744 ਦਿਨਾਂ ਬਾਅਦ ਨਿਊਜ਼ੀਲੈਂਡ ਬੀਤੀ ਰਾਤ ਤੋਂ ਵਿਦੇਸ਼ੀ ਨਾਗਰਿਕਾਂ ਲਈ ਖੋਲ੍ਹੇ ਦੁਆਰ

20 ਮਾਰਚ 2020 ਤੋਂ ਕਰੋਨਾ ਵਾਇਰਸ ਕਾਰਨ ਦੇਸ਼ ਅੰਦਰ ਵੀਜ਼ਾ ਮੁਕਤ ਦੇਸ਼ਾਂ ਦੇ ਨਾਗਰਿਕ ਦੇ ਆਉਣ ਉਤੇ ਲਗਾਈ ਗਈ ਸੀ ਪਾਬੰਦੀ

(ਔਕਲੈਂਡ) : ਨਿਊਜ਼ੀਲੈਂਡ ਦੇਸ਼ ਦੀ ਸਰਕਾਰ ਨੇ ਲੱਗਭਗ 744 ਦਿਨਾਂ ਬਾਅਦ (2 ਸਾਲ 14 ਦਿਨ) ਬਾਅਦ ‘ਬਾਰਡਰ ਰੀਓਪਨਿੰਗ’ ਤਹਿਤ ਤੀਜੇ ਪੜਾਅ ਦੇ ਵਿਚ ਦੇਸ਼ ਦੀਆਂ ਸਰਹੱਦਾਂ ਨੂੰ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਵਾਸਤੇ ਖੋਲ੍ਹ ਦਿੱਤਾ ਹੈ, ਜਿਨ੍ਹਾਂ ਨੂੰ ਇਥੇ ਦਾਖਲੇ ਵਾਸਤੇ ਵੀਜ਼ਾ ਲੈਣ ਦੀ ਲੋੜ ਨਹੀਂ ਹੈ। ਬੀਤੇ ਕੱਲ੍ਹ ਪਹਿਲੀ ਮਈ ਰਾਤ 12 ਵਜੇ ਤੋਂ ਬਾਅਦ ਵਿਦੇਸ਼ ਨਾਗਰਿਕ ਇਥੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਦੇ ਵਿਚ ਟੂਰ ਐਂਡ ਟਰੈਵਲ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ, ਵੇਖਣ ਵਾਲੀਆਂ ਥਾਵਾਂ ਉਤੇ ਕਾਰੋਬਾਰ ਵਧੇਗਾ, ਹੋਟਲ ਉਦਯੋਗ ਅਤੇ ਰੈਸਟੋਰੈਂਟ ਕਾਰੋਬਾਰ ਦੁਬਾਰਾ ਸ਼ੁਰੂ ਹੋਣਗੇ। ਸ਼ਰਤ ਇਹੀ ਰੱਖੀ ਗਈ ਹੈ ਕਿ ਆਉਣ ਵਾਲੇ ਲੋਕਾਂ ਦੇ ਕਰੋਨਾ ਟੀਕਾ ਲੱਗਿਆ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ, ਇਸ ਤੋਂ ਪਹਿਲਾਂ ਆਸਟਰੇਲੀਆ ਵਾਲਿਆਂ ਵਾਸਤੇ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਕਰੋਨਾ ਸ਼ਰਤਾਂ ਤਹਿਤ ਆਪਣੇ ਬਾਰਡਰ ਖੋਲ੍ਹ ਚੁੱਕਾ ਹੈ। ਏਅਰ ਨਿਊਜ਼ੀਲੈਂਡ ਅਨੁਸਾਰ ਪਹਿਲੀਆਂ ਤਿੰਨ ਫਲਾਈਟਾਂ ਦੇ ਵਿਚ 1000 ਦੇ ਕਰੀਬ ਵਿਦੇਸ਼ ਨਾਗਰਿਕ ਇਸ ਦੇਸ਼ ਅੰਦਰ ਦਾਖਲ ਹੋਏ ਹਨ। ਇਹ ਫਲਾਈਟਾਂ ਅਮਰੀਕਾ ਅਤੇ ਫੀਜ਼ੀ ਤੋਂ ਹਨ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਵਿਜ਼ਟਰ ਵੀਜ਼ਾ ਮੌਜੂਦ ਹੈ, ਉਹ ਵੀ ਇਥੇ ਦਾਖਲ ਹੋ ਸਕਦੇ ਹਨ ਅਤੇ ਇਥੋਂ ਵਾਪਿਸ ਜਾ ਕੇ ਫਿਰ ਦੁਬਾਰਾ ਆ ਸਕਦੇ ਹਨ।

Install Punjabi Akhbar App

Install
×