ਤਮਾਕੂ ਰਹਿਤ ਜੀਵਨ: ਨਵਿਆਂ ਨੂੰ ਤਾਂ ਸਾਂਭੀਏ – ਨਿਊਜ਼ੀਲੈਂਡ ਸਰਕਾਰ ਵੱਲੋਂ ਨਵੀਂ ਪੀੜ੍ਹੀ ਦੇ ਜੀਵਨ ਬਚਾਅ ਲਈ ‘ਸਿਗਰਟਨੋਸ਼ੀ ਰੋਕੂ’ ਬਿੱਲ ਪਾਸ

01 ਜਨਵਰੀ 2009 ਤੋਂ ਬਾਅਦ ਜਨਮੇ 18 ਸਾਲ ਦੇ ਹੋਣ ਉਤੇ ਵੀ 1 ਜਨਵਰੀ 2027 ਤੋਂ ਤਮਾਕੂ ਨਹੀਂ ਖਰੀਦ ਸਕਣਗੇੇ

(ਔਕਲੈਂਡ):-ਨਿਊਜ਼ੀਲੈਂਡ ਦੇ ਵਿਚ ਤਮਾਕੂ ਸੇਵਨ ਦਾ ਇਤਿਹਾਸ ਕਾਫੀ ਪੁਰਾਣਾ ਹੈ, ਪਰ ਇਸ ਦੀ ਰੋਕਥਾਮ ਦੇ ਲਈ ਲਗਾਤਾਰ ਯਤਨ ਵੀ ਹੁੰਦੇ ਰਹੇ ਹਨ, ਪਰ ਲੋਕਾਂ ਦੀ ਵਿਗੜੀ ਆਦਤ ਅਤੇ ਕਈ ਮੰਤਰੀਆਂ ਵੱਲੋਂ ਸੇਵਨ ਕੀਤੇ ਜਾਣ ਕਰਕੇ ਇਸ ਤਮਾਕੂ ਸੇਵਨ ਉਤੇ ਬ੍ਰੇਕਾਂ ਕਾਫੀ ਹੌਲੀ-ਹੌਲੀ ਲੱਗਣੀਆਂ ਸ਼ੁਰੂ ਹੋਈਆਂ। ਸਰਕਾਰ ਦਾ ਇਸ ਵੇਲੇ 2025 ਤੱਕ ਦੇਸ਼ ਨੂੰ ‘ਸਮੋਕਫ੍ਰੀ’ ਕਰਨ ਦਾ ਟੀਚਾ ਹੈ, ਜਿਸ ਨੂੰ ਪੜਾਅਦਾਰ ਲਾਗੂ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਸਬੰਧਿਤ ਸੰਵਿਧਾਨ ਦੇ ਵਿਚ ਸੋਧਾਂ ਆ ਰਹੀਆਂ ਹਨ। ਬੀਤੀ 13 ਦਸੰਬਰ ਨੂੰ ਸਰਕਾਰ ਨੇ ਇਕ ਸੰਵਿਧਾਨਕ ਸੋਧ ਕਰਦਿਆਂ ਇਹ ਸ਼ਰਤ ਲਾਗੂ ਕਰ ਦਿੱਤੀ ਹੈ ਕਿ 01 ਜਨਵਰੀ 2009 ਤੋਂ ਬਾਅਦ ਜਨਮੀ ਨਵੀਂ ਪੀੜ੍ਹੀ ਤਮਾਕੂ ਨਹੀਂ ਖਰੀਦ ਸਕੇਗੀ। ਇਸ ਦਾ ਮਤਲਬ ਇਹ ਹੋਏਗਾ ਕਿ 01 ਜਨਵਰੀ 2027 ਨੂੰ ਜੋ 18 ਸਾਲ ਦੇ ਵੀ ਹੋ ਜਾਣਗੇ ਉਹ ਵੀ ਤਮਾਕੂ ਨਹੀਂ ਖਰੀਦ ਸਕਣਗੇ। ਸੰਵਿਧਾਨ ਦੀ ਇਹ ਸੋਧ ਇਸ ਵੇਲੇ ਅੰਤਿਮ ਰੂਪ ਲੈਣ ਵਾਸਤੇ ਦੇਸ਼ ਦੇ ਗਵਰਨਰ ਜਨਰਲ ਜਾਂ ਦੇਸ਼ ਦੇ ਰਾਜਾ ਪਿ੍ਰੰਸ ਚਾਰਲਸ-3 ਕੋਲ ਪਹੁੰਚੇਗੀ ਅਤੇ ਕਾਨੂੰਨੀ ਰੂਪ ਲਵੇਗੀ। ਕਈ ਹੋਰ ਸੰਵਿਧਾਨ ਸੋਧਾਂ ਜੋ ਇਸ ਵਿਚ ਸ਼ਾਮਿਲ ਹਨ ਉਹ 01 ਜਨਵਰੀ 2023 ਤੋਂ ਲਾਗੂ ਹੋ ਜਾਣਗੀਆਂ।
ਸਰਕਾਰ ਦਾ ਮੁੱਖ ਮੰਤਵ ਹੈ ਕਿ ਨਵੀਂ ਪੀੜ੍ਹੀ ਦੇ ਜੀਵਨ ਨੂੰ ਬਚਾਇਆ ਜਾਵੇ ਅਤੇ ਲੋਕਾਂ ਦੇ ਬਿਲੀਅਨ ਡਾਲਰ ਵੀ ਬਚਾਏ ਜਾਣ। ਸਹਾਇਕ ਸਿਹਤ ਮੰਤਰੀ ਡਾ. ਆਇਸ਼ਾ ਵੀਰਾਲ ਨੇ ਕਿਹਾ ਕਿ ਨਵੀਂ ਪੀੜ੍ਹੀ ਤੰਦਰੁਸਤ ਰਹੇ, ਤਮਾਕੂ ਰਹਿਤ ਰਹੇ, ਇਹ ਸਰਕਾਰ ਦਾ ਉਦੇਸ਼ ਹੈ। ‘ਦਾ ਸਮੋਕਫ੍ਰੀ ਇਨਵਾਇਰਮੈਂਟ ਐਂਡ ਰੈਗੂਲੇਟਿਡ ਪ੍ਰੋਡਕਟਸ (ਸਮੋਕਡ ਤਮਾਕੂ) ਅਮੈਂਡਮੈਂਟ ਬਿੱਲ’ ਦੇ ਵਿਚ ਸ਼ਾਮਿਲ ਕੀਤਾ ਗਿਆ ਹੈ ਕਿ ਜੇਕਰ ਕੋਈ ਸੰਵਿਧਾਨ ਦੀਆਂ ਵੱਖ-ਵੱਖ ਧਰਾਵਾਂ ਦੀ ਉਲੰਘਣਾ ਕਰਦਾ ਹੈ ਤਾਂ 2000 ਡਾਲਰ ਤੋਂ 150,000 ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਸਰਕਾਰ ਦਾ ਟੀਚਾ ਹੈ ਕਿ ਤਮਾਕੂ ਵੇਚਣ ਵਾਲੀਆਂ ਦੁਕਾਨਾਂ ਦੀ ਗਿਣਤੀ ਨੂੰ 6000 ਤੋਂ ਘਟਾ ਕੇ 600 ਤੱਕ ਕੀਤਾ ਜਾਵੇ। ਇਸ ਨਾਲ ਨਵੀਂ ਪੀੜ੍ਹੀ ਨੂੰ ਤਮਾਕੂ ਨਾ ਮਿਲਣ ਦੇ ਨਾਲ ਉਨ੍ਹਾਂ ਨੂੰ ਨਸ਼ੇ ਦੀ ਲੱਤ ਤੋਂ ਬਚਾ ਕੇ ਰੱਖਿਆ ਜਾ ਸਕਦਾ ਹੈ। ਵੇਚਣ ਵਾਸਤੇ ਵੀ ਕਈ ਸ਼ਰਤਾਂ ਆ ਰਹੀਆਂ ਹਨ। ਬਹੁਤ ਸਾਰੇ ਰੀਟੇਲ ਸਟੋਰਾਂ ਨੇ ਤਮਾਕੂ ਵੇਚਣ ਤੋਂ ਪਹਿਲਾਂ ਹੀ ਨਾਂਹ ਕੀਤੀ ਹੋਈ ਹੈ। ਨਿਊਜ਼ੀਲੈਂਡ ਦੇ ਵਿਚ 18 ਸਾਲ ਤੋਂ ਉਪਰ ਵਾਲੇ ਲੋਕਾਂ ਦੀ ਸਿਗਰਟਨੋਸ਼ੀ ਦੀ ਦਰ 9.4% ਤੋਂ ਘੱਟ ਕੇ 8% ਤੱਕ ਰਹਿ ਗਈ ਹੈ। 10 ਸਾਲ ਪਹਿਲਾਂ ਇਹ ਦਰ ਦੁੱਗਣੀ ਸੀ। ਪਿਛਲੇ ਸਾਲ 56,000 ਲੋਕਾਂ ਨੇ ਤਮਾਕੂ ਦਾ ਸੇਵਨ ਬੰਦ ਕੀਤਾ। ਮਾਓਰੀ ਲੋਕਾਂ ਦੇ ਵਿਚ ਸਿਗਰਟ ਸੇਵਨ ਦਾ ਬੰਦ ਹੋਣ ਨਾਲ ਔਰਤਾਂ ਦਾ ਜੀਵਨ ਕਾਲ 25% ਤੱਕ ਪੁਰਸ਼ਾਂ ਦਾ 10% ਤੱਕ ਵਧ ਸਕਦਾ ਹੈ।
ਜਾਣਕਾਰੀ ਭਰਪੂਰ ਤੱਤ:
-ਨਿਊਜ਼ੀਲੈਂਡ ਵਿੱਚ ਸਿਗਰਟਨੋਸ਼ੀ ਲਈ ਤੰਬਾਕੂ ਦੀ ਵਰਤੋਂ ਕਈ ਦਹਾਕਿਆਂ ਤੋਂ ਸਰਕਾਰੀ ਨਿਯਮਾਂ ਦੇ ਅਧੀਨ ਹੈ। 10 ਦਸੰਬਰ 2004 ਨੂੰ, ਨਿਊਜ਼ੀਲੈਂਡ ਬਾਰਾਂ ਅਤੇ ਰੈਸਟੋਰੈਂਟਾਂ ਸਮੇਤ ਸਾਰੇ ਅੰਦਰੂਨੀ ਕਾਰਜ ਸਥਾਨਾਂ ਨੂੰ ਸਿਗਰਟ-ਮੁਕਤ ਬਣਾਉਣ ਵਾਲਾ ਵਿਸ਼ਵ ਦਾ ਤੀਜਾ ਦੇਸ਼ ਬਣ ਗਿਆ ਸੀ।
-ਦੁਨੀਆ ਦੀ ਪਹਿਲੀ ਇਮਾਰਤ ਜਿਸ ਵਿੱਚ ਸਿਗਰਟ-ਮੁਕਤ ਨੀਤੀ 1876 ਵਿੱਚ ਲਾਗੂ ਕੀਤੀ ਗਈ ਸੀ, ਉਹ ਸੀ ਵੈਲਿੰਗਟਨ ਵਿੱਚ ਪੁਰਾਣੀ ਸਰਕਾਰੀ ਇਮਾਰਤ। ਇਹ ਨੀਤੀ ਅੱਗ ਦੇ ਖਤਰੇ ਬਾਰੇ ਚਿੰਤਾਵਾਂ ਦੇ ਮੱਦੇਨਜ਼ਰ ਲਾਗੂ ਕੀਤੀ ਗਈ ਸੀ, ਕਿਉਂਕਿ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਲੱਕੜ ਦੀ ਇਮਾਰਤ ਸੀ।
-ਤੰਬਾਕੂ ਕੰਟਰੋਲ ਦੀ ਸਭ ਤੋਂ ਪਹਿਲੀ ਕੋਸ਼ਿਸ਼ 1907 ਵਿੱਚ ਹੋਈ ਸੀ, ਜਦੋਂ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਲਈ ਪ੍ਰੇਰਿਤ ਕੀਤਾ, ਕਿਉਂਕਿ ਇਹ ਡਰ ਸੀ ਕਿ ਤੰਬਾਕੂ ਇੱਕ ਨਾਬਾਲਗ ਦੇ ਵਿਕਾਸ ਦਾ ਨੁਕਸਾਨ ਕਰੇਗਾ। ਹਾਲਾਂਕਿ, ਇਹ ਕਾਨੂੰਨ 1988 ਤੱਕ ਲਾਗੂ ਨਹੀਂ ਕੀਤਾ ਗਿਆ ਸੀ। 1997 ਵਿੱਚ, ਉਮਰ ਦੀ ਪਾਬੰਦੀ ਨੂੰ ਵਧਾ ਕੇ 18 ਸਾਲ ਕਰ ਦਿੱਤਾ ਗਿਆ ਸੀ।  ਹੁਣ ਇੱਕ ਨਾਬਾਲਗ ਨੂੰ ਤੰਬਾਕੂ ਉਤਪਾਦ ਵੇਚਣਾ ਗੈਰ-ਕਾਨੂੰਨੀ ਹੈ।
-ਤਮਾਕੂਨੋਸ਼ੀ-ਮੁਕਤ ਵਾਤਾਵਰਣ ਐਕਟ 1990 ਤਹਿਤ ਕੰਮ ਦੇ ਸਥਾਨਾਂ ਅਤੇ ਸਕੂਲਾਂ ਵਰਗੀਆਂ ਥਾਵਾਂ ’ਤੇ ਸਿਗਰਟ ਪੀਣ ’ਤੇ ਪਾਬੰਦੀ ਲਗਾਈ ਗਈ।
-ਨਿਊਜ਼ੀਲੈਂਡ ਨੇ 3 ਦਸੰਬਰ 2003 (2004 ਵਿੱਚ ਪ੍ਰਭਾਵੀ) ਨੂੰ ਤਮਾਕੂ-ਮੁਕਤ ਵਾਤਾਵਰਣ ਐਕਟ ਵਿੱਚ ਇੱਕ ਸੋਧ ਪਾਸ ਕੀਤੀ ਜੋ ਸਾਰੇ ਅੰਦਰੂਨੀ ਜਨਤਕ ਕਾਰਜ ਸਥਾਨਾਂ ਅਤੇ ਪ੍ਰਾਹੁਣਚਾਰੀ ਸਥਾਨਾਂ (ਪਬ, ਬਾਰ, ਨਾਈਟ ਕਲੱਬ, ਚਾਰਟਰ ਕਲੱਬ ਬਾਰ, ਰੈਸਟੋਰੈਂਟ ਅਤੇ ਕੈਸੀਨੋ) ਨੂੰ ਕਵਰ ਕਰਦੀ ਹੈ।
-ਘਰੇਲੂ ਉਡਾਣਾਂ ’ਤੇ 1988 ਅਤੇ ਅੰਤਰਰਾਸ਼ਟਰੀ ਉਡਾਣਾਂ ’ਤੇ 1996 ਵਿਚ ਸਿਗਰਟਨੋਸ਼ੀ ’ਤੇ ਪਾਬੰਦੀ ਲਗਾਈ ਗਈ।
-1963 ਵਿੱਚ ਟੀ.ਵੀ ਅਤੇ ਰੇਡੀਓ ਉੱਤੇ 1971 ਵਿੱਚ ਸਿਨੇਮਾਘਰਾਂ, ਬਿਲਬੋਰਡਾਂ ਉੱਤੇ ਅਤੇ 1990 ਵਿੱਚ ਪ੍ਰਿੰਟ ਮੀਡੀਆ ਉੱਤੇ ਸਿਗਰੇਟ ਦੀ ਇਸ਼ਤਿਹਾਰ ਬਾਜ਼ੀ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। 1995 ਵਿੱਚ ਤੰਬਾਕੂ ਦੀ ਸਪਾਂਸਰਸ਼ਿਪ ਨੂੰ ਪੜਾਅਵਾਰ ਬੰਦ ਕਰ ਦਿੱਤਾ ਗਿਆ ਸੀ ਅਤੇ ਉਸੇ ਸਾਲ ਦੁਕਾਨਾਂ ਦੇ ਬਾਹਰ ਤੰਬਾਕੂ ਦੇ ਸੰਕੇਤਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। 2012 ਵਿੱਚ ਤੰਬਾਕੂ ਦੇ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।
-ਸਿੰਗਲ ਸਿਗਰੇਟ (ਇਕ ਪੀਸ) ਦੀ ਵਿਕਰੀ ’ਤੇ 1998 ਦੇ ਸ਼ੁਰੂ ਵਿੱਚ ਪਾਬੰਦੀ ਲਗਾਈ ਗਈ ਸੀ। ਹੁਣ ਸਿਗਰਟਾਂ ਨੂੰ 20 ਤੋਂ ਘੱਟ ਦੇ ਪੈਕ ਵਿੱਚ ਵੇਚਣ ਦੀ ਲੋੜ ਹੁੰਦੀ ਹੈ।
-ਨਿਊਜ਼ੀਲੈਂਡ ਸਰਕਾਰ ਦੀ ਨੈਸ਼ਨਲ ਡਰੱਗ ਨੀਤੀ 2007-2012 ਉਪਲਬਧਤਾ ਨੂੰ ਸੀਮਤ ਕਰਕੇ, ਤੰਬਾਕੂ ਦੀ ਵਰਤੋਂ ਨੂੰ ਸੀਮਤ ਕਰਕੇ ਅਤੇ ਮੌਜੂਦਾ ਤੰਬਾਕੂ ਦੀ ਵਰਤੋਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾ ਕੇ ਤੰਬਾਕੂ ਦੀ ਵਰਤੋਂ ਦੇ ਪ੍ਰਭਾਵਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਦੀ ਹੈ।