ਪੂਰੇ ਆਕਲੈਂਡ ਖੇਤਰ ਦੇ ਵਿਚ ਜਿੱਥੇ ਦਿਨ ਬ ਦਿਨ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਸਾਊਥ ਏਸ਼ੀਅਨ ਭਾਈਚਾਰਾ ਚਿੰਤਤ ਹੋ ਰਿਹਾ ਹੈ ਉਥੇ ਪੁਲਿਸ ਵਿਭਾਗ ਵੀ ਸੰਭਾਵੀ ਯਤਨਾਂ ਦੀ ਪੂਰਤੀ ਲਈ ਆਪਣੇ ਤੌਰ ‘ਤੇ ਬਿਜ਼ਨਸ ਅਦਾਰਿਆਂ ਤੋਂ ਅਤੇ ਕਮਿਊਨਿਟੀ ਤੋਂ ਸੁਝਾਵਾਂ ਦੀ ਮੰਗ ਕਰ ਰਿਹਾ ਹੈ। ਅੱਜ ਇਸੇ ਸਬੰਧ ਦੇ ਵਿਚ ਜ਼ਿਲ੍ਹਾ ਪਾਪਾਕੁਰਾ ਵਿਖੇ ਮੈਨੁਕਾਓ ਕਾਊਂਟੀਜ਼ ਏਰੀਆ ਸਾਊਥ ਏਸ਼ੀਅਨ ਅਡਵਾਈਜ਼ਰੀ ਬੋਰਡ’ ਦੀ ਪਹਿਲੀ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿਚ ਜਿੱਥੇ ਸ. ਗੁਰਪ੍ਰੀਤ ਅਰੋੜਾ ਜ਼ਿਲ੍ਹਾ ਏਥਨਿਕ ਸਰਵਿਸਜ਼ ਕੋਆਰਡੀਨੇਟਰ ਕਾਊਂਟੀਜ਼ ਮੈਨੁਕਾਓ, ਇੰਸਪੈਕਟਰ ਸ੍ਰੀ ਕ੍ਰਿਸ ਡੀਵਾਟਿਗਨਰ (ਏਰੀਆ ਕਮਾਂਡਰ), ਸੀਨੀਅਰ ਸਰਜੈਂਟ ਸ੍ਰੀ ਫਿੱਲ ਵੇਵਰ ਕਮਿਊਨਿਟੀ ਸਰਵਿਸਜ਼ ਮੈਨੇਜਰ ਨੇ ਭਾਗ ਲਿਆ ਉਥੇ ਏਸ਼ੀਅਨ ਕਮਿਊਨਿਟੀਜ਼ ਤੋਂ ਸ. ਗੇਂਜਸ ਸਿੰਘ ਪੁੱਕੀਕੁਈ, ਸ੍ਰੀ ਪੰਥ ਲਾਲ ਦਰੋਚ, ਸ੍ਰੀ ਰਸ਼ੀਦ ਖਾਨ (ਟੀਚਰ), ਹਰਜਿੰਦਰ ਸਿੰਘ ਬਸਿਆਲਾ (ਪੰਜਾਬੀ ਹੈਰਲਡ) ਅਤੇ ਸ੍ਰੀਮਤੀ ਹੰਸਾ ਨੈਰਨ ਪਟੇਲ ਨੇ ਵੀ ਆਪਣੇ-ਆਪਣੇ ਸੁਝਾਅ ਰੱਖੇ। ਏਸ਼ੀਅਨ ਲੋਕਾਂ ਦੇ ਹੋਰ ਨੇੜੇ ਹੋ ਕੇ ਕੰਮ ਕਰਨ ਦਾ ਇਹ ਪੁਲਿਸ ਦਾ ਸਾਰਥਿਕ ਉਪਰਾਲਾ ਕਾਫੀ ਸਮੇਂ ਤੋਂ ਹੈ ਅਤੇ ਇਸ ਅਡਵਾਈਜ਼ਰੀ ਬੋਰਡ ਦੀਆਂ ਸਲਾਹਾਂ ਨੂੰ ਵਿਭਾਗ ਗੰਭੀਰਤਾ ਨਾਲ ਲੈਂਦਾ ਹੈ। ਇੰਸਪੈਕਟਰ ਫਿਲ ਨੇ ਇਕ ਪ੍ਰਜੈਂਟੇਸ਼ਨ ਸ਼ੋਅ ਰਾਹੀਂ ਮੌਜੂਦਾ ਵੱਖ-ਵੱਖ ਤਰ੍ਹਾਂ ਦੇ ਹੋਰ ਰਹੇ ਛੋਟੇ-ਵੱਡੇ ਅਪਰਾਧਾਂ, ਲੁੱਟਾਂ-ਖੋਹਾਂ ਅਤੇ ਇਨ੍ਹਾਂ ਵਿਚ ਸ਼ਾਮਿਲ ਲੋਕਾਂ ਦੀ ਸ਼੍ਰੇਣੀ/ਉਮਰ ਬਾਰੇ ਦੱਸਿਆ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੁੱਟਣ ਦੀਆਂ ਵਾਰਦਾਤਾਂ ਦੇ ਵਿਚ ਵੀ ਹੋ ਰਹੇ ਵਾਧੇ ਨੂੰ ਵੀ ਪ੍ਰਮੁੱਖ ਮੁੱਦੇ ਵਜੋਂ ਵੇਖਿਆ ਗਿਆ। ਸ੍ਰੀ ਪੰਥ ਲਾਲ ਦਰੋਚ ਹੋਰਾਂ ਪੁੱਕੀਕੁਈ ਰੇਲਵੇ ਸਟੇਸ਼ਨ ਵੇਲੇ ਰਾਤ ਵੇਲੇ ਕੋਈ ਹਨੇਰਾ ਰਹਿਣ ਕਰਕੇ ਸੁਰੱਖਿਆ ਦਾ ਮੁੱਦਾ ਚੁੱਕਿਆ ਜਦ ਕਿ ਸ. ਗੇਂਜਸ ਸਿੰਘ ਨੇ ਛੋਟੇ ਵਪਾਰਕ ਅਦਾਰਿਆਂ ਅੰਦਰ ਲੱਗੇ ਪੈਨਕ ਬਟਨਾਂ ਨੂੰ ਪੁਲਿਸ ਸਟੇਸ਼ਨਾਂ ਨਾਲ ਲਾਜ਼ਮੀ ਜੋੜਨ ਦੀ ਗੱਲ ਕੀਤੀ। ਸ. ਬਸਿਆਲਾ ਵੱਲੋਂ ਪੁਲਿਸ ਦੀ ਸਲਾਹ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਸ਼ੋਸ਼ਲ ਮੀਡੀਆ, ਅਖਬਾਰਾਂ ਅਤੇ ਵੀਡੀਓਜ਼ ਰਾਹੀਂ ਲੋਕਾਂ ਨੂੰ ਜਾਗੂਰਿਕ ਕਰਨ ਦੀ ਮੁਹਿੰਮ ਚਲਾਉਣ ਦੀ ਗੱਲ ਕੀਤੀ। ਉਨ੍ਹਾਂ ਨੂੰ ਲਿਖਤੀ ਰੂਪ ਵਿਚ ਕੁਝ ਸੁਝਾਅ ਵੀ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਸ. ਗੁਰਪ੍ਰੀਤ ਸਿੰਘ ਅਰੋੜਾ ਹੋਰਾਂ ਵਧਦੇ ਅਪਰਾਧਾਂ ਦੀ ਰੋਕਥਾਮ ਲਈ ਪੁਲਿਸ ਵੱਲੋਂ ਕੀਤੇ ਜਾਂਦੇ ਸਾਰੇ ਯਤਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇੰਸਪੈਕਟਰ ਕ੍ਰਿਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੁਲਿਸ ਦੀ ਸਮਰੱਥਾ, ਸਾਧਨ ਅਤੇ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ।
ਅੰਤ ਅਡਵਾਈਜ਼ਰੀ ਬੋਰਡ ਦੀ ਪਹਿਲੀ ਮੀਟਿੰਗ ਇਸ ਆਸ ਨਾਲ ਖਤਮ ਹੋਈ ਕਿ ਦੂਜੀ ਮੀਟਿੰਗ ਤੱਕ ਜਿੱਥੇ ਇਸ ਬੋਰਡ ਦੇ ਵਿਚ ਹੋਰ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਇਸ ਦਰਮਿਆਨ ਆਉਣ ਵਾਲੇ ਸਾਰਾ ਸੁਝਾਵਾਂ ਨੂੰ ਦੁਬਾਰਾ ਟੇਬਲ ਉਤੇ ਰੱਖਿਆ ਜਾਵੇਗਾ। ਪੁਲਿਸ ਅਫਸਰਾਂ ਵੱਲੋਂ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਕਮਿਊਨਿਟੀ ਨੂੰ ਅਪੀਲ ਹੈ ਕਿ ਆਪਣੇ ਸੁਝਾਅ ਅਡਵਾਈਜ਼ਰੀ ਬੋਰਡ ਨੂੰ ਜਾਂ ਸ੍ਰੀ ਗੁਰਪ੍ਰੀਤ ਸਿੰਘ ਅਰੋੜਾ ਨੂੰ ਭੇਜਣ ਦੀ ਕ੍ਰਿਪਾਲਤਾ ਕਰੋ।