ਔਕਲੈਂਡ ਕੌਂਸਿਲ ਲਾਈਬ੍ਰੇਰੀ ਵਿਭਾਗ ਦਾ ਉਦਮ: 27 ਅਗਸਤ ਨੂੰ ਪਾਪਾਟੋਏਟੋਏ ਵਾਰ ਮੈਮੋਰੀਅਲ ਲਾਇਬ੍ਰੇਰੀ ਵਿਖੇ ‘ਇਕ ਦੁਪਹਿਰ ਪੰਜਾਬੀ ਲੇਖਕਾਂ ਦੇ ਨਾਲ’

ਲੇਖਕ ਪਰਮਿੰਦਰ ਸਿੰਘ ਪਾਪਾਟੋਏਟੋਏ, ਸੁੱਖਪ੍ਰੀਤ ਭੇਲਾ,ਰਣਜੀਤ ਸੰਧੂ, ਹਰਜਿੰਦਰ ਸਿੰਘ ਬਸਿਆਲਾ ਤੇ ਲੇਖਿਕਾ ਜਸਪ੍ਰੀਤ ਕੌਰ ਸੈਣੀ ਸ਼ਾਮਿਲ ਹੋਣਗੇ

ਔਕਲੈਂਡ 04 ਅਗਸਤ 2022: ਕਹਿੰਦੇ ਨੇ ਕਿਤਾਬਾਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ। ਇਹ ਤੁਹਾਨੂੰ ਕੋਈ ਪ੍ਰਸ਼ਨ ਨਹੀਂ ਕਰਦੀਆਂ, ਇਹ ਤੁਹਾਡੀਆਂ ਪ੍ਰੇਸ਼ਾਨੀਆਂ ਦਾ ਹੱਲ ਦੱਸ ਦਿੰਦੀਆਂ ਹਨ, ਤੁਹਾਨੂੰ ਸਮਾਰਟ ਬਣਾਉਂਦੀਆਂ ਹਨ, ਕਿਤੇ ਵੀ ਲਿਜਾ ਸਕਦੇ ਹੋ ਅਤੇ ਤੁਹਾਨੂੰ ਬਿਹਤਰ ਇਨਸਾਨ ਬਣਾਉਂਦੀਆਂ ਹਨ। 7 ਅਗਸਤ ਨੂੰ ਦੋਸਤ ਦਿਵਸ (ਦੋਸਿਤ ਦਿਵਸ) ਆ ਰਿਹਾ ਹੈ ਅਤੇ ਦੋਸਤ ਦਾ ਜੇਕਰ ਸ਼ਬਦੀ ਜੋੜ ਵੇਖਣਾ ਹੋਵੇ ਤਾਂ ਦੋ-ਸਤਿ ਬਣਦਾ ਹੈ। ਮਤਲਬ ਦੋ ਸੱਚੇ ਲੋਕਾਂ ਦਾ ਮੇਲ। ਵਿਸ਼ਵ ਦੇ ਵਿਚ ਕਿਤਾਬਾਂ ਦੇ ਘਰ ਕਹਿਲਾਉਂਦੀਆਂ ਲਾਇਬ੍ਰੇਰੀਆਂ ਦਾ ਪ੍ਰਚਲਨ ਸਦੀਆਂ ਤੋਂ ਰਿਹਾ ਹੈ ਅਤੇ ਔਕਲੈਂਡ ਦੀਆਂ ਵੱਖ-ਵੱਖ ਲਾਈਬ੍ਰੇਰੀਆਂ ਜੋ ਕਿਤਾਬਾਂ ਨਾਲ ਸ਼ਿੰਗਾਰੀਆਂ ਪਈਆਂ ਹਨ, ਵੇਖਣ ਵਾਲੀਆਂ ਹਨ। ਇਨ੍ਹਾਂ ਲਾਇਬੇ੍ਰਰੀਆਂ ਨਾਲ ਪਾਠਕਾਂ ਦਾ ਸੰਪਰਕ ਬਣਿਆ ਰਹੇ, ਕਿਤਾਬਾਂ ਅਤੇ ਕਿਤਾਬਾਂ ਲਿਖਣ ਵਾਲਿਆਂ ਨਾਲ ਸਾਂਝ ਬਣੀ ਰਹੇ, ਔਕਲੈਂਡ ਕੌਂਸਿਲ ਦਾ ਲਾਇਬ੍ਰੇਰੀ ਵਿਭਾਗ ਕਈ ਪ੍ਰੋਗਰਾਮ ਵੱਖ-ਵੱਖ ਕਮਿਊਨਿਟੀਆਂ ਦੇ ਵਿਚ ਲੈ ਕੇ ਆਉਂਦਾ ਹੈ।
ਪੰਜਾਬੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ 27 ਅਗਸਤ ਨੂੰ ਪਾਪਾਟੋਏਟੋਏ ਵਾਰ ਮੈਮੋਰੀਅਲ ਲਾਇਬ੍ਰੇਰੀ ਵਿਖੇ ਦੁਪਹਿਰ 1 ਵਜੇ ਤੋ 3 ਵਜੇ ਤੱਕ ਇਕ ਵਿਸ਼ੇਸ਼ ਪ੍ਰੋਗਰਾਮ ‘ਇਕ ਦੁਪਹਿਰ ਪੰਜਾਬੀ ਲੇਖਕਾਂ ਦੇ ਨਾਲ’ ਰੱਖਿਆ ਗਿਆ ਹੈ। ਇਸ ਪਲੇਠੇ ਪ੍ਰੋਗਰਾਮ ਦੇ ਵਿਚ ਪੰਜ ਪੰਜਾਬੀ ਲੇਖਕਾਂ ਨੂੰ ਸੱਦਾ ਦਿੱਤਾ ਗਿਆ ਹੈ ਜਿਸ ਦੇ ਵਿਚ ਪਰਮਿੰਦਰ ਸਿੰਘ ਪਾਪਾਟੋਏਟੋਏ, ਸੁਖਪ੍ਰੀਤ ਭੇਲਾ, ਰਣਜੀਤ ਸੰਧੂ, ਹਰਜਿੰਦਰ ਸਿੰਘ ਬਸਿਆਲਾ ਅਤੇ ਜਸਪ੍ਰੀਤ ਕੌਰ ਸੈਣੀ ਸ਼ਾਮਿਲ ਹਨ
ਲੇਖਕ ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੇ ਹਾਲ ਹੀ ਵਿਚ ਆਪਣੀ ਪਲੇਠੀ ਪੁਸਤਕ ‘ਕੀਵੀਨਾਮਾ’ ਜਾਰੀ ਕੀਤੀ ਹੈ। ਵੱਡ ਅਕਾਰੀ ਇਸ ਪੁੱਸਤਕ ਦੇ ਵਿਚ ਜਿੱਥੇ ਕੀਵੀਆਂ ਦੀ ਗੱਲਾਂਬਾਤਾਂ ਹਨ, ਉਥੇ ਕੈਨੇਡਾ, ਅਮਰੀਕਾ, ਆਸਟਰੇਲੀਆ ਸਮੇਤ ਹੋਰ ਕਈ ਦੇਸ਼ਾਂ ਦੀਆਂ ਉਹ ਗੱਲਾਂਬਾਤਾਂ ਹਨ ਜਿਨ੍ਹਾਂ ਨੂੰ ਲੇਖਕ ਦੀਆਂ ਨਜ਼ਰਾਂ ਨਾਲ ਤੱਕ ਕੇ ਸ਼ਬਦਾਂ ਦੇ ਵਿਚ ਕੈਦ ਕੀਤਾ ਗਿਆ ਹੈ।
ਲੇਖਕ ਸੁੱਖਪ੍ਰੀਤ ਭੇਲਾ ਹੋਰਾਂ ਦੀ ਇਕ ਕਿਤਾਬ ‘ਇਕ ਰੀਝ’ ਛਪ ਚੁੱਕੀ ਹੈ। ਕਈ ਵਾਰ ਜਿਹੜੀਆਂ ਗੱਲਾਂ ਮੁਹੱਬਤ ਅਤੇ ਕੁਦਰਤ ਬਾਰੇ ਤੁਸੀਂ ਬੋਲ ਨੇ ਵਰਨਣ ਨਹੀਂ ਕਰ ਸਕਦੇ, ਉਨ੍ਹਾਂ ਨੂੰ ਸ਼ਬਦਾਂ ਦੀ ਮਾਲਾ ਵਿਚ ਪ੍ਰੋਅ ਨੇ ਭਾਵਨਾਵਾਂ ਦਾ ਇਜ਼ਹਾਰ ਕਰਨ ਦੀ ਕੋਸ਼ਿਸ਼ ਇਸ ਕਿਤਾਬ ਦੇ ਵਿਚ ਕੀਤੀ ਗਈ ਹੈ। ਅਗਲੀ ਕਿਤਾਬ ‘ਸਾਡੇ ਦਾਦਿਆਂ ਦਾ ਦੌਰ’ ਉਸਦੀ ਆਉਣ ਵਾਲੀ ਪੁਸਤਕ ਹੋਵੇਗੀ। ਸੁਭਾਵਿਕ ਹੈ ਕਿ ਇਹ ਸਾਡੇ ਵਡੇਰਿਆਂ ਦੇ ਤਜ਼ਰਬਿਆਂ ਦਾ ਨਿਖਰਿਆ ਰੂਪ ਰੂਪਾਂਤਰ ਕਰੇਗੀ।
ਲੇਖਕ ਰਣਜੀਤ ਸੰਧੂ, ਕਿਸਾਨ ਮੋਰਚੇ ਦੀ ਜਿੱਤ ਦੌਰਾਨ ਆਪਣੀ ਲਿਖਤ ‘ਆਪਾਂ ਕੀ ਲੈ ਕੇ ਚੱਲੇ ਆਂ’ ਨਾਲ ਪੂਰੀ ਦੁਨੀਆ ਤੇ ’ਚ ਵੱਸਦੇ ਸੰਘਰਸ਼ੀ ਕਿਸਾਨਾਂ ਦੇ ਬੋਲਾਂ ਨੂੰ ਆਪਣੇ ਸ਼ਬਦਾਂ ਰਾਹੀਂ ਕੋਕੇ ’ਚ ਨਗ ਵਾਂਗੂੰ ਜੜਨ ਵਾਲਾ ਚੜ੍ਹਦੀ ਉਮਰ ਦਾ ਲੇਖਕ ਹੈ। ਨਿਊਜ਼ੀਲੈਂਡ ਵਿੱਚ ਰਹਿੰਦਿਆਂ ਹੱਥੀਂ ਕਿਰਤ ਕਰਨ ਦੇ ਨਾਲ-ਨਾਲ ਸਾਹਿਤ ਸਿਰਜਨਾ ਵੀ ਕਰ ਰਿਹਾ ਹੈ। ਉਹ ਆਪਣੀ ਲੇਖਣੀ ਰਾਹੀਂ ਦਿਲ ਵੀ ਟੁੰਬਦਾ ਹੈ, ਵਿਅੰਗ ਵੀ ਕਰਦਾ ਹੈ ਤੇ ਦੇਸ਼ ਪੰਜਾਬ ਦੀ ਮਿੱਟੀ ਨੂੰ ਸਿਜਦੇ ਕਰਦਿਆਂ ਪਿੰਡ ਦੀ ਸੈਰ ਵੀ ਕਰਾਉਂਦਾ ਹੈ।
 ਲੇਖਕ ਸ. ਹਰਜਿੰਦਰ ਸਿੰਘ ਬਸਿਆਲਾ ਨੇ 2015 ਦੇ ਵਿਚ ਦੋ ਕਿਤਾਬਾਂ ‘ਅਜਬ ਗਜ਼ਬ ਦੇ ਰੰਗ’ ਅਤੇ ‘ਹਾਲੀਵੁੱਡ ਦੀਆਂ ਪ੍ਰਸਿੱਧ ਅਭਿਨੇਤਰੀਆਂ’ ਪ੍ਰਕਾਸ਼ਿਤ ਕਰਵਾਈਆਂ ਸਨ ਜੋ ਕਿ ਅਖਬਾਰਾਂ ਦੇ ਵਿਚ ਛਪੀਆਂ ਲੇਖ ਲੜੀਆਂ ਹਨ। ਅਜਬ ਗਜ਼ਬ ਦੇ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਲੇਖ ਹਨ ਅਤੇ ਸੂਚਨਾ ਤਕਨਾਲੋਜੀ ਦੀਆਂ ਖੋਜਾਂ ਬਾਰੇ ਲਿਖਿਆ ਗਿਆ ਹੈ।
ਲੇਖਿਕਾ ਜਸਪ੍ਰੀਤ ਕੌਰ ਸੈਣੀ ਹੋਰਾਂ ਨੇ ਸਾਂਝੇ ਰੂਪ ਵਿਚ ਛਪਦੀਆਂ ਕਿਤਾਬਾਂ ਦੇ ਵਿਚ ਆਪਣੀ ਲੇਖਨੀ ਨਾਲ ਲੇਖਿਕਾਂ ਦੀ ਸ਼੍ਰੇਣੀ ਵਿਚ ਆਪਣਾ ਨਾਂਅ ਦਰਜ ਕਰਾਇਆ ਹੈ। ‘ਹਰਫ਼ ਨਾਦ’, ‘ਚਾਨਣ ਰੰਗੇ ਖੰਭ’,‘ਤਾਸਮਨ’, ‘ਸੁਪਨਿਆਂ ਦੀ ਪਰਵਾਜ਼’,‘ਆਪਣਾ ਮੂਲ ਪਛਾਣ’ ਅਤੇ ‘ਸਰਘੀ ਦੇ ਫੁੱਲ’ ਦੇ ਵਿਚ ਆਪਣੀਆਂ ਰਚਨਾਵਾਂ ਛਪਵਾਈਆਂ ਹਨ।
ਪੰਜਾਬੀ ਭਾਸ਼ਾ ਨੂੰ ਸਮਰਪਿਤ ਇਹ ਪ੍ਰੋਗਰਾਮ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰਸਟ ਦੇ ਸਹਿਯੋਗ ਨਾਲ ਔਕਲੈਂਡ ਕੌਂਸਿਲ     ਲਾਇਬ੍ਰੇਰੀਅਨ ਸ੍ਰੀਮਤੀ ਸੁਨੀਤਾ  ਵਿੱਜ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਇਸ ਵਿਚ ਕੋਈ ਵੀ ਭਾਗ ਲੈ ਸਕਦਾ ਹੈ। ਆਸ ਹੈ ਕਿ ਭਵਿੱਖ ਦੇ ਵਿਚ ਇਸ ਤਰ੍ਹਾਂ ਦੇ ਹੋਰ ਸਮਾਗਮ ਵੀ ਹੁੰਦੇ ਰਹਿਣਗੇ ਅਤੇ ਹੋਰ ਪੰਜਾਬੀ ਲੇਖਕ ਵੀ ਇਨ੍ਹਾਂ ਵਿਚ ਸ਼ਾਮਿਲ ਹੋਣਗੇ।

Install Punjabi Akhbar App

Install
×