ਮਾਲਵੇ ਦਾ ਮਾਣ-ਕਿਉਂ ਨਾ ਕਰੀਏ ਸਨਮਾਨ -ਮਾਲਵਾ ਕਲੱਬ ਵੱਲੋਂ ਸ. ਪਰਮਿੰਦਰ ਸਿੰਘ ਤੱਖਰ ਦਾ ‘ਗੋਲਡ ਮੈਡਲ’ ਨਾਲ ਸਨਮਾਨ 20 ਨੂੰ

ਪਿੱਛੇ ਰਹਿ ਮੋਢੇ ਥਪ-ਥਪਾ ਹੱਲ੍ਹਾ-ਸ਼ੇਰੀ ਦੇਣ ਵਾਲਾ ਹੈ ਸੁਭਾਅ

(ਔਕਲੈਂਡ):-ਕਿਸੀ ਖਾਸ ਗਤੀਵਿਧੀਆਂ ਜਿਵੇਂ ਸਮਾਜਿਕ, ਸਭਿਆਚਾਰ ਅਤੇ ਖੇਡਾਂ ਨੂੰ ਸਮਰਪਿਤ ਭਾਵਨਾਵਾਂ  ਨੂੰ ਜ਼ਿਹਨ ਵਿਚ ਰੱਖ ਕੇ ਕੰਮ ਕਰਨ ਵਾਲੇ ਲੋਕਾਂ ਦੇ ਸਮੂਹ ਨੂੰ ਅਸਲੀ ਕਲੱਬ ਕਿਹਾ ਜਾ ਸਕਦਾ ਹੈ। ਆਪਣੇ ਵਤਨ ਅਤੇ ਇਲਾਕੇ ਦੀ ਮਿੱਟੀ ਦੀ ਖੁਸ਼ਬੋਅ ਵਿਦੇਸ਼ਾਂ ਵਿਚ ਰਹਿ ਕੇ ਮਹਿਸੂਸ ਕਰਨੀ ਹੋਵੇ ਤਾਂ ਜਨਮ ਭੋਇੰ ਵਾਲੇ ਬੀਜ਼ ਹਿਰਦਿਆਂ ਵਿਚ ਖੁੱਲੇ੍ਹ ਛੱਟੇ ਨਾਲ ਬੀਜਣੇ ਪੈਂਦੇ ਹਨ। ਨਿਊਜ਼ੀਲੈਂਡ ਦਾ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਲਗਪਗ ਪਿਛਲੇ 15 ਸਾਲਾਂ ਤੋਂ ਅਜਿਹੇ ਯਤਨਾਂ ਵਿਚ ਹੈ ਕਿ ਜਿੱਥੇ ਵਿਦੇਸ਼ ਰਹਿ ਕੇ ਇਸ ਦੇਸ਼ ਨਾਲ, ਵਸਦੀ ਕਮਿਊਨਿਟੀ ਨਾਲ ਸਮਾਜਿਕ ਕਾਰਜਾਂ ਨਾਲ ਸਾਂਝ ਵਧਾਈ ਰੱਖੀਏ ਉਥੇ ਉਸ ਮਿਟੀ ਨਾਲ ਵੀ ਸਾਂਝ ਬਣਾਈ ਰੱਖੀਏ ਜਿਸਨੂੰ ਫਿਲਮਾਂ ਵਿਚ ‘ਮਿੱਟੀ ਵਾਜ਼ਾਂ ਮਾਰਦੀ’ ਕਹਿ ਕੇ ਸੁਨੇਹਾਵਾਦਕ ਵਾਂਗ ਪੇਸ਼ ਕੀਤਾ ਜਾਂਦਾ ਹੈ। 20 ਨਵੰਬਰ ਨੂੰ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦਾ ਸਲਾਨਾ ਖੇਡ ਮੇਲਾ ਸਰ ਬੈਰੀ ਕਰਟਿਸ ਪਾਰਕ ਫਲੈਟ ਬੁੱਸ਼ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਸਰਗਰਮ ਮੈਂਬਰ ਅਤੇ ਮਾਲਵਾ ਕਲੱਬ ਨਾਲ ਬਿਨਾਂ ਸ਼ਰਤ ਸਹਿਯੋਗ ਕਰ ਰਹੇ ਸ. ਪਰਮਿੰਦਰ ਸਿੰਘ ਤੱਖਰ ਹੋਰਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਜਗਦੇਵ ਸਿੰਘ ਪੰਨੂੰ (ਜੱਗੀ), ਹਰਵੰਤ ਸਿੰਘ ਗਰੇਵਾਲ (ਬਿੱਲਾ) ਅਤੇ ਸੁਖਵਿੰਦਰ ਸਿੰਘ ਬਰਾੜ (ਕਾਕੂ ਭੇਖਾਂ) ਨੂੰ ਵੀ ਮਾਲਵਾ ਕਲੱਬ ਵੱਲੋਂ ਸਨਮਾਨਿਤ ਕੀਤੇ ਜਾ ਚੁੱਕੇ ਹਨ।
ਕੌਣ ਹਨ ਸ. ਪਰਮਿੰਦਰ ਸਿੰਘ ਤੱਖਰ?: ਪਿੰਡ ਹਿਸੋਵਾਲ (ਲੁਧਿਆਣਾ) ਦੇ ਦੇਸ਼ ਸੇਵਕ ਸਵ. ਸੂਬੇਦਾਰ ਸ. ਅਜੀਤ ਸਿੰਘ ਅਤੇ ਮਾਤਾ ਬੀਬੀ ਜਸਵੀਰ ਕੌਰ ਦਾ ਹੋਣਹਾਰ ਬੇਟਾ ਹੈ ਸ. ਪਰਮਿੰਦਰ ਸਿੰਘ ਤੱਖਰ। ਇਸ ਵੇਲੇ ਆਪਣੀ ਧਰਮ ਪਤਨੀ ਸ੍ਰੀਮਤੀ ਗੁਰਪਿੰਦਰ ਕੌਰ ਅਤੇ ਚਾਰ ਬੱਚਿਆਂ ਦੇ ਨਾਲ ਇਥੇ ਸੰਤੁਸ਼ਟੀ ਭਰੀ ਜ਼ਿੰਦਗੀ ਜੀਅ ਰਿਹਾ ਹੈ। ਪਿੰਡ ਰਹਿੰਦਾ ਪਰਿਵਾਰ ਖੇਤੀਬਾੜੀ ਵੀ ਕਰਦਾ ਸੀ ਤੇ ਪਰਮਿੰਦਰ ਵੀ ਹੱਥ ਵਟਾਉਂਦਾ ਰਿਹਾ ਹੈ।  ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ 1993 ਦੇ ਵਿਚ ਇਥੇ ਪਰਿਵਾਰ ਸਮੇਤ ਜੀਵਨ ਦੇ ਅਗਲੇ ਰੋਜ਼ਗਾਰੀ ਖਿਤਿਆਂ ਦੀ ਵਾਹੀ ਕਰਨ ਵਾਸਤੇ ਪਹੁੰਚਿਆ। ਇਥੇ ਆ ਕੇ ਉਸਨੇ 1993-94 ਦੇ ਵਿਚ ਫੈਬਰੀਕੇਸ਼ਨ ਇੰਜੀਅਰਿੰਗ ਐਮ. ਆਈ. ਟੀ. ਮੈਨੁਕਾਓ ਤੋਂ ਕੀਤੀ। 1997 ਦੇ ਵਿਚ ਵਾਪਿਸ ਇੰਡੀਆ ਜਾ ਕੇ ਆਪਣੀ ਜੀਵਨ ਸਾਥਣ ਦੇ ਨਾਲ ਜ਼ਿੰਦਗੀ ਦੇ ਗੱਡੇ ਨੂੰ ਦੋ ਟਾਇਰੀ ਬਣਾਇਆ। ਸੰਨ 2000 ਤੱਕ ਈਸਟ ਟਮਾਕੀ ਵਿਖੇ ਗੋਰਿਆਂ ਦੀ ਇਕ ਕੰਪਨੀ ਵਿਚ ਇੰਜੀਨੀਅਰਿੰਗ ਦੇ ਖੇਤਰ ਵਿਚ ਸੁਪਰਵਾਈਜਰ ਦੇ ਅਹੁਦੇ ਤੱਕ ਨੌਕਰੀ ਕੀਤੀ।
ਇਥੇ ਆ ਕੇ ਉਸਨੇ ਸ਼ੁਰੂ ਤੋਂ ਹੀ ਆਪਣਾ ਕੁਝ ਕਾਰੋਬਾਰ ਕਰਨ ਦੀ ਸੋਚੀ ਹੋਈ ਸੀ। ਹੁਣ ਰੈਣ ਬਸੇਰਾ ਬਣ ਚੁੱਕਾ ਸੀ ਅਤੇ ਖੰਬਾ ਨੂੰ ਉਚੀ ਪਰਵਾਜ਼ ਦਿੱਤੀ ਜਾ ਸਕਦੀ ਸੀ। ਪਹਿਲਾਂ ਪਹਿਲ ਮੈਂਗਰੀ ਵਿਖੇ ਮੈਸੀ ਰੋਡ ਉਤੇ ਕਾਰਨਰ ਡਾਇਰੀ ਸ਼ਾਪ ਲੈ ਕੇ ਕਾਰੋਬਾਰ ਦੇ ਖੇਤਰ ਵਿਚ ਆਰੰਭਤਾ ਕੀਤੀ। ਦੋ ਕੁ ਸਾਲ ਬਾਅਦ ਪੈਨਮਿਊਰ ਵਿਖੇ ਗੈਸ ਕੰਪਨੀ ਦਾ ਪੈਟਰੋਲ ਸਟੇਸ਼ਨ ਲੈ ਲਿਆ। ਕਾਰੋਬਾਰ ਨੂੰ ਟਾਊਨ ਤੋਂ ਸ਼ਹਿਰ ਤਕੱ ਵਧਾਉਂਦਿਆਂ ਉਨ੍ਹਾਂ ਕੇ. ਰੋਡ ਉਤੇ 24 ਗੁਣਾ 7 ਕਨਵੀਨੀਅਨ ਸਟੋਰ ਲਿਆ ਅਤੇ 2007 ਤੱਕ ਚਲਾਇਆ। ਇਸ ਦੌਰਾਨ ਉਨ੍ਹਾਂ ਨੇ ਕੁਝ ਹੋਰ ਕਾਰੋਬਾਰੀ ਅਦਾਰਿਆਂ ਨੂੰ ਆਪਣੇ ਬਿਜ਼ਨਸ ਵਿਚ ਸ਼ਾਮਿਲ ਕਰ ਲਿਆ ਸੀ ਜਿਵੇਂ ਲਿੱਕਰ ਸਟੋਰ। 2010 ਦੇ ਵਿਚ ਉਨ੍ਹਾਂ ਨੇ ਅੱਗੇ ਵਧਦਿਆਂ ਬਾਰ ਐਂਡ ਰੈਸਟੋਰੈਂਟ ਦੇ ਵਿਚ ਐਂਟਰੀ ਮਾਰੀ ਅਤੇ ਇਕ ਸਮੇਂ  ਉਤੇ ਜਾ ਕੇ ਇਹ ਜਾ ਕੇ ਇਹ ਗਿਣਤੀ 10 ਤੱਕ ਵਧਾ ਲਏ, ਫਿਰ ਔਕਲੈਂਡ ਦੇ ਇਕ ਪਾਸੇ ਵਾਇਕਾਟੋ ਤੱਕ ਅਤੇ  ਦੂਜੇ ਪਾਸੇ ਫਾਰ ਨਾਰਥ ਤੱਕ ਬਿਜਨਸ ਹੋਣ ਲੱਗਾ ਅਤੇ ਹੋ ਰਿਹਾ ਹੈ।
ਬਿਜਨਸ ਦੇ ਵਿਚੋਂ ਸਮਾਂ ਕੱਢ ਸਮਾਜਿਕ ਸਮਾਗਮਾਂ ਅਤੇ ਹੋਰ ਕਮਿਊਨਿਟੀ ਕਾਰਜਾਂ ਨੂੰ ਜਾਂਦੇ ਰਾਹਾਂ ਦੇ ਉਤੇ ਉਨ੍ਹਾਂ ਨੇ ਪਹਿਲਾ ਕਦਮ ਸਭਿਆਚਾਰਕ ਸ਼ੋਆਂ ਦੇ ਨਾਲ ਰੱਖਿਆ।  ਪਹਿਲਾ ਸ਼ੋਅ 2004 ਦੇ ਪੰਜਾਬ ਦੇ ਮਾਣ ਗੁਰਦਾਸ ਮਾਣ ਦੇ ਸ਼ੋਅ ਨਾਲ ਕਰਵਾਇਆ। ਚੰਗਾ ਸੁਨਣ ਦੀ ਫਰਮਾਇਸ਼ ਨੇ ਫਿਰ ਗੁਰਦਾਸ ਮਾਨ ਦੇ ਅਗਲੇ ਸ਼ੋਅ 2006, 2008, 2010, 2012 ਤੱਕ ਕਰਵਾਏ। ਇਸ ਦੌਰਾਨ ਹੋਰ ਵੀ ਪੰਜਾਬੀ ਕਲਾਕਾਰਾਂ ਦੇ ਸ਼ੋਅ ਵੀ ਕਰਵਾਏ ਜਾਂਦੇ ਰਹੇ ਜਿਨ੍ਹਾਂ ਵਿਚ ਬੱਬੂ ਮਾਨ, ਗੁਰਪ੍ਰੀਤ ਘੁੱਗੀ, ਨਛੱਤਰ ਗਿੱਲ। ਉਹ ਹਰ ਸਾਲ ਕੋਈ ਨਾ ਕੋਈ ਸ਼ੋਅ ਲਿਆਈ ਰੱਖਦੇ। ਪੰਜਾਬੀ ਫਿਲਮਾਂ ਦੇ ਵਿਚ ਮੀਲ ਪੱਥਰ ਸਾਬਿਤ ਕਰਦਿਆਂ ਫਿਲਮ ‘ਕੌਮ ਦੇ ਹੀਰੇ’ ਦੇ ਨਿਰਮਾਤਾ ਬਣੇ। ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਗੌਲਫ ਦੇ ਚੈਂਪੀਅਨ ਬਣੇ।
ਮਾਲਵਾ ਕਲੱਬ ਨਾਲ ਸੰਗਮ: ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੇ ਨਾਲ ਸ. ਪਰਮਿੰਦਰ ਸਿੰਘ ਤੱਖਰ ਹੋਰਾਂ ਦਾ ਮਿਲਾਪ ਕੱਲਬ ਦੀ ਸਥਾਪਨਾ ਵੇਲੇ ਤੋਂ ਹੀ ਸੀ ਪਰ ਐਕਟਿਵ ਮੈਂਬਰ ਦੇ ਤੌਰ ਉਤੇ ਉਹ 2012 ਤੋਂ ਜਿਆਦਾ ਸਮਾਂ ਕੱਢਣ ਲੱਗੇ। ਹਮੇਸ਼ਾਂ ਪਿਛਿਓ ਮੋਢੇ ਥਪਾਉਣ ਵਾਲੀ ਕਿਸੀ ਨਿੱਘੀ ਸਖਸ਼ੀਅਤ ਵਾਂਗ ਉਨ੍ਹਾਂ ਕਲੱਬ ਦੇ ਹਰ ਸਮਾਜਿਕ ਕਾਰਜ ਨੂੰ ਬਿਨਾਂ ਸ਼ਰਤ ਹੱਲਾਸ਼ੇਰੀ ਦੇਣੀ ਸ਼ੁਰੂ ਕੀਤੀ, ਚਾਹੇ ਉਹ ਵਿੱਤੀ ਹੋਵੇ ਜਾਂ ਨਿੱਜੀ ਰੂਪ ਵਿਚ ਕੋਈ ਸਹਾਇਤਾ ਕਰਨ ਦੀ।  ਮਾਲਵਾ ਕਲੱਬ ਵੱਲੋਂ ਕਰਵਾਏ ਜਾਂਦੇ ਮਾਘੀ ਮੇਲੇ, ਵਿਸਾਖੀ ਮੇਲੇ ਅਤੇ ਫੁੱਲਕਾਰੀ ਨਾਈਟ ਵਰਗੀਆਂ ਸਭਿਆਚਾਰਕ ਨਾਈਟਾਂ ਅਤੇ ਖੇਡ ਮੇਲਿਆਂ ਦੇ ਵਿਚ ਸ. ਪਰਮਿੰਦਰ ਸਿੰਘ ਤੱਖਰ ਨੇ ਆਪਣਾ ਵੱਡਾ ਸਹਿਯੋਗ ਕੀਤਾ। ਵਤਨ ਪੰਜਾਬ ਦੇ ਲਈ ਵੀ ਉਹ ਹਮੇਸ਼ਾਂ ਬਰਾਬਰ ਖੜੇ ਰਹੇ ਹਨ ਜਿਵੇਂ ਕਿ ਮਾਤਾ ਗੁਜਰੀ ਟ੍ਰਸਟ ਜਗਰਾਵਾਂ ਵਿਖੇ ਦੋ ਡਾਇਲਸਿਸ ਮਸ਼ੀਨਾਂ ਭੇਟ ਕੀਤੀਆਂ ਗਈਆਂ। ਮਾਲਵਾ ਕਲੱਬ ਵੱਲੋਂ ਲਗਾਏ ਜਾਂਦੇ ਖੂਨਦਾਨ ਕੈਂਪਾਂ ਦੇ ਵਿਚ ਮਦਦ, ਖੁਦ ਜਾ ਕੇ ਖੂਨ ਦਾਨ ਕਰਨਾ,  ਕ੍ਰਾਈਸਟਚਰਚ ਵਿਖੇ ਆਏ ਭੁਚਾਲ ਦੌਰਾਨ ਮਦਦ ਕਰਨਾ ਅਤੇ ਇਸ ਤਰ੍ਹਾਂ ਦੇ ਹੋਰ ਸਮਾਗਮਾਂ ਵਿਚ ਉਨ੍ਹਾਂ ਦੀ ਹਾਜ਼ਰੀ ਮਾਲਵਾ ਕਲੱਬ ਨੂੰ ਅੱਗੇ ਵਧਣ ਲਈ ਅਨਰਜ਼ੀ ਦਾ ਕੰਮ ਕਰਦੀ ਹੈ। 20 ਨਵੰਬਰ ਨੂੰ ਮਾਲਵਾ ਕਲੱਬ ਦੇ ਸਾਰੇ ਮੈਂਬਰਜ਼ ਵੱਲੋਂ ਸਮੂਹਿਕ ਤੌਰ ਉਤੇ ਉਨ੍ਹਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਉਤੇ ਪੂਰਨ ਖੁਸ਼ੀ ਮਹਿਸੂਸ ਕੀਤੀ ਜਾਵੇਗੀ ਅਤੇ ਦੁਆ ਕੀਤੀ ਜਾਵੇਗੀ ਕਿ ਉਹ ਕਮਿਊਨਿਟੀ ਦੇ ਕਾਰਜਾਂ ਵਿਚ ਹਮੇਸ਼ਾਂ ਇਸੀ ਤਰ੍ਹਾਂ ਅੱਗੇ ਵਧ ਸੇਵਾ ਕਰਦੇ ਰਹਿਣ।