ਕ੍ਰਿਸ ਹਿਪਕਿੰਸ ਦੀ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਬਨਣ ਲਈ ਭਰੀ ਨਾਮਜ਼ਦਗੀ ਨੂੰ ਕੱਲ੍ਹ ਲੱਗੇਗੀ ਮੋਹਰ
ਵਲਿੰਗਟਨ ਨੇੜੇ ਹੱਟ ਵੈਲੀ ਦਾ ਹੈ ਜਨਮ
ਹੱਟ ਵੈਲੀ ਵਿਕਸਤ ਕਰਨ ਵਾਲੇ ਦਾ ਭਰਾ ਸੀ ਇੰਡੀਅਨ ਬਿ੍ਰਟਿਸ਼ ਆਰਮੀ ਦੇ ਵਿਚ ਪੁਰਾਣੇ ਤੋਪਖਾਨੇ ਦਾ ਇੰਚਾਰਜ

ਔਕਲੈਂਡ, 21 ਜਨਵਰੀ, 2023: (8 ਮਾਘ, ਨਾਨਕਸ਼ਾਹੀ ਸੰਮਤ 554):-ਬੀਤੇ ਵੀਰਵਾਰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਇਸ ਪੱਦ ਤੋਂ ਅਸਤੀਫਾ ਦੇਣ ਦਾ ਵਿਚਾਰ ਸਾਂਝਾ ਕਰਦਿਆਂ ਕਹਿ ਦਿੱਤਾ ਸੀ ਕਿ ਉਹ ਅਹੁਦਾ ਛੱਡਣ ਤੋਂ ਪਹਿਲਾਂ ਦੇਸ਼ ਦੀ ਵਾਗਡੋਗ ਇਕ ਵਧੀਆ ਤਰੀਕੇ ਨਾਲ ਕਿਸੀ ਨੂੰ ਸੰਭਾਲ ਦੇਣਗੇ। ਇਸ ਸਬੰਧੀ ਚਾਹਵਾਨ ਪਾਰਟੀ ਨੇਤਾਵਾਂ ਦੀ ਅਰਜ਼ੀਆਂ ਮੰਗੀਆਂ ਗਈਆਂ ਸਨ। ਕਿਹਾ ਗਿਆ ਸੀ ਕਿ ਜੇਕਰ ਇਕ ਤੋਂ ਵੱਧ ਨੇਤਾਵਾਂ ਨੇ ਦਿਲਚਸਪੀ ਵਿਖਾਈ ਤਾਂ ਕਾਰਜਕਾਰਨੀ ਮੀਟਿੰਗ ਚੋਣ ਕਰੇਗੀ ਅਤੇ ਜੇਕਰ ਇਕ ਹੀ ਨਾਮਜ਼ਦਗੀ ਆਈ ਤਾਂ ਉਸਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਜਾਵੇਗਾ।
ਅੱਜ ਸਵੇਰੇ 9 ਵਜੇ ਤੱਕ ਅਰਜ਼ੀਆਂ ਦਾ ਸਮਾਂ ਸੀ ਅਤੇ ਇਕ ਹੀ ਨਾਮਜ਼ਦਗੀ ਮਿਲੀ ਜੋ ਕਿ ਦੇਸ਼ ਦੇ 41ਵੇਂ ਪੁਲਿਸ ਮੰਤਰੀ ਸ੍ਰੀ ਕ੍ਰਿਸ ਹਿਪਕਿੰਸ ਦੀ ਸੀ। ਸਬੱਬੀ ਗੱਲ ਹੈ ਕਿ ਦੇਸ਼ ਦੇ 41ਵੇਂ ਪ੍ਰਧਾਨ ਮੰਤਰੀ ਪੱਦ ਦੇ ਲਈ ਵੀ ਉਨ੍ਹਾਂ ਦਾ ਰਸਮੀ ਐਲਾਨ ਕੱਲ੍ਹ 22 ਤਰੀਕ ਨੂੰ ਕੀਤਾ ਜਾਣਾ ਹੈ। ਸ੍ਰੀ ਕ੍ਰਿਸ ਹਿਪਕਿੰਸ 2008 ਤੋਂ ਹਲਕਾ ਰੇਮੂਟਾਕਾ ਨੇੜੇ ਵਲਿੰਗਟਨ ਤੋਂ ਸਾਂਸਦ ਚੁਣੇ ਆ ਰਹੇ ਹਨ। ਅੱਜ ਉਨ੍ਹਾਂ ਮੀਡੀਆ ਸਾਹਮਣੇ ਸਪਸ਼ਟ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਉਨ੍ਹਾਂ ਦੇ ਲਈ ਬਹੁਤ ਵੱਡਾ ਸਨਮਾਨ ਹੈ। ਉਹ ਆਪਣੀ ਪਾਰਟੀ ਦੇ ਨਾਲ ਟੀਮ ਮੈਂਬਰ ਦੀ ਤਰ੍ਹਾਂ ਕੰਮ ਕਰਨਗੇ। ਪਾਰਟੀ ਦੇ ਸਹਿਯੋਗ ਲਈ ਉਹ ਆਪਣੇ ਆਪ ਨੂੰ ਬਹੁਤ ਨਿਮਾਣਾ ਮੰਨਦੇ ਹਨ।
ਸੰਖੇਪ ਜੀਵਨ: ਇਨ੍ਹਾਂ ਦਾ ਪੂਰਾ ਨਾਂਅ ਕ੍ਰਿਸਟੋਫਰ ਜੌਹਨ ਹਿਪਕਿੰਸ ਹੈ ਅਤੇ ਜਨਮ ਤਰੀਕ ਹੈ 5 ਸਤੰਬਰ 1978। ਇਸ ਵੇਲੇ ਉਹ ਦੇਸ਼ ਦੇ ਪੁਲਿਸ, ਸਿਖਿਆ ਅਤੇ ਜਨਤਕ ਸੇਵਾਵਾਂ ਦੇ ਮੰਤਰੀ ਹਨ ਅਤੇ ਹਾਊਸ ਦੇ ਲੀਡਰ ਹਨ। ਕੋਵਿਡ-19 ਦੌਰਾਨ ਉਨ੍ਹਾਂ ਸਿਹਤ ਮੰਤਰੀ ਵਜੋਂ ਅਤੇ ਫਿਰ ਕੋਵਿਡ-19 ਰਿਸਪਾਂਸ ਮੰਤਰੀ (ਕੋਵਿਡ ਜਿੰਮੇਵਾਰੀ) ਸੇਵਾ ਨਿਭਾਈ। ਸ੍ਰੀ ਹਿਪਕਿੰਸ ਦੀ ਮਾਤਾ ਰੋਜਮੈਰੀ ਹਿਪਕਿੰਸ ਨਿਊਜ਼ੀਲੈਂਡ ਕੌਂਸਿਲ ਫਾਰ ਐਜੂਕੇਸ਼ਨਲ ਰਿਸਰਚ ਦੀ ਮੁੱਖ ਖੋਜਕਾਰਾ ਹੈ।
ਵਾਟਰਲੂ ਪ੍ਰਾਇਮਰੀ ਸਕੂਲ ਵਿਚ ਸਿਖਿਆ ਲਈ, ਹੱਟ ਇੰਟਰਮੀਡੀਏਟ ਤੋਂ ਮਿਡਲ, ਹੱਟ ਵੈਲੀ ਮੈਮੋਰੀਅਲ ਕਾਲਜ ਜੋ ਕਿ ਹੁਣ ਪੀਟੋਨ ਕਾਲਜ ਹੈ ਵਿਖੇ ਹੋਰ ਪੜ੍ਹਾਈ ਕੀਤੀ ਅਤੇ ਹੈਡ ਬੁਆਏ ਬਣੇ। ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਤੋਂ ਇਨ੍ਹਾਂ ਪਾਟਿਕਸ ਅਤੇ ਕ੍ਰਿਮੀਨੋਲੋਜੀ ਦੇ ਵਿਚ ਡਿਗਰੀ ਹਾਸਿਲ ਕੀਤੀ। 2000 ਅਤੇ 2001 ਵਿਚ ਉਹ ਵਿਦਿਆਰਥੀਆਂ ਦੇ ਮੁਖੀ ਬਣੇ। 1997 ਦੇ ਵਿਚ ਇਕ ਰੋਸ ਮਾਰਚ ਵਿਚ ਹਿੱਸਾ ਲੈਂਦਿਆਂ ਗਿ੍ਰਫਤਾਰੀ ਵੀ ਦਿੱਤੀ, ਜੋ ਕਿ ਬਾਅਦ ਵਿਚ ਗਲਤ ਸਾਬਿਤ ਹੋਈ ਅਤੇ 2 ਲੱਖ ਡਾਲਰ ਦਾ ਦੀ ਭਰਪਾਈ ਸਰਕਾਰ ਨੂੰ 41 ਰੋਸ ਮਾਰਚ ਕਰ ਰਹੇ ਲੋਕਾਂ ਨੂੰ ਦੇਣੀ ਪਈ। ਜਨਵਰੀ 2020 ਦੇ ਵਿਚ ਉਨ੍ਹਾਂ ਵਿਆਹ ਕਰਵਾ ਕੇ ਆਪਣੀ ਜੀਵਨ ਸਾਥਣ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।
ਹੱਟ ਵੈਲੀ ਦਾ ਇਤਿਹਾਸ: ਵਲਿੰਗਟਨ ਨੇੜੇ ਵਸੀ ਸੁੰਦਰ ਵਾਦੀ ਹੈ ਹੱਟ ਵੈਲੀ। ਇਥੇ ਹੀ ਇਨ੍ਹਾਂ ਦਾ ਜਨਮ ਹੋਇਆ ਹੈ। ਸਮੁੰਦਰ ਕੰਢੇ ਵਸਿਆ ਇਹ ਪੱਧਰਾ ਖੇਤਰ ਹੈ ਅਤੇ ਇਹ ਪ੍ਰਸਿੱਧ ਰਾਜਨੀਤਕ ਸਰ ਵਿਲੀਅਮ ਹੱਟ (1801-1882) ਦੇ ਨਾਂਅ ਉਤੇ ਵਸਿਆ ਹੈ। ਸ੍ਰੀ ਵਿਲੀਅਮ ਬਿ੍ਰਟਿਸ ਲਿਬਰਲ ਪਾਰਟੀ ਨਾਲ ਸਬੰਧਿਤ ਸਨ ਅਤੇ ਨਿਊਜ਼ੀਲੈਂਡ ਦੇ ਵਿਚ ਬਿ੍ਰਟਿਸ਼ ਕਾਲੋਨੀਆ ਦੇ ਸਥਾਪਿਤ ਵਿਚ ਸ਼ਾਮਿਲ ਸਨ। ਇਸਦੇ ਦੋ ਭਰਾ ਸਨ। ਪਹਿਲਾ ਸੀ, ਸਰ ਜਾਰਜ ਹੱਟ (1809-1889) ਬਿ੍ਰਟਿਸ਼ ਇੰਡੀਅਨ ਭਾਰਤੀ ਫੌਜ ਦੇ ਵਿਚ ਪੁਰਾਣੇ ਤੋਪਖਾਨਿਅੰ ਦਾ ਮੁਖੀ ਸੀ ਅਤੇ ਦੂਜਾ ਜੌਹਨ ਹੱਟ ਵੈਸਟਰਨ ਆਸਟਰੇਲੀਆ ਦਾ ਗਵਰਨਰ ਸੀ।