-ਨੈਸ਼ਨਲ ਅਤੇ ਲੇਬਰ ਵਿਚ ਹੋਵੇਗੀ ਕਰੜੀ ਟੱਕਰ
(ਔਕਲੈਂਡ), 19 ਜਨਵਰੀ, 2023: (6 ਮਾਘ, ਨਾਨਕਸ਼ਾਹੀ ਸੰਮਤ 554):-ਨਿਊਜ਼ੀਲੈਂਡ ਦੀ ਸਿਆਸਤ ਦੇ ਵਿਚ ਅੱਜ ਉਸ ਵੇਲੇ ਇਕਦਮ ਹਲਚਲ ਪੈਦਾ ਹੋ ਗਈ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੇ ਦੋ ਅਹਿਮ ਐਲਾਨ ਕਰ ਦਿੱਤੇ। ਪਹਿਲਾ ਇਹ ਕਿ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਜੋ ਹਰ ਤਿੰਨ ਸਾਲ ਬਾਅਦ ਹੁੰਦੀਆਂ ਹਨ, ਇਸ ਵਾਰ ਸ਼ਨੀਵਾਰ 14 ਅਕਤੂਬਰ 2023 ਨੂੰ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਅਹਿਮ ਤੇ ਸਭ ਨੂੰ ਹੈਰਾਨ ਕਰਨ ਵਾਲਾ ਦੂਜਾ ਐਲਾਨ ਕਰਦਿਆਂ ਕਿਹਾ ਕਿ ਉਹ ਫਰਵਰੀ ਮਹੀਨੇ ਦੀ 7 ਤਰੀਕ ਤੋਂ ਪਹਿਲਾਂ-ਪਹਿਲਾਂ ਪ੍ਰਧਾਨ ਮੰਤਰੀ ਪਦ ਛੱਡ ਦੇਣਗੇ। ਉਹ ਇਸ ਸਾਲ ਅਕਤੂਬਰ ਵਾਲੀਆਂ ਆਮ ਚੋਣਾਂ ਦੇ ਵਿਚ ਉਮੀਦਵਾਰ ਵੀ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ “ਮੈਂ ਪ੍ਰਧਾਨ ਮੰਤਰੀ ਦਾ ਫਰਜ਼ ਨਿਭਾਉਂਦਿਆਂ ਆਪਣਾ ਸਭ ਕੁਝ ਇਸ ਕੰਮ ਲਈ ਦਿੱਤਾ ਹੈ, ਪਰ ਇਸ ਨੇ ਵੀ ਮੇਰੇ ਤੋਂ ਬਹੁਤ ਕੁਝ ਲੈ ਲਿਆ ਹੈ। ਤੁਸੀਂ ਉਦੋਂ ਤੱਕ ਕੰਮ ਨਹੀਂ ਕਰ ਸਕਦੇ ਅਤੇ ਨਾ ਹੀ ਕਰਨਾ ਚਾਹੀਦਾ ਹੈ ਜਦੋਂ ਤੱਕ ਤੁਹਾਡੇ ਕੋਲ ਭਰਿਆ ਹੋਇਆ ਪੂਰਾ ਟੈਂਕ ਮੌਜੂਦ ਨਹੀਂ ਹੈ, ਨਾਲ ਹੀ ਗੈਰ-ਯੋਜਨਾਬੱਧ ਅਤੇ ਅਚਾਨਕ ਆਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਥੋੜ੍ਹਾ ਰਿਜ਼ਰਵ ਤੇਲ ਵੀ ਹੋਣਾ ਜ਼ਰੂਰੀ ਹੈ। ਮੈਂ ਜਾਣਦੀ ਹਾਂ ਕਿ ਮੇਰੇ ਕੋਲ ਕੰਮ ਪ੍ਰਤੀ ਨਿਆਂ ਕਰਨ ਲਈ ਹੁਣ ਟੈਂਕ ਵਿੱਚ ਹੁਣ ਇੰਨਾ ਵਾਧੂ ਤੇਲ ਨਹੀਂ ਹੈ ਅਤੇ ਇਹ ਸਹਿਜ ਸਮਝ ਆਉਣ ਵਾਲੀ ਗੱਲ ਹੈ।’’ ਉਨ੍ਹਾਂ ਅੱਗੇ ਕਿਹਾ ਕਿ ‘‘ਮੈਂ ਇਸ ਲਈ ਨਹੀਂ ਜਾ ਰਹੀ ਕਿ ਮੈਨੂੰ ਵਿਸ਼ਵਾਸ਼ ਹੋ ਗਿਆ ਕਿ ਅਸੀਂ ਅਗਲੀ ਚੋਣ ਨਹੀਂ ਜਿੱਤ ਸਕਦੇ, ਪਰ ਨਹੀਂ ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਲੇਬਰ ਇਸ ਚੋਣ ਨੂੰ ਜਿੱਤ ਸਕਦੀ ਹੈ ਅਤੇ ਜਿੱਤੇਗੀ। ਸਾਨੂੰ ਇਸ ਸਾਲ ਅਤੇ ਅਗਲੇ ਤਿੰਨ ਸਾਲ ਦੀਆਂ ਚੁਣੌਤੀਆਂ ਲਈ ਨਵੇਂ ਸ਼ਕਤੀਸ਼ਾਲੀ ਮੋਢਿਆਂ ਦੇ ਜੋੜੇ ਦੀ ਲੋੜ ਹੈ।’’
ਇਸ ਸਾਰੇ ਵਰਤਾਰੇ ਸਬੰਧੀ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਸਿੰਡੀ ਕਿਰੋ ਨੂੰ ਹੁਣ ਦੱਸ ਦਿੱਤਾ ਗਿਆ ਹੈ। ਦੇਸ਼ ਦੀ ਇਸ ਵੇਲੇ 53ਵੀਂ ਪਾਰਲੀਮੈਂਟ ਦੇਸ਼ ਦਾ ਸਾਸ਼ਨ ਚਲਾ ਰਹੀ ਹੈ। ਮਾਣਯੋਗ ਪ੍ਰਧਾਨ ਮੰਤਰੀ 26 ਅਕਤੂਬਰ 2017 ਨੂੰ ਦੇਸ਼ ਦੇ 40ਵੇਂ ਪ੍ਰਧਾਨ ਮੰਤਰੀ ਬਣੇ ਸਨ ਅਤੇ 2020 ਦੇ ਵਿਚ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਸਨ। ਪ੍ਰਧਾਨ ਮੰਤਰੀ ਅਪ੍ਰੈਲ ਤੱਕ ਮਾਊਂਟ ਐਲਬਰਟ ਦੇ ਸਾਂਸਦ ਬਣੇ ਰਹਿਣਗੇ ਅਤੇ ਕੋਈ ਜ਼ਿਮਣੀ ਚੋਣ ਨਹੀਂ ਹੋਵੇਗੀ। ਉਪ ਪ੍ਰਧਾਨ ਮੰਤਰੀ ਸ੍ਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਹੈ ਕਿ ਉਹ ਪਹਿਲਾਂ ਦੋ ਵਾਰ ਪਾਰਟੀ ਨੇਤਾ ਦੀ ਚੋਣ ਵੇਲੇ ਬਹੁਮਤ ਹਾਸਿਲ ਨਹੀਂ ਕਰ ਸਕੇ ਸਨ, ਇਸ ਕਰਕੇ ਇਸ ਵਾਰ ਕੋਸ਼ਿਸ ਨਹੀਂ ਕਰਨਗੇ।
ਅਗਲੀ ਪ੍ਰਕ੍ਰਿਆ: ਸੱਤਾ ਧਿਰ ਲੇਬਰ ਪਾਰਟੀ ਵੱਲੋਂ ਆਪਣੀ ਮੁੱਖ ਕਾਰਜਕਾਰਨੀ ਦੀ ਮੀਟਿੰਗ 22 ਜਨਵਰੀ ਨੂੰ ਕਰਨਗੇ ਅਤੇ ਪ੍ਰਧਾਨ ਮੰਤਰੀ ਦੀ ਥਾਂ ਲੈਣ ਦੇ ਲਈ ਆਪਣੇ ਨੇਤਾ ਦੀ ਚੋਣ ਕਰਨਗੇ। ਆਉਣ ਵਾਲੀਆਂ ਆਮ ਚੋਣਾਂ ਦੇ ਵਿਚ ਲੇਬਰ ਪਾਰਟੀ ਅਤੇ ਨੈਸ਼ਨਲ ਪਾਰਟੀ ਵਿਚ ਕਰੜੀ ਟੱਕਰ ਹੋਣ ਵਾਲੀ ਹੈ, ਕਿਉਂਕਿ ਇਸ ਤੋਂ ਪਹਿਲਾਂ ਨੈਸ਼ਨਲ ਪਾਰਟੀ 9 ਸਾਲ ਰਾਜ ਕਰ ਗਈ ਸੀ।
ਕੁਮੈਂਟਾਂ ਦਾ ਹੜ੍ਹ: ਪ੍ਰਧਾਨ ਮੰਤਰੀ ਦੇ ਅਸਤੀਫੇ ਵਾਲੇ ਅਹਿਮ ਐਲਾਨ ਦੇ ਉਤੇ 2 ਘੰਟਿਆਂ ਦੇ ਵਿਚ ਹੀ ਵੱਖ-ਵੱਖ ਲੋਕਾਂ ਦੇ ਰਲਵੇਂ-ਮਿਲਵੇਂ ਕੁਮੈਂਟਾਂ ਦਾ ਹੜ੍ਹ ਆ ਗਿਆ ਹੈ। ਬਹੁਤ ਸਾਰਿਆਂ ਨੇ ਪ੍ਰਧਾਨ ਮੰਤਰੀ ਦੀ ਖੁੱਲ੍ਹ ਕੇ ਤਰੀਫ ਕੀਤੀ ਹੈ ਅਤੇ ਕਈਆਂ ਨੇ ਤਾਂ ਹੁਣ ਤੱਕ ਦੀ ਸਭ ਤੋਂ ਮਾੜੀ-ਕਾਰਗੁਜ਼ਾਰੀ ਵਾਲੀ ਪ੍ਰਧਾਨ ਮੰਤਰੀ ਕਿਹਾ ਹੈ। ਬਹੁਤੇ ਕੁਮੈਂਟਾਂ ਦੇ ਵਿਚ ਕਰੋਨਾ ਕਾਲ ਦੌਰਾਨ ਕੀਤੇ ਅਹਿਮ ਸੁਰੱਖਿਆ ਉਪਾਅ ਨੂੰ ਲੈ ਕੇ ਤਰੀਫਾਂ ਦੇ ਪੁੱਲ ਬੰਨ੍ਹੇ ਗਏ ਹਨ। ਕਈਆਂ ਨੇ ਨਸ਼ਿਆਂ ਅਤੇ ਮਾੜੇ ਅਰਥਚਾਰੇ ਦੀ ਜਿੰਮੇਵਾਰ ਦੱਸਿਆ ਹੈ।