ਵਾਹ ਰੇ! ਨਿਊਜ਼ੀਲੈਂਡ ਪੁਲਿਸ: ਬੱਚਾ ਖੁਸ਼ ਕੀਤਾ ਈ… ਕਦੀ-ਕਦੀ ਵੱਡੇ ਵੀ ਕਰ ਦਿਆ ਕਰੋ

– 5 ਸਾਲਾ ਬੱਚੇ ਨੇ ਜਨਮ ਦਿਨ ਉਤੇ ਬੁਲਾਈ ਪੁਲਿਸ, ਮਾਂ ਨੇ ਕਿਹਾ ਆ ਜਾਓ ਬੱਚਾ ਕਰਦੇ ਜ਼ਿੱਦ…ਤੇ ਪੁਲਿਸ ਹਾਜ਼ਿਰ

NZ PIC 28 July-1
(ਨਿਊਜ਼ੀਲੈਂਡ ਪੁਲਿਸ ਬੱਚੇ ਦੇ ਜਨਮ ਦਿਨ ਉਤੇ ਉਸਨੂੰ ਸੌਗਾਤ ਵਜੋਂ ‘ਪੁਲਿਸ ਡੌਗ’ ਦਾ ਟੇਡੀਬੀਅਰ ਦਿੰਦੀ ਹੋਈ )

ਆਕਲੈਂਡ 28 ਜੁਲਾਈ  – ਬੀਤੇ ਦਿਨੀਂ ਮੈਨੁਕਾਓ ਖੇਤਰ ਦੇ ਵਿਚ ਰਹਿੰਦੇ ਇਕ ਪੰਜ ਕੁ ਸਾਲਾ ਬੱਚੇ ਦਾ ਜਨਮ ਦਿਨ ਸੀ। ਬੱਚੇ ਨੂੰ ਨਿਊਜ਼ੀਲੈਂਡ ਪੁਲਿਸ ਸ਼ਾਇਦ ਬਹੁਤ ਚੰਗੀ ਲਗਦੀ ਸੀ, ਉਸਨੇ ਕਈ ਵਾਰ ਐਮਰਜੈਂਸੀ ਨੰਬਰ 111 ਨੰਬਰ ਉਤੇ ਫੋਨ ਕਾਲ ਕੀਤੀ ਅਤੇ ਪੁਲਿਸ ਦੀ ਮੰਗ ਕੀਤੀ। ਪੁਲਿਸ ਨੇ ਸੁਰੱਖਿਆ ਨੂੰ ਨਜ਼ਾਕਤ ਨੂੰ ਵੇਖਦਿਆਂ ਵਾਪਿਸ ਉਸੇ ਨੰਬਰ ਉਤੇ ਫੋਨ ਕੀਤਾ ਤਾਂ ਉਸ ਬੱਚੇ ਦੀ ਮਾਂ ਨੇ ਫੋਨ ਚੁੱਕਿਆ ਅਤੇ ਕਿਹਾ ਕਿ ਮੈਂ ਮੁਆਫੀ ਮੰਗਦੀ ਹਾਂ ਅਤੇ ਸ਼ਰਮਿੰਦੀ ਹਾਂ ਕਿ ਕਿ ਮੇਰੇ 5 ਸਾਲਾ ਬੱਚੇ ਦਾ ਅੱਜ ਜਨਮ ਦਿਨ ਹੈ ਅਤੇ ਉਹ ਪੁਲਿਸ ਨੂੰ ਆਪਣੇ ਜਨਮ ਦਿਨ ਦੀ ਪਾਰਟੀ ਉਤੇ ਬੁਲਾ ਕੇ ਜਸ਼ਨ ਮਨਾਉਣਾ ਹੈ। ਟੈਲੀਫੋਨ ਆਪਰਟੇਰ ਅਤੇ ਕੋਆਰਡੀਨੇਟਰ ਮਹਿਲਾ ਜਿੱਥੇ ਆਪਣਾ ਹਾਸਾ ਨਾ ਰੋਕ ਸਕੀ ਉਥੇ ਉਸਨੇ ਕੋਈ ਗਿਲਾ ਵੀ ਨਹੀਂ ਕੀਤਾ ਸਗੋਂ ਕਿਹਾ ਕਿ ਅਸੀਂ  ਤਾਂ ਇਹ ਚੈਕ ਕਰਨਾ ਚਾਹੁੰਦੇ ਸੀ ਕਿ ਸਭ ਠੀਕ-ਠਾਕ ਹੈ। ਟੈਲੀਫੋਨ ਆਪਟ੍ਰੇਰ ਨੇ ਕਿਹਾ ਕਿ ਉਹ ਦਾਅਵਾ ਨਹੀਂ ਕਰ ਸਕਦੀ ਕਿ ਉਹ ਬੱਚੇ ਦੀ ਮੰਗ ਅਨੁਸਾਰ ਪੁਲਿਸ ਥੀਮ ਵਾਲੀ ਜਨਮ ਦਿਨ ਪਾਰਟੀ ਉਤੇ ਕਿਸੀ ਨੂੰ ਭੇਜ ਸਕੇਗੀ ਪਰ ਉਹ ਇਸ ਮੰਗ ਨੂੰ ਰੇਡੀਓ (ਜਾਬ) ਉਤੇ ਪਾ ਦਿੰਦੀ ਹੈ। ਥੋੜ੍ਹੀ ਦੇਰ ਬਾਅਦ ਜਨਮ ਦਿਨ ਮਨਾ ਰਹੇ ਬੱਚੇ ਦੇ ਪਰਿਵਾਰ ਵਾਲਿਆਂ, ਉਸਦੇ ਛੋਟੇ-ਛੋਟੇ ਦੋਸਤਾਂ ਅਤੇ ਹੋਰ ਮਹਿਮਾਨਾਂ  ਨੂੰ ਹੈਰਾਨੀ ਉਦੋਂ ਹੋਈ ਜਦੋਂ ਇਕ ਪੁਲਿਸ ਪਾਰਟੀ (5 ਅਫਸਰ) ਇਥੋਂ ਤੱਕ ਕਿ ਸਪੈਸ਼ਲ ਪੁਲਿਸ ਦਸਤਾ ਜਿਸਨੇ ਆਪਣੇ ਮੂੰਹ ਉਤੇ ਸੁਰੱਖਿਆ ਕਵਚ ਵੀ ਪਹਿਨਿਆ ਹੋਇਆ ਸੀ ਇਕ ਸੌਗਾਤ ਦੇ ਨਾਲ ਪੁੱਜ ਗਿਆ। ਉਨ੍ਹਾਂ ਸੌਗਾਤ ਦੇ ਵਿਚ ਪੁਲਿਸ ਵਰਦੀ ਵਾਲਾ ਟੈਡੀਬੀਅਰ (ਕੁੱਤਾ) ਉਸ ਬੱਚੇ ਦੇ ਹੱਥ ਵਿਚ ਫੜਾਇਆ ਅਤੇ ਬੱਚਾ ਬਾਗੋ-ਬਾਗ ਕਰ ਦਿੱਤਾ।

NZ PIC 28 July-1B
(ਬੱਚੇ ਦੇ ਜਨਮ ਦਿਨ ਪਾਰਟੀ ਮੌਕੇ ਉਸਦੇ ਸਿਰ ਉਤੇ ਛੋਟੀ ਪੁਲਿਸ ਟੋਪੀ ਅਤੇ ਹਾਈਵੀਜ਼ੀਵਲ ਵੈਸਟ ਪਹਿਨਾਉਂਦੀ ਹੋਈ)

ਪੁਲਿਸ ਨੇ ਬੱਚੇ ਦਾ ਨਾਂਅ ਲੈ ਕੇ ਕਿਹਾ ਕਿ ਉਹ ਉਸ ਨਾਲ ਗੱਲ ਕਰਨੀ ਚਾਹੁੰਦੇ ਹਨ ਤਾਂ ਉਸਨੇ ਕਿਹਾ ਕਿ ‘ਨਹੀਂ’ ਇਸ ਤੋਂ ਬਾਅਦ ਸਾਰੇ ਪੁਲਿਸ ਅਫਸਰ ਖੂਬ ਹੱਸੇ। ਜਦੋਂ ਉਨ੍ਹਾਂ ਉਸਦਾ ਗਿਫਟ ਦੇ ਦਿੱਤਾ ਤਾਂ ਉਸਨੇ ਕਿਹਾ ਤੁਸੀਂ ਹੁਣ ਅੰਦਰ ਆ ਸਕਦੇ ਹੋ। ਉਥੇ ਇਕੱਤਰ ਸਾਰੇ ਲੋਕ ਬਹੁਤ ਖੁਸ਼ ਹੋਏ ਅਤੇ ਬੱਚੇ ਦੀ ਜਨਮ ਦਿਨ ਪਾਰਟੀ ਯਾਦਗਾਰੀ ਅਤੇ ਇਤਿਹਾਸਕ ਬਣ ਗਈ। ਇਸ ਸਾਰੀ ਕਹਾਣੀ ਬਾਅਦ ਇਹ ਕਹਿਣ ਤੋਂ ਰਿਹਾ ਨਹੀਂ ਜਾ ਸਕਦਾ ਕਿ ”ਵਾਹ ਰੇ! ਨਿਊਜ਼ੀਲੈਂਡ ਪੁਲਿਸ ਤੁਹਾਨੂੰ ਤਾਂ ਇਥੇ 5 ਸਾਲਾ ਬੱਚੇ ਵੀ ਆਪਣੇ ਜਨਮ ਦਿਨ ਉਤੇ ਬੁਲਾ ਕੇ ਖੁਸ਼ ਹੁੰਦੇ ਹਨ, ਤੁਸੀਂ ਵੀ ਉਸਨੂੰ ਨਿਰਾਸ਼ ਨਹੀਂ ਕੀਤਾ ਅਤੇ ਬੱਚਾ ਪੂਰਾ ਖੁਸ਼ ਕਰ ਦਿੱਤਾ ਪਰ ਕਦੀ-ਕਦੀ ਲੁੱਟ-ਖੋਹ ਦੀ ਵਾਰਦਾਤ ਵੇਲੇ, ਘਰਾਂ ਦੇ ਜਿੰਦਰੇ, ਬਾਰੀਆਂ ਅਤੇ ਦਰਵਾਜ਼ੇ ਟੁਟਿਆਂ ਉਤੇ ਵੀ ਧਰਵਾਸ ਦੇਣ ਪਹੁੰਚ ਜਾਇਆ ਕਰੋ ਤਾਂ ਬਹੁਤ ਚੰਗਾ ਹੋਵੇਗਾ। ਉਦੋਂ ਤਾਂ ਸਿਰਫ ਇਹ ਕਹਿ ਕੇ ਸਾਰ ਲਿਆ ਜਾਂਦਾ ਹੈ ਕਿ ਪੁਲਿਸ ਅਜੇ ਗੰਭੀਰ ਮਾਮਲਿਆਂ ਵਿਚ ਰੁੱਝੀ ਹੋਈ ਹੈ ਸਮਾਂ ਕੱਢ ਕੇ ਫਲਾਣੇ ਸਮੇਂ ਜਾਂ ਫਿਰ ਅਗਲੇ ਦਿਨ ਆਵੇਗੀ।”  ਪਰ ਬੱਚੇ ਦੇ ਜਨਮ ਦਿਨ ਉਤੇ ਜੋ ਤੁਸੀਂ ਕੀਤਾ ਸੱਚਮੁੱਚ ਸਲਾਹੁਣਯੋਗ ਹੈ।

Install Punjabi Akhbar App

Install
×