ਸੰਸਦ ਮੈਂਬਰ ਸ. ਬਖਸ਼ੀ ਦਾ ਉਦਮ ਜਦੋਂ ਬਣੇਗਾ ਇਤਿਹਾਸ: 12 ਅਪ੍ਰੈਲ ਨੂੰ ਪਹਿਲੀ ਵਾਰ ਨਿਊਜ਼ੀਲੈਂਡ ਦੀ ਪਾਰਲੀਮੈਂਟ ‘ਚ ਮਨਾਈ ਜਾਵੇਗੀ ਵਿਸਾਖੀ-ਹੋਵੇਗੀ ਕਵੀਸ਼ਰੀ

NZ PIC 24 March-2ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਸਥਿਤ ਦੇਸ਼ ਦੀ ਪਾਰਲੀਮੈਂਟ ਦੇ ਵਿਚ ਸੰਨ 2008 ਦੇ ਵਿਚ ਪਹਿਲੀ ਵਾਰ ਜਦੋਂ ਸਿੱਖ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਪਹੁੰਚੇ ਸਨ ਤਾਂ ਇਥੇ ਵਸਦੇ ਸਿੱਖ ਭਾਈਚਾਰੇ ਨੂੰ ਇਕ ਵੱਖਰੀ ਤਰ੍ਹਾਂ ਦਾ ਆਪਣਾਪਨ ਇਸ ਦੇਸ਼ ਦੇ ਵਿਚ ਮਹਿਸੂਸ ਹੋਇਆ ਸੀ। ਇਨ੍ਹਾਂ ਅੱਠ ਸਾਲਾਂ ਦੇ ਵਿਚ ਜਿੱਥੇ ਸ. ਬਖਸ਼ੀ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਵਜੋਂ ਪਾਰਲੀਮੈਂਟ ਦੇ ਵਿਚ ਉਚ ਅਹੁਦਿਆਂ ‘ਤੇ ਰਹਿ ਕੇ ਦਸਤਾਰ ਦੀ ਸ਼ਾਨ ਵਧਾ ਰਹੇ ਹਨ ਉਥੇ ਉਨ੍ਹਾਂ ਦਾ ਕਈ ਸਾਲਾਂ ਦਾ ਕੀਤਾ ਜਾ ਰਿਹਾ ਉਦਮ ਅਤੇ ਸਿੱਖ ਭਾਈਚਾਰੇ ਦੀ ਮੰਗ ਵੀ ਪੂਰਨ ਹੋਣ ਜਾ ਰਹੀ ਆਉਣ ਵਾਲੀ ਵਿਸਾਖੀ ਨੂੰ। ਵਿਸਾਖੀ ਭਾਰਤ ਦੇ ਵਿਚ ਜਿੱਥੇ ਕਿਸਾਨਾਂ ਦੀ ਕਣਕ ਦੀ ਪੱਕੀ ਹੋਈ ਫਸਲ ਦੀ ਖੁਸ਼ੀ ਦਾ ਪ੍ਰਗਟਾਅ ਕਰਦੀ ਹੈ ਉਥੇ 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਵੀ ਕੀਤੀ ਸੀ। ਨਿਊਜ਼ੀਲੈਂਡ ਦੇ ਇਤਿਹਾਸ ਦੇ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਵਿਸਾਖੀ ਨੂੰ ਪੂਰੇ ਭਾਰਤ ਦੇ ਕਿਸਾਨਾਂ ਦੀ ਫਸਲ-ਕਟਾਈ ਦੇ ਤਿਉਹਾਰ ਵਜੋਂ ਮਨਾਇਆ ਜਾਵੇਗਾ। ਪਾਰਲੀਮੈਂਟ ਦੇ ਬੰਕਟ ਹਾਲ ਦੇ ਵਿਚ ਸ਼ਾਮ 6 ਤੋਂ 7.30 ਤੱਕ ਵਿਸ਼ੇਸ਼ ਪ੍ਰਗੋਰਾਮ ਉਲੀਕੇ ਗਏ ਹਨ। ਇਸ ਦੇ ਵਿਚ ਜਿੱਥੇ ਕਿਸਾਨੀ-ਇਤਿਹਾਸ ਰੱਖਦੇ ਇਸ ਤਿਉਹਾਰ ਦੀ ਗੱਲ ਹੋਵੇਗੀ ਉਥੇ ਸਿੱਖ ਬੱਚੇ ਕਵੀਸ਼ਰੀ ਪੇਸ਼ ਕਰਕੇ ਸਿੱਖ ਇਤਿਹਾਸ ਨਾਲ ਸਾਂਝ ਪਾਉਂਦੀ ਇਕ ਵੰਨਗੀ ਵੀ ਪੇਸ਼ ਕਰਨਗੇ। ਸਭਿਆਚਾਰਕ ਵੰਨਗੀਆਂ ਵੀ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਮੁੱਖ ਮਹਿਮਾਨ ਦੇ ਤੌਰ ‘ਤੇ ਜਿੱਥੇ ਬਹੁ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰੀ ਪੀਸੇਟਾ ਸੈਮ ਲੋਟੂਲੀਗਾ ਪਹੁੰਚਣਗੇ ਉਥੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਸ਼ਾਮਿਲ ਹੋਣਗੇ। ਇਸ ਵਿਸ਼ੇਸ਼ ਸਮਾਗਮ ਦੇ ਵਿਚ ਸ਼ਾਮਿਲ ਹੋਣ ਲਈ ਸਰਕਾਰੀ ਸੱਦਾ ਪੱਤਰ ਭੇਜੇ ਜਾ ਰਹੇ ਹਨ ਅਤੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ‘ਚ ਵਸੇ ਭਾਰਤੀ ਖਾਸ ਕਰ ਸਿੱਖ ਭਾਈਚਾਰੇ ਦੇ ਲੋਕ ਉਥੇ ਪਹੁੰਚਣ ਲਈ ਉਤਸ਼ਾਹ ਪ੍ਰਗਟ ਕਰ ਰਹੇ ਹਨ। ਜਿਆਦਾ ਜਾਣਕਾਰੀ ਲਈ ਸ. ਬਖਸ਼ੀ ਜੀ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Install Punjabi Akhbar App

Install
×