….ਤਾਂ ਕਿ ਧਰਮ ਤੇ ਕਲਚਰ ਨੂੰ ਸਮਝਿਆ ਜਾਵੇ: ਕਾਊਂਟੀਜ਼ ਮੈਨੁਕਾਓ ਪੁਲਿਸ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਸਿੱਖ ਧਰਮ ਸਬੰਧੀ ਲਈ ਮੁੱਢਲੀ ਜਾਣਕਾਰੀ

NZ PIC 11 Sep-1
ਨਿਊਜ਼ੀਲੈਂਡ ਪੁਲਿਸ ਇਥੇ ਵਸਦੇ ਹਰ ਭਾਈਚਾਰੇ ਦੇ ਨਾਲ ਨੇੜਤਾ ਪੈਦਾ ਕਰਦੀ ਹੈ, ਉਨ੍ਹਾਂ ਦੇ ਧਰਮ, ਕਲਚਰ ਅਤੇ ਜੀਵਨ ਨੂੰ ਹੋਰ ਸਮਝਣ ਦੀ ਕੋਸ਼ਿਸ਼ ਵਿਚ ਹੁੰਦੀ ਹੈ ਤਾਂ ਕਿ ਕਿਸੇ ਮੌਕੇ ਉਸੇ ਹਿਸਾਬ ਦੇ ਨਾਲ ਪੇਸ਼ ਆਇਆ ਜਾਵੇ ਜਿਸ ਹਿਸਾਬ ਨਾਲ ਉਸ ਦੀ ਧਾਰਮਿਕ ਆਸਥਾ ਨੂੰ ਕੋਈ ਚੋਟ ਨਾ ਪਹੁੰਚੇ। ਇਸੇ ਆਸ਼ੇ ਦੇ ਨਾਲ ਕਾਊਂਟੀਜ਼ ਮੈਨੁਕਾਓ ਪੁਲਿਸ ਦੇ 13 ਆਹਲਾ ਅਫਸਰ ਬੀਤੇ ਕੱਲ੍ਹ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਪਹੁੰਚੇ। ਜਿਨ੍ਹਾਂ ਦੇ ਵਿਚ ਸਰਜੈਂਟ, ਜ਼ਿਲ੍ਹਾ ਕਮਾਂਡਰ, ਸੇਫਟੀ ਆਫੀਸਰ, ਐਮਰਜੈਂਸੀ ਰਿਸਪਾਂਸ, ਏਰੀਆ ਪ੍ਰਵੈਨਸ਼ਨ ਮੈਨੇਜਰ, ਕਮਿਊਨਿਟੀ ਸਰਵਿਸ ਮੈਨੇਜਰ, ਸੀ.ਆਈ.ਬੀ. ਇੰਚਾਰਜ, ਜ਼ਿਲ੍ਹਾ ਪੀੜ੍ਹਤ ਮੈਨੇਜਰ, ਫੈਮਿਲੀ ਵਾਇਲੈਂਸ ਕੋਆਰਟੀਨੇਟਰ, ਪ੍ਰਾਜੈਕਟ ਮੈਨੇਜਰ, ਸ. ਬਲਜੇਤ ਸਿੰਘ ਕੋਮਲ ਅਤੇ ਐਕਟਿੰਗ ਸਰਜੈਂਟ ਸ੍ਰੀਮਤੀ ਮੰਦੀਪ ਕੌਰ ਜੋ ਕਿ ਜ਼ਿਲ੍ਹਾ ਏਥਨਕ ਸਰਵਿਸਜ਼ ਕੋਆਰਡੀਨੇਟਰ ਵੀ ਹਨ, ਪਹੁੰਚੇ ਹੋਏ ਸਨ। ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਹੋਰਾਂ ਇਨ੍ਹਾਂ ਪੁਲਿਸ ਅਫਸਰਾਂ ਨੂੰ ਸਿੱਖੀ ਦੇ ਮੁੱਢਲੇ ਅਸੂਲ, ਅੰਮ੍ਰਿਤਧਾਰੀ ਸਿੱਖਾਂ ਦੇ ਲਈ ਪੰਜ ਕਕਾਰਾਂ ਦੀ ਮਹੱਤਤਾ ਅਤੇ ਹੋਰ ਆਮ ਜਾਣਕਾਰੀ ਦਿੱਤੀ। ਸਾਰੇ ਪੁਲਿਸ ਅਫਸਰਾਂ ਨੇ ਸ਼ਬਦ ਕੀਰਤਨ ਵੀ ਸਰਵਣ ਕੀਤਾ, ਅਰਦਾਸ ਦੀ ਮਰਿਯਾਦਾ ਵੇਖੀ ਅਤੇ ਹਰੇਕ ਹਫਤੇ ਹੁੰਦੇ ਸਮਾਗਮ ਸਬੰਧੀ ਜਾਣਕਾਰੀ ਲਈ। ਲੰਗਰ ਦੀ ਮਹਾਨਤਾ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਸਾਰਿਆਂ ਨੇ ਗੁਰੂ ਕਾ ਲੰਗਰ ਛਕਿਆ। ਸੁਸਾਇਟੀ ਵੱਲੋਂ ਸ. ਪ੍ਰਗਟ ਸਿੰਘ, ਸ. ਹਰਦੀਪ ਸਿੰਘ, ਸ. ਬਰਿੰਦਰ ਸਿੰਘ, ਸ. ਖੜਗ ਸਿੰਘ, ਸ. ਰਣਵੀਰ ਸਿੰਘ ਲਾਲੀ, ਸ. ਸਤਨਾਮ ਸਿੰਘ ਸੰਘਾ, ਸ ਸੁਖਦੇਵ ਸਿੰਘ ਬੈਂਸ, ਸ. ਅਮਰ ਸਿੰਘ ਲਾਹੌਰੀਆ ਵੀ ਸ਼ਾਮਿਲ ਸਨ। ਸਾਰੇ ਪੁਲਿਸ  ਅਫਸਰਾਂ ਨੇ ਇਸ ਫੇਰੀ ਨੂੰ ਸਫਲ ਫੇਰੀ ਦੱਸਿਆ ਅਤੇ 3-4 ਅਕਤੂਬਰ ਨੂੰ ਆ ਰਹੇ ‘ਸਿੱਖ ਚਿਲਡਰਨ ਡੇਅ’ ਦੇ ਵਿਚ ਵੀ ਸ਼ਮੂਲੀਅਤ ਕਰਨ ਦਾ ਵਾਅਦਾ ਕੀਤਾ।