ਹਊ ਪਰ੍ਹੇ ਕੀਤਾ ਜਾ ਸਕਦਾ ਹੈ ਜਾਂ ਉਸ ਵਿਅਕਤੀ ਦੀ ਸਮਝ ਨੂੰ ਘੱਟ ਕਰਕੇ ਅੰਕਿਆ ਜਾ ਸਕਦਾ ਹੈ, ਪਰ ਜੇਕਰ ਕੋਈ ਵੱਡਾ ਵਿਅਕਤੀ ਉਹ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਉਤੇ ਹੋਵੇ ਤਾਂ ਯਕੀਨਨ ਉਸ ਨੂੰ ਸੋਭਾ ਨਹੀਂ ਦਿੰਦਾ। ਇਕ ਅਜਿਹਾ ਹੀ ਮਾਮਲਾ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਦਾ ‘ਦਾ ਡੇਲੀ ਬਲਾਗ’ ਵੈਬ ਸਾਈਟ ਉਤੇ ਭਖਿਆ ਹੋਇਆ ਹੈ। ਇਸ ਬਲਾਗ ਉਤੇ ਇਕ ਕੌਫੀ ਸ਼ਾਪ ਦੀ ਵੇਟਰ ਕੁੜੀ ਨੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਵੱਲੋਂ ਪਿਛਲੇ ਸਾਲ ਸਤੰਬਰ ਮਹੀਨੇ ਅਤੇ ਫਿਰ ਫਰਵਰੀ ਅਤੇ ਮਾਰਚ 2015 ਦੇ ਵਿਚ ਉਸਦੀ ‘ਪੋਨੀਟੇਲ’ ਸਿਰ ਦੇ ਵਾਲ ਖਿੱਚ ਕੇ ਸ਼ਰਾਰਤ ਕਰਨ ਦਾ ਕਿੱਸਾ ਪਾਇਆ ਹੈ। ਅਜਿਹਾ ਇਕ ਵਾਰ ਨਹੀਂ ਕਈ ਵਾਰ ਹੋਇਆ ਜਦ ਕਿ ਉਸਨੇ ਅਜਿਹਾ ਪ੍ਰਭਾਵ ਵੀ ਦਿੱਤਾ ਸੀ ਕਿ ਉਹ ਇਹ ਸਭ ਪਸੰਦ ਨਹੀਂ ਕਰਦੀ। ਇਕ ਦੋ ਵਾਰ ਪ੍ਰਧਾਨ ਮੰਤਰੀ ਦੀ ਪਤਨੀ ਵੀ ਨਾਲ ਹੁੰਦੀ ਸੀ, ਪਰ ਉਸ ਵੇਲੇ ਵੀ ਅਜਿਹਾ ਹੋਇਆ। ਵੇਟਰ ਕੁੜੀ ਨੇ ਲਿਖਿਆ ਹੈ ਉਹ ਇਸ ਤਰ੍ਹਾਂ ਦੀ ਸ਼ਰਾਰਤ ਤੋਂ ਤੰਗ ਆ ਕੇ ਕਈ ਵਾਰ ਪ੍ਰਧਾਨ ਮੰਤਰੀ ਨੂੰ ਕੌਫੀ ਪੇਸ਼ ਕਰਨ ਦੀ ਥਾਂ ਕਿਸੀ ਹੋਰ ਨੂੰ ਮੌਕਾ ਦੇ ਦਿੰਦੀ ਸੀ ਤਾਂ ਕਿ ਉਹ ਦੂਰੀ ਬਣਾਈ ਰੱਖੇ। 26 ਮਾਰਚ ਨੂੰ ਦੁਬਾਰਾ ਫਿਰ ਅਜਿਹਾ ਮੌਕਾ ਬਣ ਗਿਆ ਜਦੋਂ ਉਸਨੇ ਇਸ ਵੇਟਰ ਕੁੜੀ ਦੀ ਗੁੱਤ (ਵਾਲ) ਖਿੱਚ ਦਿੱਤੇ। ਇਸ ਮੌਕੇ ਕੁੜੀ ਨੇ ਸਪਸ਼ਟ ਕਹਿ ਦਿੱਤਾ ਕਿ ‘ਪਲੀਜ਼ ਸਟਾਪ ਔਰ ਆਈ ਵਿੱਲ ਐਕਚੂਅਲੀ ਹਿੱਟ ਯੂ ਸੂਨ’। ਉਸ ਸਮੇਂ ਪ੍ਰਧਾਨ ਮੰਤਰੀ ਨੇ ਇਸ ਗੱਲ ਵੱਲ ਕੋਈ ਤਵੱਜੋਂ ਨਾ ਦਿੱਤੀ। ਉਸ ਕੁੜੀ ਨੇ ਉਸਦੇ ਨਿੱਜੀ ਸੁਰੱਖਿਆ ਕਰਮੀ ਤੇ ਉਸਦੀ ਪਤਨੀ ਨੂੰ ਕਹਿ ਦਿੱਤਾ ਕਿ ਉਸਨੂੰ ਦੱਸ ਦਿਓ ਮੈਂ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹਾਂ ਪਰ ਉਹ ਪ੍ਰਵਾਹ ਨਹੀਂ ਕਰ ਰਿਹਾ। ਕੁਝ ਸਮੇਂ ਬਾਅਦ ਪ੍ਰਧਾਨ ਮੰਤਰੀ ਆਪਣੇ ਹੱਥ ਵਿਚ ਇਕ ਨਹੀਂ ਦੋ ਸ਼ਰਾਬ ਦੀਆਂ ਬੋਤਲਾਂ (ਜੇ.ਕੇ. 2012 ਪੀ.ਐਮ.) ਫੜ ਕੇ ਲੈ ਆਇਆ ਅਤੇ ਉਸ  ਵੇਟਰ ਕੁੜੀ ਨੂੰ ਕਿਹਾ ਕਿ ਇਹ ਤੇਰੇ ਵਾਸਤੇ ਅਤੇ ਕਿਹਾ ਕਿ ਗਲਤੀ ਮੰਨਦਿਆਂ ਕਿਹਾ ਕਿ ਮੈਂ ਅਹਿਸਾਸ ਨਹੀਂ ਕਰ ਸਕਿਆ। ਸ਼ਰਾਬ ਦੀ ਚੋਣ ਕਰਨ ਵੇਲੇ ਵੀ ਸ਼ਬਦ ਜੇ.ਕੇ. (ਜੌਹਨ ਕੀ) ਨੂੰ ਚੁਣਿਆ ਗਿਆ। ਇਸ ਤੋਂ ਪਹਿਲਾਂ ਕਿ ਉਹ ਕੁੜੀ ਕਹਿੰਦੀ ਪ੍ਰਧਾਨ ਮੰਤਰੀ ਫੁਰਰ ਹੋ ਗਏ। ਇਹ ਵੇਟਰ ਕੁੜੀ ਲਿਖਦੀ ਹੈ ਕਿ ਉਸ ਸਮੇਂ ਉਸਨੇ ਇਹ ਮਹਿਸੂਸ ਕੀਤਾ ਜਿਵੇਂ ਉਸਦੇ ਹੱਥ ਵਿਚ ਰਿਸ਼ਵਤ ਦੇ ਦਿੱਤੀ ਗਈ ਹੋਵੇ। 28 ਮਾਰਚ ਨੂੰ ਜਦੋਂ ਪ੍ਰਧਾਨ ਮੰਤਰੀ ਮੁੜ ਕੌਫੀ ਪੀਣ ਆਇਆ ਤਾਂ ਉਸਨੇ ਉਸੇ ਵੇਟਰ ਕੁੜੀ ਨੂੰ ਪੁਛਿਆ ਕਿ ‘ਵਾਈਨ ਕਿਵੇਂ ਸੀ’?। ਇਸ ਕੁੜੀ ਨੇ ਕਿਹਾ ਕਿ ਉਹ ‘ਰੈਡ ਵਾਈਨ’ ਨਹੀਂ ਪੀਂਦੀ। ਇਸ ਕੁੜੀ ਨੇ ਉਹ ਸ਼ਰਾਬ ਦੀਆਂ ਦੋ ਬੋਤਲਾਂ ਨੂੰ ਸੜਕ ਕਿਨਾਰੇ ਰੱਖਕੇ ਫੋਟੋਆਂ ਖਿੱਚ ਲਈਆਂ ਸਨ ਤਾਂ ਇਕ ਸਬੂਤ ਵਜੋਂ ਇਹ ਬੋਤਲਾਂ ਰੱਖੀਆਂ ਜਾ ਸਕਣ। ਇਹ ਮਾਮਲਾ ਹੁਣ ਵਿਰੋਧੀ ਧਿਰ ਦੇ ਕੋਲ ਵੀ ਸੁਲਗ ਰਿਹਾ ਹੈ ਅਤੇ ਸ਼ੋਸ਼ਲ ਮੀਡੀਆ ਉਤੇ ਪ੍ਰਧਾਨ ਮੰਤਰੀ ਦੇ ਹੱਕ ਅਤੇ ਨਾ ਹੱਕ ਦੇ ਵਿਚ ਬਹੁਤ ਕੁਝ ਲਿਖਿਆ ਜਾ ਰਿਹਾ ਹੈ।

Install Punjabi Akhbar App

Install
×