ਉਚ ਪ੍ਰਸ਼ਾਸਨ: ਪਰ ਆਪ ਹੀ ਲੈਣਾ ਪੈਂਦਾ ਰਾਸ਼ਨ: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸਮਾਂ ਕੱਢ ਪਹੁੰਚੇ ਕਰਿਆਨਾ ਲੈਣ

ਸਟਾਫ ਨੇ ਖਿੱਚੀਆਂ ਸੈਲਫੀਆਂ

ਨਵੇਂ ਪ੍ਰਧਾਨ ਮੰਤਰੀ ਬਨਣ ਬਾਅਦ ਤਿੰਨ ਹਫ਼ਤਿਆਂ ਤੋਂ ਸਨ ‘ਬਿਜ਼ੀ-ਬਿਜ਼ੀ’

(ਔਕਲੈਂਡ) ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਸ੍ਰੀ ਕ੍ਰਿਸਟੋਫਰ ਜੌਹਨ ਹਿਪਕਿਨਜ਼ ਨੇ 25 ਜਨਵਰੀ 2023 ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਸੀ, ਜਦ ਕਿ ਉਹ ਇਸ ਤੋਂ ਕਈ ਦਿਨ ਪਹਿਲਾਂ ਹੀ ਉਚ ਪ੍ਰਸ਼ਾਸਕੀ ਤਿਆਰੀਆਂ ਦੇ ਵਿਚ ਮਗਨ ਹੋ ਗਏ ਸਨ। ਲਗਪਗ ਤਿੰਨ ਹਫਤਿਆਂ ਦੇ ਬਾਅਦ ਅੱਜ ਸਵੇਰੇ 10 ਕੁ ਵਜੇ ਉਹ ਰਾਜਧਾਨੀ ਵਲਿੰਗਟਨ ਦੀ ਅੱਪਰ ਹੱਟ ਸੁਪਰ ਮਾਰਕੀਟ ‘ਪੈਕ ਐਨ. ਸੇਵ’ ਦੇ ਵਿਚ ਖੁਦ ਘਰ ਦਾ ਕਰਿਆਨਾ ਲੈਣ ਪਹੁੰਚੇ।  ਸ਼ਾਇਦ ਉਹ ਅੱਜ ਕਾਫੀ ਦਿਨਾਂ ਬਾਅਦ ਆਪਣੇ ਨਿੱਜੀ ਘਰ ਰਹੇ ਹੋਣਗੇ।  ਆਮ ਸ਼ਹਿਰੀ ਦੀ ਤਰ੍ਹਾਂ ਉਨ੍ਹਾਂ ਸਟੋਰ ਦੇ ਅੰਦਰ ਐਂਟਰੀ ਲਈ ਅਤੇ ਜਿੱਥੇ ਲਾਈਨ ਵਿਚ ਲੱਗਣਾ ਪਿਆ ਉਥੇ ਲਾਈਨ ਵਿਚ ਲੱਗੇ। ਉਨ੍ਹਾਂ ਦਾ ਪਹਿਰਾਵਾ ਵੀ ਬਹੁਤ ਸਾਧਾਰਨ ਸੀ, ‘ਟੀ-ਸ਼ਰਟ ਅਤੇ ਕੈਪਰੀ ਤੇ ਪੈਰਾਂ ਵਿੱਚ ਚੱਪਲਾਂ ਪਾਈਆਂ ਹੋਈਆਂ ਸਨ ਅਤੇ ਕਿਤੇ ਵੀ ਇਹ ਪ੍ਰਭਾਵ ਨਹੀਂ ਦਿੱਤਾ ਗਿਆ ਕਿ ਉਹ ਪ੍ਰਧਾਨ ਮੰਤਰੀ ਹਨ ਤੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣ।  ਉਨ੍ਹਾਂ ਦੇ ਨਾਲ ਉਨ੍ਹਾਂ ਦਾ ਜਰੂਰੀ ਸੁਰੱਖਿਆ ਅਮਲਾ ਭਾਵੇਂ ਮੌਜੂਦ ਸੀ, ਪਰ ਇਸ ਤਰ੍ਹਾਂ ਨਹੀਂ ਸੀ ਕਿ ਉਹਨਾਂ ਦੇ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹੋਣ ਜਾਂ ਲੋਕਾਂ ਨੂੰ ਪਰ੍ਹਾ-ਪਰ੍ਹਾ ਕਰਕੇ ਜਗ੍ਹਾ ਖਾਲੀ ਕਰਵਾਈ ਜਾ ਰਹੀ ਹੋਵੇ।   ਪੈਕ. ਐਨ.ਸੇਵ ਦੇ ਇਕ ਵਿਭਾਗ ਵਿਚ ਮੈਨੇਜਰ ਸ੍ਰੀਮਤੀ ਨਵਨੀਤ ਕੌਰ ਵੜੈਚ ਹੋਰਾਂ ਨੇ ਦੱਸਿਆ ਕਿ ਉਹ ਇਸ ਸਟੋਰ ਦੇ ਪੱਕੇ ਗਾਹਕ ਹਨ ਅਤੇ ਪ੍ਰਧਾਨ ਮੰਤਰੀ ਬਨਣ ਬਾਅਦ ਵੀ ਉਹ ਆਮ ਨਾਗਰਿਕ ਦੇ ਤੌਰ ਉਤੇ ਇਥੇ ਆਏ। ਸਾਰੇ ਸਟਾਫ ਨੂੰ ਬਹੁਤ ਖੁਸ਼ੀ ਹੋਈ ਅਤੇ ਸਟਾਫ ਨੇ ਸੈਲਫੀਆਂ ਵੀ ਖਿੱਚੀਆਂ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਬਹੁਤ ਹੀ ਨਿਮਰ ਸੁਭਾਅ ਦੇ ਮਾਲਕ ਹਨ ਅਤੇ ਅਕਸਰ ਆ ਕੇ ਗੱਲਬਾਤ ਕਰਦੇ ਹਨ।
ਸੋ ਇਨ੍ਹਾਂ ਮੁਲਕਾਂ ਦੇ ਵਿਚ ਭਾਵੇਂ ਕੋਈ ਪ੍ਰਧਾਨ ਮੰਤਰੀ ਬਣ ਜਾਵੇ ਅਤੇ ਉਚ ਪ੍ਰਸ਼ਾਸਨ ਚਲਾ ਰਿਹਾ ਹੋਵੇ, ਪਰ ਘਰ ਦਾ ਰਾਸ਼ਨ ਤਾਂ ਇਥੇ ਆਪ ਹੀ ਲੈਣਾ ਪੈਂਦਾ, ਕਿਉਂਕਿ ਇਥੇ ਚਪੜਾਸੀ ਅਤੇ ਨੌਕਰ ਅਜਿਹੇ ਕੰਮਾਂ ਲਈ ਨਹੀਂ ਹੁੰਦੇ।