ਦੇਸ਼ ਦੀ ਗਵਰਨਰ ਜਨਰਲ ਨੇ ਸ੍ਰੀ ਕ੍ਰਿਸ ਹਿਪਕੰਸ ਨੂੰ ਪ੍ਰਧਾਨ ਮੰਤਰੀ ਤੇ ਸ੍ਰੀਮਤੀ ਸੀਪੂਲੋਨੀ ਨੂੰ ਉਪ ਪ੍ਰਧਾਨ ਮੰਤਰੀ ਦੀ ਸਹੁੰ ਚੁਕਾਈ

ਗਵਰਨਰ ਨੇ ਪਹਿਲਾਂ ਸਾਹਮਣੇ ਬਿਠਾ ਕਿਹਾ ਕਿ ਮੇਰੇ ਕੋਲ ਤੁਹਾਡੇ ਨਾਂਅ ਪਹੁੰਚੇ ਹਨ, ਇਨ੍ਹਾਂ ਅਹੁਦਿਆਂ ਲਈ ਕੀ ਤੁਸੀਂ ਸਰਕਾਰ ਦੀ ਅਗਵਾਈ ਕਰ ਸਕੋਗੇ?

ਮਿੰਟਾਂ ਵਿਚ ਹੋਇਆ ਸਮਾਮਗ, ਕੋਈ ਖੁੱਲ੍ਹਾ ਪੰਡਾਲ ਨਹੀਂ, ਕੋਈ ਰਾਜਨੀਤਕ ਇਕੱਠ ਨਹੀਂ, ਬੱਸ ਜ਼ਿੰੇਮੇਵਾਰੀ ਚੁੱਕ ਲਈ ਸਾਰਥਿਕ ਸ਼ਬਦਾਂ ਦੀ ਸਲਾਹ ਨਾਲ

(ਔਕਲੈਂਡ), 25 ਜਨਵਰੀ, 2023: (12 ਮਾਘ, ਨਾਨਕਸ਼ਾਹੀ ਸੰਮਤ 554):-25 ਜਨਵਰੀ 1974 ਨਿਊਜ਼ੀਲੈਂਡ ਦੇ ਲਈ ਇਕ ਇਤਿਹਾਸਕ ਦਿਨ ਰਿਹਾ ਹੈ, ਇਸ ਦਿਨ ਕਾਮਨਵੈਲਥ ਖੇਡਾਂ ਦੋਸਤਾਨਾ ਮੈਚ ਦੇ ਨਾਲ ਸ਼ੁਰੂ ਹੋਏ ਸਨ ਅਤੇ ਅੱਜ 25 ਜਨਵਰੀ 2023 ਨੂੰ ਦੇਸ਼ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ੍ਰੀ ਕ੍ਰਿਸ ਹਿੱਪਕਿੰਸ (45) ਨੇ 41ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਕੇ ਦੇਸ਼ ਦੀ ਵਾਗਡੋਰ ਸੰਭਾਲ ਲਈ ਹੈ।  ਇਸਦੇ ਨਾਲ ਹੀ ਉਪ ਪ੍ਰਧਾਨ ਮੰਤਰੀ  ਸ੍ਰੀਮਤੀ ਕੈਰਮਲ ਸੀਪੂਲੋਨੀ ਵੀ ਅੱਜ ਸਹੁੰ ਚੁੱਕ ਕੇ ਉਪ ਪ੍ਰਧਾਨ ਮੰਤਰੀ ਬਣ ਗਈ ਹੈ। ਦੋਹਾਂ ਨੂੰ ਗਵਨਰ ਜਨਰਲ ਨੇ ਸਾਹਮਣੇ ਬਿਠਾ ਕੇ ਕਿਹਾ ਕਿ ਸਭ ਤੋਂ ਪਹਿਲਾਂ ਸ੍ਰੀ ਕ੍ਰਿਸ ਹਿੱਪਕਿੰਸ ਨੂੰ ਕਿਹਾ ਕਿ ‘‘ਤੁਸੀਂ ਮੈਨੂੰ ਇਸ ਗੱਲ ਦੀ ਦਿਲਚਸਪੀ ਵਿਖਾਈ ਹੈ ਕਿ ਤੁਸੀਂ ਸਰਕਾਰ ਦੀ ਅਗਵਾਈ ਕਰ ਸਕਦੇ ਹੋ। ਮੈਂ ਹੁਣ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਸ ਗੱਲ ਦੀ ਤਸੱਲੀ ਦਿਓ ਕਿ ਤੁਸੀਂ ਸਰਕਾਰ ਦੀ ਅਗਵਾਈ ਕਰ ਸਕਦੇ ਹੋ?’’ ਇਸਦੇ ਜਵਾਬ ਵਿਚ ਸ੍ਰੀ ਕ੍ਰਿਸ ਹਿਪਕਿੰਸ ਨੇ ‘ਹਾਂ’ ਵਿਚ ਜਵਾਬ ਦਿੱਤਾ। ਗਵਰਨਰ ਨੇ ਅੱਗੇ ਕਿਹਾ ਕਿ ‘ਹੁਣ ਮੈਂ ਅਗਲੀ ਕਾਰਵਾਈ ਕਰ ਸਕਦੀ ਹਾਂ।’’

ਗਵਰਨਰ ਜਨਰਲ ਸਿੰਡੀ ਕਿਰੋ ਨੇ ਦੋਵਾਂ ਨੂੰ ਨਿੱਘੀ ਵਧਾਈ ਦਿੰਦਿਆ ਕਿਹਾ ਕਿ ਸਾਰੇ ਮੰਤਰਾਲਿਆਂ ਦੇ ਨਾਲ ਰਾਬਤਾ ਰੱਖਣ ਲਈ ਤੁਸੀਂ ਮੇਰੇ ਪ੍ਰਮੁੱਖ ਸਲਾਹਕਾਰ ਹੋ। ਦੇਸ਼ ਦੀ ਮੌਜੂਦਾ ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਆਪਣਾ ਅਸਤੀਫਾ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਸਿੰਡੀ ਕਿਰੋ ਨੂੰ ਸੌਂਪ ਦਿੱਤਾ ਸੀ।  ਸਹੁੰ ਚੁੱਕ ਸਮਾਗਮ 11. 20 ਮਿੰਟ ਉਤੇ ਸ਼ੁਰ ੂਹੋ ਗਿਆ। ਨਵੇਂ ਬਣੇ ਪ੍ਰਧਾਨ ਮੰਤਰੀ ਨੇ ਗਵਰਨਰ ਜਨਰਲ ਦਾ ਧੰਨਵਾਦ ਕਰਦਿਆਂ ਕਿਹਾ ਕਿ ‘‘ਇਹ ਮੇਰੇ ਜੀਵਨ ਦੀ ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਅਤੇ ਜ਼ਿੰਮੇਵਾਰੀ ਹੈ। ਮੈਂ ਅੱਗੇ ਆਉਣ ਵਾਲੀਆਂ ਚੁਣੌਤੀਆਂ ਤੋਂ ਉਤਸ਼ਾਹਿਤ ਹਾਂ। ਉਪ ਪ੍ਰਧਾਨ ਮੰਤਰੀ ਅਤੇ ਮੈਂ ਦੋਵੇਂ ਅੱਜ ਦੀਆਂ ਨਿਯੁਕਤੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੈਂ ਪ੍ਰਭੂਸੱਤਾ ਅਤੇ ਗਵਰਨਰ-ਜਨਰਲ ਨੂੰ ਸਲਾਹ ਦੇਣ ਵਿੱਚ ਆਪਣੀ ਭੂਮਿਕਾ ਦੇ ਮਹੱਤਵਪੂਰਨ ਸੁਭਾਅ ਨੂੰ ਸਵੀਕਾਰ ਕਰਦਾ ਹਾਂ। ਮੈਂ ਤੁਹਾਡਾ ਨਿੱਜੀ ਤੌਰ ’ਤੇ ਧੰਨਵਾਦ ਕਰਦਾ ਹਾਂ ਅਤੇ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।’’ ਪ੍ਰਧਾਨ ਮੰਤਰੀ ਆਪਣੇ ਇਸ ਅਹੁਦੇ ਦੇ ਨਾਲ ਰਾਸ਼ਟਰੀ ਸੁਰੱਖਿਆ ਅਤੇ ਇੰਟੈਲੀਜੈਂਸੀ ਵੀ ਵੇਖਣਗੇ।

ਕੋਈ ਵੱਡਾ ਸਮਾਗਮ ਨਹੀਂ: ਮਿੰਟਾਂ ਦੇ ਵਿਚ ਇਹ ਸਮਾਗਮ ਸੰਪੂਰਨ ਹੋ ਗਿਆ। ਕਿਸੀ ਪ੍ਰਕਾਰ ਦਾ ਕੋਈ ਬਾਹਰੀ ਇਕੱਠ ਨਹੀਂ ਕੀਤਾ ਗਿਆ, ਕੋਈ ਰਾਜਨੀਤਕ ਲੋਕ ਸ਼ੇਖੀਆਂ ਮਾਰਦੇ ਨਹੀਂ ਵੇਖੇ ਗਏ। ਬੱਸ ਗਵਰਨਰ ਜਨਰਲ ਦੇ ਸਾਰਥਿਕ ਸ਼ਬਦਾਂ ਦੀ ਸਲਾਹ ਨਾਲ ਦੇਸ਼ ਦੀ ਵਾਗਡੋਰ ਨਵੇਂ ਨੇਤਾਵਾਂ ਦੇ ਹੱਥਾਂ ਵਿਚ ਸੌਂਪ ਦਿੱਤੀ ਗਈ।  ਇਸ ਤੋਂ ਬਾਅਦ ਕੈਬਨਿਟ ਦੀ ਮੀਟਿੰਗ ਹੋਈ।
ਸ੍ਰੀਮਤੀ ਕੈਰਮਲ ਸੀਪੂਲੋਨੀ: ਮਾਣਯੋਗ ਸ੍ਰੀਮਤੀ ਕੈਰਮਲ ਸੀਪੂਲੋਨੀ (46) ਇਸ ਵੇਲੇ ਕੈਲਸਟਨ ਜੋ ਕਿ ਪੱਛਮੀ ਔਕਲੈਂਡ ਦਾ ਇਕ ਹਲਕਾ ਹੈ, ਤੋਂ ਸਾਂਦਾ ਹੈ। ਉਹ ਸਾਮੋਅਨ, ਟੌਂਗਲ ਅਤੇ ਯੂਰੀਪੀਅਨ ਪਰਿਵਾਰ ਨਾਲ ਸਬੰਧਿਤ ਹੈ। ਇਹ ਸਾਮੋਆ ਵਿਖੇ ਪੜ੍ਹਾਉਂਦੀ ਵੀ ਰਹੀ ਹੈ।

ਯੂਨੀਵਰਸਿਟੀ ਆਫ ਔਕਲੈਂਡ ਵਿਖੇ ਉਹ ਇਕੁਟੀ ਪ੍ਰੋਗਰਾਮ ਮੈਨੇਜਮੈਂਟ ਦੀ ਪ੍ਰਬੰਧਕ ਰਹੀ ਹੈ। ਲੇਬਰ ਸਰਕਾਰ ਵਿਚ ਉਹ ਸੋਸ਼ਲ ਡਿਵੈਲਪਮੈਂਟ ਅਤੇ ਇੰਪਲਾਇਮੈਂਟ ਮੰਤਰੀ ਹੈ, ਏ.ਸੀ.ਸੀ. ਮੰਤਰੀ ਹੈ, ਅਪੰਗਾਂ ਦੀ ਮੰਤਰੀ ਹੈ ਅਤੇ ਆਰਟ, ਕਲਚਰ ਅਤੇ ਹੈਰੀਟੇਜ ਦੀ ਮੰਤਰੀ ਹੈ। ਪ੍ਰਧਾਨ ਮੰਤਰੀਆਂ ਦੀ ਸਹੁੰ ਚੁੱਕ ਅਤੇ ਦਫਤਰ ਛੱਡਣ ਦੇ ਵਿਚ ਜਨਵਰੀ ਮਹੀਨਾ ਕਈ ਵਾਰ ਇਤਿਹਾਸ ਦੁਹਰਾ ਚੁੱਕਾ ਹੈ। ਸੀਪੂਲੋਨੀ ਦੇਸ਼ ਦੀ ਪਹਿਲੀ ਪੈਸੇਫਿਕ ਦੇਸ਼ਾਂ ਦੀ ਮਹਿਲਾ ਹੈ ਜੋ ਦੇਸ਼ ਦੀ ਉਪ ਪ੍ਰਧਾਨ ਮੰਤਰੀ ਬਣੀ ਹੈ। ਸਹੁੰ ਚੁਕੱਣ ਵੇਲੇ ਉਨ੍ਹਾਂ ਸੰਬੋਧਨ ਹੁੰਦਿਆ ਕਿਹਾ ਕਿ ‘‘ਤੁਹਾਡੇ ਨਿੱਘੇ ਸ਼ਬਦਾਂ ਲਈ ਤੁਹਾਡਾ ਧੰਨਵਾਦ। ਪ੍ਰਧਾਨ ਮੰਤਰੀ ਜੀ, ਤੁਹਾਡੀ ਯੋਗ ਨਿਯੁਕਤੀ ’ਤੇ ਵਧਾਈ, ਤੁਹਾਡੇ ਦੁਆਰਾ ਮੇਰੇ ਵਿੱਚ ਰੱਖੇ ਗਏ ਵਿਸ਼ਵਾਸ ਲਈ ਤੁਹਾਡਾ ਧੰਨਵਾਦ, ਇਸ ਨਿਯੁਕਤੀ ਦੁਆਰਾ ਮੈਨੂੰ, ਮੇਰੇ ਪਰਿਵਾਰ ਅਤੇ ਸਾਡੇ ਪੈਸੇਫਿਕ ਭਾਈਚਾਰੇ ਦਾ ਸਨਮਾਨ ਕਰਨ ਲਈ ਤੁਹਾਡਾ ਧੰਨਵਾਦ। ਤੁਹਾਡੇ ਨਾਲ ਕੰਮ ਕਰਨ ਅਤੇ ਇਸ ਬਹੁਤ ਮਹੱਤਵਪੂਰਨ ਭੂਮਿਕਾ ਵਿੱਚ ਤੁਹਾਡਾ ਸਮਰਥਨ ਕਰਨ ਦੀ ਉਮੀਦ ਹੈ।’’
ਭਰਿਆ ਮੇਲਾ ਛੱਡਿਆ ਜੈਸਿੰਡਾ  ਆਰਡਨ ਨੇ: ਵਰਨਣਯੋਗ ਹੈ ਕਿ ਹੁਣ ਸਾਬਕਾ ਪ੍ਰਧਾਨ ਮੰਤਰੀ ਬਣ ਚੁੱਕੀ ਮਾਣਯੋਗ ਜੈਸਿੰਡਾ ਆਰਡਨ ਨੇ ਲਗਪਗ ਸਵਾ 5 ਸਾਲ ਪ੍ਰਧਾਨ ਮੰਤਰੀ  ਰਹਿਣ ਤੋਂ ਬਾਅਦ ਇਹ ਅਹੁਦਾ ਆਪਣੇ ਆਪ ਤਿਆਗ ਦਿੱਤਾ ਹੈ ਕਿ ਦੇਸ਼ ਨੂੰ ਹੁਣ ਨਵੇਂ ਮੋਢਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੀ ਕਿ ਉਹ 7 ਫਰਵਰੀ ਤੱਕ ਸਾਰਾ ਕੁਝ ਕਰ ਲੈਣਗੇ, ਪਰ ਇਹ ਸਾਰਾ ਕੁਝ ਕਹਿਣ ਦੇ ਹਫਤੇ ਵਿਚ ਹੀ ਕਰ ਦਿੱਤਾ ਗਿਆ।