ਵਾਹ! ਸੇਵਾ ਨੂੰ ਸਿਜਦਾ ਕਰਨ ਦਾ ਇਕ ਤਰੀਕਾ ਇਹ ਵੀ: ਨਿਊਜ਼ੀਲੈਂਡ ਦੇ ਰਾਸ਼ਟਰੀ ਟੀ. ਵੀ. ਚੈਨਲ ਵੱਲੋਂ ਨੌਜਵਾਨ ਹਰਮਨਪ੍ਰੀਤ ਸਿੰਘ ਨੂੰ ਅਚੰਭਿਤ ਸੌਗਾਤ

NZ PIC may21ਕਹਿੰਦੇ ਨੇ ਕਿਸੀ ਦੀ ਕੀਤੀ ਸਮਾਜਿਕ ਨੇਕੀ ਦਾ ਜੇਕਰ ਥੋੜ੍ਹਾ ਜਿਹਾ ਵੀ ਸਤਿਕਾਰ ਕਰ ਦਿੱਤਾ ਜਾਵੇ ਤਾਂ ਜਿੱਥੇ ਉਹ ਅਗਲੀ ਵਾਰ ਆਪ ਇਕ ਤੋਂ ਦੋ ਹੋ ਜਾਂਦਾ ਹੈ ਉਥੇ ਉਸ ਵੱਲ ਵੇਖ ਕੇ ਕਈ ਹੋਰ ਉਸ ਵਰਗੇ ਪੈਦਾ ਹੋ ਜਾਂਦੇ ਹਨ। ਬੀਤੀ 15 ਮਈ ਨੂੰ ਇਥੇ ਇਕ ਪੰਜ ਸਾਲਾ ਜ਼ਖਮੀ ਬੱਚੇ ਦੀ ਸਹਾਇਤਾ ਵਾਸਤੇ ਅੱਗੇ ਆਏ 22 ਸਾਲਾ ਨੌਜਵਾਨ ਹਰਮਨਪ੍ਰੀਤ ਸਿੰਘ ਬੱਬੱਰ ਜਿਸ ਨੇ ਆਪਣੀ ਛੋਟੀ ਦਸਤਾਰ ਬੱਚੇ ਦੇ ਜ਼ਖਮੀ ਸਿਰ ਥੱਲੇ ਰੱਖ ਕੇ ਪੂਰੀ ਦੁਨੀਆ ਦੀਆਂ ਅਸੀਸਾਂ ਕਬੂਲੀਆਂ ਸਨ, ਦੀ ਸੇਵਾ ਨੂੰ ਸਿਜਦਾ ਕਰਨ ਦੇ ਲਈ ਅੱਜ ਨਿਊਜ਼ੀਲੈਂਡ ਦਾ ਰਾਸ਼ਟਰੀ ਟੀ.ਵੀ. ਚੈਨਲ. ‘ਟੀ.ਵੀ.ਐਨ.ਜ਼ੋਡ’ ਉਸਦੇ ਬਰੂਹੇ ਢੁੱਕਿਆ। ਇਸ ਟੀ.ਵੀ. ਚੈਨਲ ਦੀ ਟੀਮ ਨੇ ਇਸ ਸਿੱਖ ਨੌਜਵਾਨ ਦੇ ਲਈ ਇਕ ਅਚੰਭਿਤ ਸੌਗਾਤ ਭੇਟ ਕੀਤੀ ਜਿਸ ਬਾਰੇ ਉਸਨੂੰ ਕੁਝ ਪਤਾ ਨਹੀਂ ਸੀ।  ਸੌਗਾਤ ਦੇ ਵਿਚ ਇਕ ਨਵਾਂ ਨਕੋਰ ਸੋਫਾ ਸੈਟ ਅਤੇ ਕੌਫੀ ਟੇਬਲ ਸ਼ਾਮਿਲ ਸੀ।
ਇਹ ਵਿਚਾਰ ਉਨ੍ਹਾਂ ਦੇ ਮਨ ਵਿਚ ਸ਼ਾਇਦ ਉਦੋਂ ਆ ਗਿਆ ਸੀ ਜਦੋਂ ਕੁਝ ਦਿਨ ਪਹਿਲਾਂ ਉਹ ਉਸਦੇ ਨਾਲ ਮੁਲਾਕਾਤ ਕਰਕੇ ਗਏ ਸਨ ਤੇ ਉਨ੍ਹਾਂ ਨੇ ਸਿਰਫ ਸਾਦਾ ਕਮਰਾ ਤੇ ਪਲਾਸਟਿਕ ਦੀਆਂ ਕੁਰਸੀਆਂ ਵੇਖੀਆਂ ਸਨ। ਉਨ੍ਹਾਂ ਨੇ ਇਸਦੇ ਦੋਸਤ ਰਵੀਦੀਪ  ਸਿੰਘ ਹਾਂਸ ਨੂੰ ਇਸ ਬਾਰੇ ਥੋੜੀ ਭਿਣਕ ਪਾ ਦਿੱਤੀ ਅਤੇ ਅੱਜ ਘਰੇ ਰਹਿਣ ਵਾਸਤੇ ਕਿਹਾ ਸੀ। ਉਨ੍ਹਾਂ ਆਉਂਦੇ ਕਿਹਾ ਕਿ ਲਗਦਾ ਹੈ ਤੁਹਾਡੇ ਕਮਰੇ ਵਿਚ ਸੋਫਾ ਹੋਣਾ ਚਾਹੀਦਾ ਅਤੇ ਇਸ ਸਿੱਖ ਨੌਜਵਾਨ ਨੇ ਸਰੋਸਰੀ ਕਹਿ ਦਿੱਤਾ ਕਿ ਹਾਂਜੀ ਹੋਣਾ ਚਾਹੀਦਾ। ਸ਼ਾਇਦ ਇਸ ਕਰਕੇ ਬਈ ਜੇ ਸੋਫਾ ਹੁੰਦਾ ਤਾਂ ਉਹ ਬੈਠਣ ਵਿਚ ਜਿਆਦਾ ਸੌਖ ਮਹਿਸੂਸ ਕਰਦੇ। ਹਾਂਜੀ ਕਹਿਣ ਦੀ ਦੇਰ ਸੀ ਕਿ ਉਨ੍ਹਾਂ ਕਿਹਾ ਆਓ ਬਾਹਰ ਤੁਹਾਨੂੰ ਕੁਝ ਵਿਖਾਉਂਦੇ ਹਾਂ। ਬਾਹਰ ਗਿਆ ਤਾਂ ਇਕ ਫਰਨੀਚਰ ਵਾਲੀ ਕੰਪਨੀ ਦੀ ਗੱਡੀ ਖੜੀ ਸੀ ਜਿਸਦੇ ਵਿਚ ਨਵਾਂ ਨੋਕਰ ਸੋਫਾ ਅਤੇ ਕੌਫੀ ਸੈਟ ਸੀ। ਇਸ ਨੌਜਵਾਨ ਦੀਆਂ ਅੱਖਾਂ ਦੇ ਵਿਚ ਹੰਝੂ ਵਗ ਤੁਰੇ ਅਤੇ ਸੋਚਿਆ ਕਿ ਅਜਿਹਾ ਤਾਂ ਉਸਨੇ ਕਦੀ ਸੋਚਿਆ ਵੀ ਨਹੀਂ ਸੀ। ਸੋ ਅੱਜ ਇਹ ਟੀ.ਵੀ. ਰਿਪੋਰਟ ਪ੍ਰਾਈਮ ਟਾਈਮ ਉਤੇ ਚਲਾਈ ਗਈ।
ਜਗਜੀਤ ਸਿੰਘ ਸਿੱਧੂ ਵੱਲੋਂ ਫ੍ਰੀ ਇਮੀਗ੍ਰੇਸ਼ਨ ਸਰਵਿਸ
ਇਮੀਗ੍ਰੇਸ਼ਨ ਮੈਟਰਜ਼ ਦੇ ਡਾਇਰੈਕਟਰ ਸ. ਜਗਜੀਤ ਸਿੰਘ ਸਿੱਧੂ ਹੋਰਾਂ ਵੀ ਹਰਮਨਪ੍ਰੀਤ ਸਿੰਘ ਨੂੰ ਭਵਿੱਖ ਦੇ ਵਿਚ ਲੋੜ ਪੈਣ ਉਤੇ ਫ੍ਰੀ ਇਮੀਗ੍ਰੇਸ਼ਨ ਸਰਵਿਸਸ ਦੀ ਪੇਸ਼ਕਸ਼ ਕੀਤੀ ਹੈ। ਸ. ਸਿੱਧੂ ਅਨੁਸਾਰ ਇਸ ਸਿੱਖ ਨੌਜਵਾਨ ਨੇ ਸਿੱਖਾਂ ਦੀ ਸਾਖ ਨੂੰ ਹੋਰ ਬੁਲੰਦ ਕੀਤਾ ਹੈ ਅਤੇ ਇਹ ਉਸਦੇ ਸਤਿਕਾਰ ਵਜੋਂ ਹੋਵੇਗਾ।

Install Punjabi Akhbar App

Install
×