
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਚੀਨ ਅਤੇ ਆਸਟ੍ਰੇਲੀਆ ਦੇ ਆਪਸ ਵਿੱਚ ਸ਼ਾਬਦਿਕ ਜੰਗ ਦੇ ਚਲਦਿਆਂ ਹੁਣ ਜਦੋਂ ਰੂਸ ਨੇ ਵੀ ਵਿੱਚ ਕੁੱਦ ਮਾਰ ਦਿੱਤੀ ਹੈ ਤਾਂ ਇਸ ਵੇਲੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਹਾਲ ਦੀ ਘੜੀ ਉਹ ਚੀਨ ਨਾਲ ਇਕਸਾਰਤਾ ਅਤੇ ਦੂਰ-ਅੰਦੇਸ਼ੀ ਵਾਲਾ ਮਾਹੌਲ ਕਾਇਮ ਰੱਖਣਗੇ ਅਤੇ ਕਿਸੇ ਦੇ ਖ਼ਿਲਾਫ਼ ਵੀ ਪਲਟਵਾਰ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਜਦੋਂ ਆਸਟ੍ਰੇਲੀਆ ਨੇ ਚੀਨ ਦੇ ਖ਼ਿਲਾਫ਼ ਕੋਵਿਡ-19 ਦੀ ਪੜਤਾਲ ਦੀ ਆਵਾਜ਼ ਬੁਲੰਦ ਕੀਤੀ ਸੀ ਤਾਂ ਨਿਊਜ਼ੀਲੈਂਡ ਦੀ ਸਰਕਾਰ ਨੇ ਇਸ ਦਾ ਹੋਲੀ ਹੋਲੀ ਸਾਥ ਦਿੰਦਿਆਂ ਬਾਅਦ ਵਿੱਚ ਇਸ ਮੰਗ ਦਾ ਪੂਰਨ ਰੂਪ ਵਿੱਚ ਸਮਰਥਨ ਕੀਤਾ ਸੀ ਅਤੇ ਇਸ ਦੇ ਨਾਲ ਹੀ ਕਨੇਡਾ, ਅਮਰੀਕਾ ਅਤੇ ਬ੍ਰਿਟੇਨ ਨੇ ਵੀ ਇਸ ਆਵਾਜ਼ ਵਿੱਚ ਆਪਣੀ ਆਵਾਜ਼ ਮਿਲਾਈ ਸੀ। ਨਿਊਜ਼ੀਲੈਂਡ ਨੇ ਤਾਂ ਤਾਇਵਾਨ ਨੂੰ ਵੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨਾਲ ਮੁੜ ਤੋਂ ਮਿਲ ਕੇ ਉਨ੍ਹਾਂ ਅੱਗੇ ਆਪਣਾ ਸਹੀ ਸਹੀ ਪੱਖ ਪੇਸ਼ ਕਰਨ ਦੀ ਵੀ ਮੰਗ ਕਰ ਲਈ ਸੀ ਜਿਹੜੀ ਕਿ ਚੀਨ ਦੇ ਗੁੱਸੇ ਦਾ ਕਾਰਨ ਬਣ ਗਈ ਸੀ। ਇਸੇ ਮਹੀਨੇ ਵਿੱਚ ਹੀ ਉਪਰੋਕਤ ਹੋਰਨਾ ਦੇਸ਼ਾਂ ਦੇ ਨਾਲ ਮਿਲਕੇ ਨਿਊਜ਼ੀਲੈਂਡ ਨੇ ਵੀ ਆਸਟ੍ਰੇਲੀਆ ਨਾਲ ਮਿਲ ਕੇ ਹਾਂਗਕਾਂਗ ਵਿੱਚ ਕਾਨੂੰਨ ਵਿਵਸਥਾ ਅਤੇ ਲੋਕਤੰਤਰ ਦੀ ਬਹਾਲੀ ਦੀ ਵੀ ਮੰਗ ਕੀਤੀ ਸੀ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਹ ਵੀ ਕਿਹਾ ਹਾਂਗਕਾਂਗ ਨਾਲ ਉਨ੍ਹਾਂ ਦੇ ਸਬੰਧ ਸਥਿਰ ਹਨ ਪਰੰਤੂ ਕਿਸੇ ਕਿਸਮ ਦੀ ਧਮਕੀ ਉਨ੍ਹਾਂ ਨੂੰ ਬੋਲਣ ਤੋਂ ਰੋਕ ਨਹੀਂ ਸਕਦੀ ਅਤੇ ਉਹ ਹਮੇਸ਼ਾ ਸੱਚ ਦਾ ਹੀ ਸਾਥ ਦੇਣਗੇ ਅਤੇ ਜਿੱਥੋਂ ਤੱਕ ਵਪਾਰ ਆਦਿ ਦਾ ਸਬੰਧ ਹੈ ਤਾਂ ਹਾਲੇ ਤੱਕ ਤਾਂ ਸਭ ਠੀਕ ਹੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸ਼ਾਬਦਿਕ ਜੰਗ ਜਲਦੀ ਹੀ ਖ਼ਤਮ ਹੋ ਜਾਵੇਗੀ ਅਤੇ ਰਿਸ਼ਤਿਆਂ ਦੀ ਖਟਾਸ ਵੀ ਜਲਦੀ ਹੀ ਖਤਮ ਹੋਵੇਗੀ।