ਇਮੀਗ੍ਰੇਸ਼ਨ ਮੰਤਰੀ ਨੇ ਰੱਖੀ ‘ਖੁੱਲ੍ਹੀ ਇਮੀਗ੍ਰੇਸ਼ਨ ਵਿਚਾਰ ਗੋਸ਼ਠੀ’ 12 ਅਕਤੂਬਰ ਨੂੰ

ਕਾਰੋਬਾਰੀ ਅਤੇ ਪ੍ਰਵਾਸੀ ਭਾਈਚਾਰੇ ਦੇ ਮੁੱਦਿਆਂ ਅਤੇ ਚੁਣੌਤੀਆਂ ’ਤੇ ਹੋਵੇਗੀ ਗੱਲਬਾਤ, ਨਿੱਜੀ ਮਸਲਿਆਂ ਉਤੇ ਕੋਈ ਜਵਾਬਦੇਹੀ ਨਹੀਂ ਕੀਤੀ ਜਾਵੇਗੀ।

(ਆਕਲੈਂਡ):-ਮਾਣਯੋਗ ਇਮੀਗ੍ਰੇਸ਼ਨ ਮੰਤਰੀ ਸ੍ਰੀ ਮਾਈਕਲ ਵੁੱਡ ਵੱਲੋਂ 12 ਅਕਤੂਬਰ ਨੂੰ ਰੱਖੀ ਗਈ ‘ ‘ਖੁੱਲ੍ਹੀ ਇਮੀਗ੍ਰੇਸ਼ਨ ਵਿਚਾਰ ਗੋਸ਼ਟੀ’ ਸਬੰਧੀ ਭੇਜੇ ਗਏ ਸੱਦਾ ਪੱਤਰਾਂ ਦੇ ਵਿਚ ਇਹ ਗੱਲ ਉਨ੍ਹਾਂ ਸਪਸ਼ਟ ਕੀਤੀ ਹੈ ਕਿ ਉਨ੍ਹਾਂ ਨੂੰ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਮੀਗ੍ਰੇਸ਼ਨ ਵਿਭਾਗ ਦਾ ਮੰਤਰੀ ਪੱਦ ਦਿੱਤਾ ਸੀ। ਹੁਣ ਇਸ ਵਿਭਾਗ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ‘‘ਮੈਂ ਆਪਣੇ ਪੋਰਟਫੋਲੀਓ ਅਤੇ ਕਾਰੋਬਾਰੀ ਅਤੇ ਪ੍ਰਵਾਸੀ ਭਾਈਚਾਰਿਆਂ ਦੇ ਮੁੱਦਿਆਂ ਅਤੇ ਚੁਣੌਤੀਆਂ ਤੋਂ ਜਾਣੂ ਕਰ ਲਿਆ ਹੈ। ਹੁਣ ਮੈਂ ਤੁਹਾਡੇ ਨਾਲ, ਰੁਜ਼ਗਾਰ ਦਾਤਾਵਾਂ ਨਾਲ, ਪ੍ਰਵਾਸੀ ਭਾਈਚਾਰੇ ਨਾਲ ਗੱਲ ਕਰਨ ਵਾਸਤੇ ਉਤਸੁਕ ਹਾਂ। ਤੁਹਾਨੂੰ ਇੱਕ ਓਪਨ ਇਮੀਗ੍ਰੇਸ਼ਨ ਫੋਰਮ ਵਿੱਚ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਜਿੱਥੇ ਮੈਂ ਆਪਣਾ ਭਾਸ਼ਣ ਦੇਵਾਂਗਾ ਅਤੇ ਫਿਰ ਤੁਹਾਡੇ ਸਵਾਲ ਸੁਣਾਗਾਂ ਅਤੇ ਤੁਹਾਡੀਆਂ ਚਿੰਤਾਵਾਂ ਬਾਰੇ ਖੁੱਲ੍ਹ ਕੇ ਚਰਚਾ ਕਰਾਂਗੇ। ਕਿਰਪਾ ਕਰਕੇ ਨੋਟ ਕਰੋ ਕਿ ਮੈਂ ਵਿਅਕਤੀਗਤ ਮਾਮਲਿਆਂ ਬਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਾਂਗਾ ਪਰ ਨੀਤੀਗਤ ਮਾਮਲਿਆਂ ਬਾਰੇ ਸਵਾਲ ਸੁਣ ਕੇ ਖੁਸ਼ ਹੋਵਾਂਗਾ।’’  ਵਰਨਣਯੋਗ ਹੈ ਕਿ ਇਹ ਵਿਚਾਰ ਗੋਸ਼ਠੀ 12 ਅਕਤੂਬਰ ਨੂੰ 1 ਵਜੇ ਤੋਂ 2.30 ਵਜੇ ਤੱਕ ਮਾਊਂਟ ਰੌਸਕਿਲ ਵਿਖੇ ਕਰਵਾਈ ਜਾ ਰਹੀ ਹੈ। ਇਸਦੇ ਲਈ  RSVP ਲਈਆਂ ਜਾ ਰਹੀਆਂ ਹਨ। ਇਮੀਗ੍ਰੇਸ਼ਨ ਸਲਾਹਕਾਰ ਸੰਨੀ ਸਿੰਘ ਨੇ ਇਮੀਗ੍ਰੇਸ਼ਨ ਮੰਤਰੀ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਹੈ ਅਤੇ ਉਹ ਵੀ ਇਸ ਮੌਕੇ ਪਹੁੰਚ ਕੇ ਕੁਝ ਮੁੱਦੇ ਮੰਤਰੀ ਸਾਹਿਬ ਦੇ ਧਿਆਨ ਵਿਚ ਲਿਆਉਣਗੇ। ਸੋ ਸਿੱਧੇ ਲਫਜ਼ਾਂ ਵਿਚ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਆ ਜਾਓ ਕੁੱਝ ਗੱਲ ਕਰੀਏ ਅਤੇ ਗੱਲ ਸੁਣੀਏ। ਭਾਈਚਾਰਾ ਇਸ ਗੱਲ ਲਈ ਵੀ ਆਸਵੰਦ ਹੈ ਕਿ ਉਸ ਦਿਨ ਸ਼ਾਇਦ ਕੋਈ ਨਵੀਂ ਨੀਤੀ ਬਾਰੇ ਵੀ ਮੰਤਰੀ ਸਾਹਿਬ ਕੋਈ ਇਸ਼ਾਰਾ ਕਰ ਦੇਣ ਜਾਂ ਐਲਾਨ ਹੀ ਕਰ ਦੇਣ। ਮੰਤਰੀ ਸਾਹਿਬ ਪਿਟਾਰੀ ਵਿਚ ਕੀ ਲੈ ਕੇ ਆਉਂਦੇ ਹਨ, ਉਸ ਦਿਨ ਬੀਨ ਵੱਜਣ ਤੋਂ ਬਾਅਦ ਹੀ ਪਤਾ ਲੱਗੇਗਾ।