…ਅਖੇ ਪਾ ਤਾ ਘਾਟਾ….ਅਸੀਂ ਤਾਂ ਬੈਠੇ ਸੀ ਪਾਸਪੋਰਟ ਬਨਾਉਣ ਨੂੰ

ਨਿਊਜ਼ੀਲੈਂਡ ’ਚ ਨਵਾਂ ਪਾਸਪੋਰਟ ਬਨਾਉਣ ਦੀਆਂ ਫੀਸਾਂ ’ਚ ਮਲਕੜੇ ਜਿਹੇ ਹਲਕਾ ਜਿਹਾ ਵਾਧਾ

ਅਡਲਟ ਪਾਸਪੋਰਟ ਦੀ ਫੀਸ 199 ਡਾਲਰ ਤੇ ਬੱਚਿਆਂ ਦੀ ਫੀਸ 115 ਡਾਲਰ ਹੋਈ

(ਔਕਲੈਂਡ): ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਵੱਲੋਂ ਨਿਊਜ਼ੀਲੈਂਡ ਪਾਸਪੋਰਟ ਬਨਾਉਣ ਦੇ ਲਈ ਭਰੀ ਜਾਂਦੀ ਫੀਸ ਦੇ ਵਿਚ ਮਲਕੜੇ ਜਿਹੇ ਅੱਜ ਰਾਤੋ-ਰਾਤ ਹਲਕਾ ਜਿਹਾ ਵਾਧਾ ਕਰ ਦਿੱਤਾ ਗਿਆ ਹੈ। ਤਰਕ ਹੈ ਕਿ ਕਰੋਨਾ ਕਾਲ ਦੌਰਾਨ ਲੋਕਾਂ ਨੇ ਪਾਸਪੋਰਟ ਬਣਾਏ ਹੀ ਨਹੀਂ ’ਤੇ ਵਿਭਾਗ ਨੂੰ ਤਾਂ ਸਟਾਫ ਦੇ ਖਰਚੇ ਪੈਂਦੇ ਹੀ ਰਹੇ। ਹੁਣ ਲੋਕਾਂ ਨੇ ਜਿੱਥੇ ਜਿਆਦਾ ਗਿਣਤੀ ਦੇ ਵਿਚ ਪਾਸਪੋਰਟ ਬਨਾਉਣੇ ਸ਼ੁਰੂ ਕੀਤੇ ਹਨ ਉਥੇ ਸਰਕਾਰ ਨੇ ਫੀਸਾਂ ਵਿਚ ਵੀ ਵਾਧਾ ਕਰ ਦਿੱਤਾ ਹੈ। ਅਡਲਟ (16 ਸਾਲ ਜਾਂ ਉਪਰ) ਦੇ ਪਾਸਪੋਰਟ ਲਈ ਪਹਿਲਾਂ 191 ਡਾਲਰ ਲਗਦੇ ਸਨ ਪਰ ਹੁਣ 25 ਮਈ ਤੋਂ ਇਹ ਫੀਸ 8 ਡਾਲਰ ਵਧਾ ਕੇ 199 ਡਾਲਰ ਕਰ ਦਿੱਤੀ ਗਈ ਹੈ। ਇਸੀ ਤਰ੍ਹਾਂ ਬੱਚਿਆਂ (15 ਸਾਲ ਉਮਰ ਤੱਕ)  ਦੇ ਪਾਸਪੋਰਟ ਦੀ ਫੀਸ ਹੁਣ 111 ਡਾਲਰ ਤੋਂ ਵਧਾ ਕੇ 115 ਡਾਲਰ ਕਰ ਦਿੱਤੀ ਗਈ ਹੈ ਅਤੇ ਇਹ ਚਾਰ ਡਾਲਰ ਦਾ ਵਾਧਾ ਹੈ। ਇਹ ਵਾਧਾ ਅਗਲੇ 2 ਸਾਲਾਂ ਤੱਕ ਹਰੇਕ ਸਾਲ ਹੋਇਆ ਕਰੇਗਾ। ਅਗਲੇ ਸਾਲ 25 ਮਈ 2023 ਨੂੰ ਇਹ ਫੀਸ ਕ੍ਰਮਵਾਰ 206 ਡਾਲਰ ਅਤੇ 120 ਡਾਲਰ ਹੋ ਜਾਵੇਗੀ। ਇਸੀ ਤਰ੍ਹਾਂ 25 ਮਈ 2024 ਨੂੰ ਇਹ ਫੀਸ ਕ੍ਰਮਵਾਰ 215 ਡਾਲਰ ਅਤੇ 125 ਡਾਲਰ ਹੋ ਜਾਵੇਗੀ।
ਸਰਕਾਰ ਨੇ ਪਾਸਪੋਰਟ ਪ੍ਰਣਾਲੀ ਇਸ ਤਰ੍ਹਾਂ ਵਿਕਸਤ ਕੀਤੀ ਹੋਈ ਹੈ ਕਿ ਇਹ ਆਪਣਾ ਭਾਰ ਪਾਸਪੋਰਟ ਫੀਸਾਂ ਨਾਲ ਹੀ ਚੁੱਕੀ ਰੱਖੇ, ਪਰ ਕਰੋਨਾ ਕਰਕੇ ਪਾਸਪੋਰਟ ਓਨੀ ਗਿਣਤੀ ਵਿਚ ਨਾ ਬਨਣ ਕਰਕੇ ਵਿਭਾਗ ਦਾ ਬਟੂਆ ਤੇ ਬਜਟ ਹਿੱਲ ਗਿਆ।
ਨਿਊਜ਼ੀਲੈਂਡ ਦੇ ਵਿਚ ਵੱਡਿਆਂ ਦੇ ਪਾਸਪੋਰਟ ਦੀ ਮਿਆਦ 10 ਸਾਲ ਹੁੰਦੀ ਹੈ ਅਤੇ ਬੱਚਿਆਂ ਦੇ ਪਾਸਪੋਰਟ ਦੀ ਮਿਆਦ 5 ਸਾਲ ਹੁੰਦੀ ਹੈ। ਸਾਲ 2020-21 ਦੇ ਵਿਚ ਸਿਰਫ 1,50,000 ਪਾਸਪੋਰਟ ਬਣੇ ਸਨ ਜਦ ਕਿ ਇਸ ਤੋਂ ਪਹਿਲਾਂ 2018-19 ਦੇ ਵਿਚ 7,30,000 ਪਾਸਪੋਰਟ ਬਣੇ ਸਨ। ਪਹਿਲਾਂ-ਪਹਿਲਾਂ ਇਹ ਪਾਸਪੋਰਟ 7 ਤੋਂ 10 ਦਿਨ ਵਿਚ ਬਣ ਜਾਂਦੇ ਸਨ ਪਰ ਅੱਜਕਲ੍ਹ ਮਹੀਨਾ ਲੱਗਣ ਲੱਗ ਪਿਆ ਹੈ।
ਤੱਤਕਾਲ ਪਾਸਪੋਰਟ: ਬਹੁਤ ਹੀ ਕਾਹਲੀ ਵਿਚ ਪਾਸਪੋਰਟ ਪ੍ਰਾਪਤ ਕਰਨਾ ਹੋਵੇ ਤਾਂ 398 ਡਾਲਰ ਵੱਡਿਆਂ ਲਈ ਅਤੇ 314 ਡਾਲਰ ਬੱਚਿਆਂ ਲਈ ਲੱਗਣਗੇ ਅਤੇ ਇਹ ਤਿੰਨ ਦਿਨ ਵਿਚ ਬਣ ਜਾਵੇਗਾ ਅਤੇ ਫਿਰ ਪੋਸਟ ਹੋ ਜਾਵੇਗਾ। ਜੇਕਰ ਇਸ ਤੋਂ ਵੀ ਜਿਆਦਾ ਕਾਹਲੀ ਹੈ ਤਾਂ ਪਾਸਪੋਰਟ ਔਕਲੈਂਡ, ਕ੍ਰਾਈਸਟਚਰਚ ਜਾਂ ਵਲਿੰਗਟਨ ਦਫਤਰ ਤੋਂ ਖੁਦ ਜਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇਕਰ ਕੋਈ ਨਿਊਜ਼ੀਲੈਂਡਰ ਐਮਰਜੈਂਸੀ ਦੇ ਵਿਚ ਨਿਊਜ਼ੀਲੈਂਡ ਪਰਤਣਾ ਚਾਹੁੰਦਾ ਹੋਵੇ, ਪਰ ਪਾਸਪੋਰਟ ਖਤਮ ਹੋ ਗਿਆ ਹੋਵੇ ਤਾਂ ਇਹ 7 ਮਹੀਨੇ ਦੀ ਮਿਆਦ ਵਾਲਾ ‘ਐਮਰਜੈਂਸੀ ਟ੍ਰੈਵਲ ਡਾਕੂਮੈਂਟ’ ਲੈ ਸਕਦਾ ਹੈ ਅਤੇ ਉਸਦੀ ਫੀਸ 551 ਡਾਲਰ ਰੱਖੀ ਗਈ ਹੈ।
ਮਹਾਂ ਤੱਤਕਾਲ ਪਾਸਪੋਰਟ: ਗੱਲ ਕੁਝ ਜਿਆਦਾ ਹੀ ਕਾਹਲੀ ਵਾਲੀ ਹੋ ਜਾਵੇ ਤਾਂ ਸੋਮਵਾਰ ਤੋਂ ਸ਼ੁੱਕਰਵਾਰ ਵਾਲੇ ਦਿਨ ਹੋਣ ਅਤੇ ਉਪਰੋਂ ਸਮਾਂ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਹੋਵੇ ਤਾਂ ਵੀ ਪਾਸਪੋਰਟ ਬਣ ਸਕਦਾ ਸਿਰਫ ਇਕ ਫੋਨ ਕਰਨਾ ਪਵੇਗਾ। ਇਹ ਸੇਵਾ ਦੇ ਬਦਲੇ ਫੀਸ ਲਗਪਗ ਚਾਰ ਗੁਣਾ 806 ਡਾਲਰ ਵੱਡਿਆਂ ਲਈ ਹੋਵੇਗੀ  ਅਤੇ 722 ਡਾਲਰ ਬੱਚਿਆਂ ਲਈ ਹੋਵੇਗੀ। ਸ਼ਨੀਵਾਰ ਅਤੇ ਐਤਵਾਰ ਜਾਂ ਜਨਤਕ ਛੁੱਟੀ ਵਾਲੇ ਦਿਨ ਵੀ ਪਾਸਪੋਰਟ ਬਣ ਸਕਦਾ ਹੈ ਪਰ ਫੀਸ ਉਪਰ ਵਾਲੀ ਹੀ ਲੱਗੇਗੀ। ਇਹੀ ਸੇਵਾ ਆਸਟਰੇਲੀਆ ਵਿਖੇ ਲੈਣੀ ਪੈ ਜਾਵੇ ਤਾਂ ਫੀਸ ਕ੍ਰਮਵਾਰ 912 ਡਾਲਰ ਅਤੇ 813 ਡਾਲਰ ਹੋ ਜਾਵੇਗੀ।

Install Punjabi Akhbar App

Install
×