ਹਲਕਾ ਪੈਨਮਿਉਰ -ਓਟਾਹੂਹੂ ਤੋਂ ਨੈਸ਼ਨਲ ਪਾਰਟੀ ਨੇ ਨਵਤੇਜ ਰੰਧਾਵਾ ਨੂੰ ਐਲਾਨਿਆ ਉਮੀਦਵਾਰ

ਨੈਸ਼ਨਲ ਪਾਰਟੀ: ਵੋਟਾਂ ਦੀ ਤਿਆਰੀ-ਪੰਜਾਬੀਆਂ ਦੀ ਵਾਰੀ

(ਆਕਲੈਂਡ):- 2020 ਦੇ ਵਿਚ ਪਹਿਲੀ ਵਾਰ ਸੰਸਦੀ ਵੋਟਾਂ ਲਈ ਬਣੇ ਹਲਕਾ ਪੈਨਮਿਉਰ-ਓਟਾਹੂਹੂ ਤੋਂ ਨਿਊਜ਼ੀਲੈਂਡ ਦੀ ਰਾਜਸੀ ਪਾਰਟੀ ‘ਨੈਸ਼ਨਲ ਪਾਰਟੀ’ ਵੱਲੋਂ ਸ. ਨਵਤੇਜ ਸਿੰਘ ਰੰਧਾਵਾ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆਹੈ। ਸ. ਨਵਤੇਜ ਸਿੰਘ ਰੰਧਾਵਾ ਪੰਜਾਬੀ ਮੂਲ ਦੇ ਉਸ ਪਰਿਵਾਰ ਦੀ ਚੌਥੀ ਪੀੜ੍ਹੀ ਹਨ ਜਿਹੜੇ 1920 ਦੇ ਦਹਾਕੇ ਦੇ ਵਿਚ ਹਮਿਲਟਨ ਸ਼ਹਿਰ ਤੋਂ ਲਗਪਗ 300 ਕਿਲੋਮੀਟਰ ਦੂਰ ਵਸਦੇ ਨਗਰ ਤਾਇਪੇ ਕਿੰਗ ਵਿਖੇ ਆਏ ਸਨ। ਉਨ੍ਹਾਂ ਨੇ ਇਥੇ ਵਸਦੀ ਭਾਰਤੀ ਕਮਿਊਨਿਟੀ ਦੇ ਲਈ ਵੱਡਾ ਯੋਗਦਾਨ ਪਾਇਆ। ਨਿਊਜ਼ੀਲੈਂਡ ਦਾ ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਵਿਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ।
ਸ. ਨਵਤੇਜ ਸਿੰਘ ਰੰਧਾਵਾ ਜਿੱਥੇ ਲੰਬੇ ਸਮੇਂ ਤੋਂ ਪੰਜਾਬੀ ਮੀਡੀਆ ਨਾਲ ਜੁੜੇ ਹੋਏ ਹਨ ਉਥੇ ਕਈ ਹੋਰ ਸੰਸਥਾਵਾਂ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦਾ ਮੁੱਖ ਉਦੇਸ਼ ਇਸ ਵੇਲੇ ਕੀਵੀਆਂ ਨੂੰ ਜੀਵਨ ਨਿਰਬਾਹ ਦੇ ਲਈ ਆਮਦਨ ਦੇ ਪੱਧਰ ਨੂੰ ਸੁਧਾਰਨਾ ਹੈ ਉਥੇ ਵਧਦੇ ਅਪਰਾਧ ਨੂੰ ਨੱਥ ਪਾਉਣਾ ਵੀ ਸ਼ਾਮਿਲ ਹੈ। ਸ. ਰੰਧਾਵਾ ਅਨੁਸਾਰ ਲੋਕ ਇਸ ਵੇਲੇ ਅਪਰਾਧੀ ਗਤੀਵਿਧੀਆਂ ਕਾਰਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਹਰ ਪਾਸੇ ਨਿਤ ਪ੍ਰਤੀ ਦਿਨ ਹਾਲਾਤ ਹੋਰ ਖਰਾਬ ਹੋ ਰਹੇ ਹਨ, ਲੇਬਰ ਸਰਕਾਰ ਦੀ ਨਰਮਾਈ ਅਪਰਾਧ ਨੂੰ ਘਟਾਉਣ ਵਿਚ ਅਸਫਲ ਰਹੀ ਹੈ। ਸਥਾਨਿਕ ਛੋਟੇ ਕਾਰੋਬਾਰੀ ਸਮਝ ਨਹੀਂ ਪਾ ਰਹੇ ਕਿ ਹੋਰ ਕਿੰਨੀਆਂ ਲੁੱਟਾਂ-ਖੋਹਾਂ ਦੀ ਲੇਬਰ ਸਰਕਾਰ ਉਡੀਕ ਕਰ ਰਹੀ ਹੈ ਅਤੇ ਉਸ ਤੋਂ ਬਾਅਦ ਲੋਕਾਂ ਦੀ ਗੱਲ ਸੁਣੇਗੀ। ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਉਨ੍ਹਾਂ ਦੀ ਪਹਿਲ ਰਹੇਗੀ। ਸ. ਨਵਤੇਜ ਸਿੰਘ ਰੰਧਾਵਾ ਹੋਰਾਂ ਦਾ ਪਿਛੋੜ ਪਿੰਡ ਰੰਧਾਵਾ ਮਸੰਦਾਂ (ਜਲੰਧਰ) ਨਾਲ ਹੈ। ਇਸ ਪਰਿਵਾਰ ਚੋਂ 1920  ਵਿਚ ਸਵ. ਸਰਦਾਰ ਇੰਦਰ ਸਿੰਘ ਰੰਧਾਵਾ ਨਿਊਜ਼ੀਲੈਂਡ ਆਏ ਸਨ । ਨਵਤੇਜ ਹੋਰਾਂ ਦੇ ਦਾਦਾ ਸ. ਹਰਬੰਸ ਸਿੰਘ ਰੰਧਾਵਾ ਸਨ। ਪਿਤਾ ਸ. ਅਜੀਤ ਸਿੰਘ ਰੰਧਾਵਾ ਕਮਿਊਨਿਟੀ ਦੇ ਵਿਚ ਕਾਫੀ ਕਾਰਜਸ਼ੀਲ ਹਨ ਅਤੇ ਮਾਤਾ ਨਛੱਤਰ ਕੌਰ ਘਰ ਬਾਰ ਸੰਭਾਲਦੇ ਹਨ।
ਪੈਨਮਿਉਰ-ਓਟਾਹੂਹ ਹਲਕਾ: ਇਸ ਹਲਕੇ ਤੋਂ ਪਿਛਲੀ ਵਾਰ ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਚੋਣ ਲੜੇ ਸਨ, ਇਸ ਵਾਰ ਇਹ ਮੌਕਾ ਸ. ਨਵਤੇਜ ਸਿੰਘ ਰੰਧਾਵਾ ਨੂੰ ਦਿੱਤਾ ਜਾ ਰਿਹਾ ਹੈ। ਸ. ਬਖਸ਼ੀ ਉਸ ਵੇਲੇ 4192 ਵੋਟਾਂ ਲੈ ਕੇ ਦੂਜੇ ਨੰਬਰ ਉਤੇ ਰਹੇ ਸਨ ਅਤੇ ਲੇਬਰ ਪਾਰਟੀ ਦੀ ਜੈਨੀ ਸਾਲੇਸਾ 18,626 ਦੇ ਫਰਕ ਨਾਲ ਜਿੱਤ ਗਈ ਸੀ। ਉਟਾਹੂਹੂ ਵਿਖੇ ਔਕਲੈਂਡ ਦਾ ਪਹਿਲਾ ਗੁਰਦੁਆਰਾ ਸਾਹਿਬ 1986 ਦੇ ਵਿਚ ਹੋਂਦ ਵਿਚ ਆਇਆ ਸੀ ਅਤੇ ਇਸਦੇ ਇਰਦ-ਗਿਰਦ ਕਾਫੀ ਵੱਡੀ ਗਿਣਤੀ ਦੇ ਵਿਚ ਪੰਜਾਬੀ ਭਾਈਚਾਰਾ ਅਤੇ ਭਾਰਤੀ ਭਾਈਚਾਰਾ ਰਹਿੰਦਾ ਹੈ।
ਆਮ ਚੋਣਾਂ-2023: ਨਿਊਜ਼ੀਲੈਂਡ ਦੀਆਂ ਆਮ ਚੋਣਾਂ ਇਸ ਸਾਲ 14 ਅਕਤੂਬਰ ਨੂੰ ਹੋ ਰਹੀਆਂ ਹਨ। ਨਾਮਜ਼ਦਗੀਆਂ 15 ਸਤੰਬਰ ਤੱਕ ਲਈਆਂ ਜਾਣੀਆਂ ਹਨ। 27 ਸਤੰਬਰ ਤੋਂ ਵਿਦੇਸ਼ ਤੋਂ ਪੈਣ ਵਾਲੀਆਂ ਵੋਟਾਂ ਦਾ ਕੰਮ ਸ਼ੁਰੂ ਹੋ ਜਾਣਾ ਹੈ ਅਤੇ 2 ਅਕਤੂਬਰ ਤੋਂ 13 ਅਕਤੂਬਰ ਤੱਕ ਸਥਾਨਿਕ ਅਡਵਾਂਸ ਵੋਟਾਂ ਸ਼ੁਰੂ ਹੋਣੀਆਂ ਹਨ।
ਸ. ਕੰਵਲਜੀਤ ਸਿੰਘ ਬਖਸ਼ੀ ਵੱਲੋਂ ਵਧਾਈ: ਸਾਬਕਾ ਸਾਂਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਸ.ਨਵਤੇਜ ਸਿੰਘ ਰੰਧਾਵਾ ਨੂੰ ਉਨ੍ਹਾਂ ਦੀ ਨੈਸ਼ਨਲ ਉਮੀਦਵਾਰ ਵਜੋਂ ਚੋਣ ਹੋਣ ਉਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘‘ਨਵੀਂ ਪੀੜ੍ਹੀ ਦੇ ਰਾਜਨੀਤਕ ਗਲਿਆਰੇ ਦੇ ਵਿਚ ਆਉਣਾ ਸ਼ੁੱਭ ਸ਼ਗਨ ਹੈ। ਜਿਵੇਂ-ਜਿਵੇਂ ਸਾਡਾ ਭਾਈਚਾਰਾ ਵਧ ਰਿਹਾ ਹੈ, ਉਵੇਂ-ਉਵੇਂ ਸਾਡੀ ਸੰਸਦੀ ਹਾਜ਼ਰੀ ਵਾਸਤੇ ਵੀ ਸਾਡੇ ਭਾਈਚਾਰੇ ਨੂੰ ਅੱਗੇ ਆਉਣ ਦੀ ਲੋੜ ਹੈ। ਨਵਤੇਜ ਰੰਧਾਵਾ ਇਥੇ ਦਾ ਜੰਮਿਆ ਪਲਿਆ ਅਤੇ ਪੜਿ੍ਹਆ ਲਿਖਿਆ ਉਮੀਦਵਾਰ ਹੈ ਅਤੇ ਮੈਂ ਉਨ੍ਹਾਂ ਦੀ ਜਿੱਤ ਉਤੇ ਸ਼ੁੱਭ ਕਾਮਨਾਵਾਂ ਭੇਜਦਾ ਹਾਂ।’’
ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵਧਾਈ: ਨਿਊਜ਼ੀਲੈਂਡ ਦੇ ਵਿਚ ਕੰਮ ਕਰਦੇ ਸਾਰੇ ਮੀਡੀਆ ਕਰਮੀਆਂ ਵੱਲੋਂ ਸ. ਨਵਜੇਤ ਸਿੰਘ ਰੰਧਾਵਾ ਨੂੰ ਨੈਸ਼ਨਲ ਪਾਰਟੀ ਦਾ ਉਮੀਦਵਾਰ ਬਣਾਏ ਜਾਣ ਉਤੇ ਖੁਸ਼ੀ ਜ਼ਾਹਿਰ ਕੀਤੀ ਗਈ ਹੈ। ਮੀਡੀਆ ਕਰਮੀ ਜਿੱਥੇ ਲੋਕਾਂ ਦੀ ਆਵਾਜ਼ ਬਨਣ ਦੇ ਵਿਚ ਪਹਿਲਾਂ ਹੀ ਇਕ ਕੜੀ ਦਾ ਕੰਮ ਕਰ ਰਹੇ ਹੁੰਦੇ ਹਨ ਉਥੇ ਕਮਿਊਨਿਟੀ ਦੀ ਅਗਵਾਈ ਵਾਸਤੇ ਵੀ ਸਾਰਥਿਕ ਯੋਗਦਾਨ ਪਾ ਸਕਦੇ ਹਨ। ਰੇਡੀਓ ਸਪਾਈਸ ਤੋਂ ਸ.ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਇਹ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਪਹਿਲੇ ਦਿਨ ਦੀ ਕੋਸ਼ਿਸ਼ ਤੋਂ ਹੀ ਵਿਸ਼ਵਾਸ਼ ਸੀ ਕਿ ਇਸ ਵਾਰ ਸ. ਨਵਜੇਤ ਸਿੰਘ ਰੰਧਾਵਾਂ ਹੋਰਾਂ ਨੂੰ ਜਰੂਰ ਨੈਸ਼ਨਲ ਪਾਰਟੀ ਮੌਕਾ ਦੇਵੇਗੀ। ਉਹ ਵੀ ਕਈ ਮੌਕਿਆਂ ਉਤੇ ਉਨ੍ਹਾਂ ਦੇ ਸਹਿਯੋਗੀ ਬਣ ਕੇ ਸ਼ਾਮਿਲ ਹੁੰਦੇ ਰਹੇ ਹਨ। ਸੋ ਨੈਸ਼ਨਲ ਪਾਰਟੀ ਨੇ ਚੋਣਾਂ ਦੀ ਤਿਆਰੀ ਕਰ ਲਈ ਹੈ ਅਤੇ ਪੰਜਾਬੀਆਂ ਨੂੰ ਵੀ ਵਾਰੀ ਦਿੱਤੀ ਹੈ ਕਿ ਉਹ ਅੱਗੇ ਆ ਕੇ ਆਪਣਾ ਪ੍ਰਤੀਨਿਧ ਚੁਣ ਕੇ ਪਾਰਲੀਮੈਂਟ ਭੇਜਣ।