ਇਮੀਗ੍ਰੇਸ਼ਨ ਨਿਊਜ਼ੀਲੈਂਡ ਕਈ ਸਾਲਾਂ ਦੀ ਬੰਦ ਪਈ ਮਾਪਿਆਂ ਦੀ ਰੈਜੀਡੈਂਟ ਵੀਜ਼ਾ ਸ਼੍ਰੇਣੀ ਖੋਲ੍ਹੇਗੀ 14 ਨਵੰਬਰ ਤੋਂ
(ਆਕਲੈਂਡ):-ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਮੰਤਰੀ ਸ੍ਰੀ ਮਾਈਕਲ ਵੁੱਡ ਨੇ ਅੱਜ ਇਕ ਵਿਸ਼ੇਸ਼ ਚਰਚਾ ਦੇ ਵਿਚ ਨਿਊਜ਼ੀਲੈਂਡ ਦੇ ਕਈ ਸਾਲਾਂ ਤੋਂ ਬੰਦ ਚੱਲ ਰਹੀ ਮਾਪਿਆਂ ਦੇ ਪੱਕੇ ਬੁਲਾਉਣ ਵਾਲੀ ਇਮੀਗ੍ਰੇਸ਼ਨ ਨੀਤੀ ਨੂੰ ਹੁਣ 14 ਨਵੰਬਰ 2022 ਤੋਂ ਖੋਲ੍ਹਿਆ ਜਾ ਰਿਹਾ ਹੈ। ਇਸ ਸਬੰਧੀ ਈ. ਓ. ਆਈ. (ਐਕਸਪ੍ਰੈਸ਼ਨ ਆਫ ਇੰਟਰਸਟ) 14 ਨਵੰਬਰ ਨੂੰ ਖੁੱਲ੍ਹ ਜਾਣੇ ਹਨ। ਪ੍ਰਤੀ ਸਾਲ ਹੁਣ 2500 ਮਾਪਿਆਂ ਨੂੰ ਰੈਜੀਡੈਂਸੀ ਦਿੱਤੀ ਜਾਵੇਗੀ। ਆਮਦਨ ਨੂੰ ਲੈ ਕੇ ਸਪਾਂਸਰਸ਼ਿਪ ਦੀਆਂ ਸ਼ਰਤਾਂ ਦੇ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਸਪਾਂਸਰਸ਼ਿਪ ਦੇ ਵਿਚ ਇਕ ਅਡਲਟ ਬੱਚੇ ਦੀ ਥਾਂ ਦੋ ਬੱਚੇ ਉਸਦੀ ਪਾਰਟਨਰ ਦੇ ਨਾਲ ਆ ਸਕਣਗੇ। ਸਪਾਂਸਰਸ਼ਿੱਪ ਦੇ ਲਈ ਪਹਿਲਾਂ ਕਿਸੇ ਨੂੰ ਬੁਲਾਉਣ ਦੇ ਲਈ ਉਸਦੀ ਆਮਦਨ ਔਸਤਨ ਨਿਊਜ਼ੀਲੈਂਡ ਆਮਦਨ ਤੋਂ ਦੁੱਗਣੀ ਹੋਣੀ ਚਾਹੀਦੀ ਸੀ, ਪਰ ਹੁਣ ਇਹ ਡੇਢ ਗੁਣਾ ਕਰ ਦਿੱਤੀ ਗਈ ਹੈ। ਇਹ ਸ਼ਰਤ ਪਹਿਲਾਂ ਈ. ਓ. ਆਈ. ਦੇ ਚੁੱਕੇ ਲੋਕਾਂ ਉਤੇ ਵੀ ਲਾਗੂ ਹੋ ਜਾਵੇਗੀ।
ਨਵਾਂ ਈ. ਓ. ਆਈ. (ਐਕਸਪ੍ਰੈਸ਼ਨ ਆਫ ਇੰਟਰਸਟ) : ਪ੍ਰਾਪਤ ਈ. ਓ. ਆਈ, ਨੂੰ ਇਕ ਬਕਸੇ ਵਿਚ ਪਾ ਕੇ ਬੇਤਰਤੀਬ ਤਰੀਕੇ ਨਾਲ ਚੁਣਿਆ ਜਾਵੇਗਾ। ਪਹਿਲਾ ਗਰੁੱਪ ਅਗਸਤ 2023 ਦੇ ਵਿਚ ਲਿਆ ਜਾਵੇਗਾ ਅਤੇ ਫਿਰ ਹਰ ਤਿੰਨ ਮਹੀਨੇ ਬਾਅਦ।
ਈ. ਓ. ਆਈ. (ਐਕਸਪ੍ਰੈਸ਼ਨ ਆਫ ਇੰਟਰਸਟ) ਭਰਨ ਵਿਚ ਕਾਹਲੀ ਦੀ ਲੋੜ ਨਹੀਂ : ਈ. ਓ. ਆਈ, ਦਾਖਲ ਕਰਨ ਦੇ ਲਈ ਕਾਹਲੀ ਦੀ ਲੋੜ ਨਹੀਂ ਹੈ। ਇਹ ਜਿਸ ਡੱਬੇ ਵਿਚ ਜਾਵੇਗਾ ਉਥੇ 2 ਸਾਲ ਵਾਸਤੇ ਰਹੇਗਾ। ਸੋ ਜੇਕਰ ਤੁਸੀਂ ਅਗਲੇ ਸਾਲ ਅਗਸਤ ਤੱਕ ਦਾਖਲ ਕਰਦੇ ਹੋ ਤਾਂ ਤੁਹਾਡਾ 2 ਸਾਲ ਵਾਲਾ ਸਮਾਂ ਉਥੋਂ ਸ਼ੁਰੂ ਹੋਵੇਗਾ।
ਮਈ 2023 ਤੋਂ ਦਾਖਲ ਹੋਣਗੇ ਈ. ਓ. ਆਈ. (ਐਕਸਪ੍ਰੈਸ਼ਨ ਆਫ ਇੰਟਰਸਟ) : ਈ. ਓ.ਆਈ. ਮਈ 2023 ਤੋਂ ਦਾਖਲ ਕੀਤੇ ਜਾ ਸਕਣਗੇ ਜੋ ਕਿ ਆਨ ਲਾਈਨ ਹੋਣਗੇ। 500 ਵੀਜੇ ਬੈਲਟ ਬਾਕਸ ਰਾਹੀਂ ਪ੍ਰਾਪਤ ਨਵੇਂ ਈ. ਓ. ਆਈ. ਵਿਚੋਂ ਲਏ ਜਾਣਗੇ। ਪਹਿਲਾਂ ਤੋਂ ਪ੍ਰਾਪਤ ਈ. ਓ. ਆਈ. ਨੂੰ ਤਰੀਕਾਂ ਅਨੁਸਾਰ ਪਰਖਿਆ ਜਾਵੇਗਾ। 14 ਨਵੰਬਰ ਤੋਂ ਇਨ੍ਹਾਂ ਦੀ ਚੋਣ ਹੋਵੇਗੀ ਅਤੇ ਹਰ ਤਿੰਨ ਮਹੀਨੇ ਬਾਅਦ ਚੁਣਿਆ ਜਾਵੇਗਾ। ਇਹ ਸਾਰੇ ਈ. ਓ. ਆਈ. 3-4 ਸਾਲਾਂ ਵਿਚ ਨਿਬੇੜੇ ਜਾਣਗੇ। ਲੋਕਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਜਾਵੇਗਾ ਕਿ ਉਹ ਅੱਪਡੇਟ ਕਰ ਦੇਣ ਜਾਂ ਅਰਜ਼ੀ ਵਾਪਿਸ ਲੈਣੀ ਹੈ ਤਾਂ ਵੀ ਲੈ ਸਕਦੇ ਹਨ।
ਮਾਪਿਆਂ ਦੇ ਇਥੇ ਰਹਿੰਦੇ ਪੱਕੇ ਅਤੇ ਨਾਗਰਿਕ ਬੱਚੇ ਇਕੱਲੇ-ਇਕੱਲੇ ਜਾਂ ਇਕੱਠੇ ਸਪਾਂਸਰ ਕਰ ਸਕਦੇ ਹਨ, ਜਾਂ ਫਿਰ ਉਨ੍ਹਾਂ ਦੇ ਜੀਵਨ ਸਾਥੀ ਜਾਂ ਭੈਣ ਭਰਾ ਵੀ ਸਪਾਂਸਰ ਕਰ ਸਕਦੇ ਹਨ।
ਕੌਣ ਸਪਾਂਸਰ ਕਰ ਸਕਦਾ : ਸਪਾਂਸਰ ਕਰਨ ਵਾਲਾ ਤੁਹਾਡਾ ਧੀਅ ਪੁੱਤ ਜੇਕਰ ਇਥੇ ਤਿੰਨ ਸਾਲ ਤੋਂ ਪੱਕਾ ਹੈ ਤਾਂ ਵੀ ਉਹ ਸਪਾਂਸਰ ਕਰ ਸਕਦਾ ਹੈ। ਜੇਕਰ ਤੁਹਾਡੇ ਪੁੱਤਰ ਨੂੰਹ ਵੱਲੋਂ ਸਪਾਂਸਰ ਕਰਨਾ ਹੈ ਤਾਂ ਉਨ੍ਹਾਂ ਨੂੰ ਇਥੇ 12 ਮਹੀਨੇ ਇਕੱਠੇ ਰਹਿੰਦਿਆ ਨੂੰ ਹੋਣੇ ਚਾਹੀਦੇ ਹਨ।