ਗੁਰਦੁਆਰਾ ਸਾਹਿਬ ਨਾਨਕਸਰ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਸੁੰਦਰ ਸਜੇ ਟਰੱਕ ਦੇ ਵਿਚ ਸੁਭਾਇਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹਜ਼ਾਰਾਂ ਸੰਗਤਾਂ ਹੋਈਆਂ ਸ਼ਾਮਿਲ

(ਔਕਲੈਂਡ): ਨਿਊਜ਼ੀਲੈਂਡ ਦੇਸ਼ ਮਾਰੂ ਕਰੋਨਾ ਤੋਂ ਬਾਅਦ ਦੁਬਾਰਾ ਆਮ ਵਰਗੀ ਜ਼ਿੰਦਗੀ ਜੀਉਣ ਵੱਲ ੍ਹਦ ਰਿਹਾ ਹੈ, ਭਾਵੇਂ ਕਿ ਕਰੋਨਾ ਦਾ ਪ੍ਰਕੋਪ ਅਜੇ ਵੀ ਜਾਰੀ ਹੈ, ਪਰ ਵੈਕਸੀਨੇਸ਼ਨ ਤੋਂ ਬਾਅਦ ਲੋਕ ਆਪਣਾ ਬਚਾਅ ਰੱਖਦੇ ਹੋਏ ਸਮਾਗਮਾਂ ਵਿਚ ਭਾਗ ਲੈਣ ਲੱਗੇ ਹਨ। ਧਾਰਮਿਕ ਅਤੇ ਸਭਿਆਚਾਰਕ ਸਮਾਗਮ ਹੋਣ ਲੱਗੇ ਹਨ। ਅੱਜ ਲੰਬੇ ਸਮੇਂ ਬਾਅਦ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਕੀਤਾ ਗਿਆ। ਨਗਰ ਕੀਰਤਨ ਦੀ ਆਰੰਭਤਾ ਉਪਰੰਤ ਸ਼ਾਨਦਾਰ ਤਰੀਕੇ ਨਾਲ ਸਜੇ ਵੱਡੇ ਖੁੱਲ੍ਹੇ ਟਰੱਕ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਜਾਇਆ ਗਿਆ ਅਤੇ ਗੁਰੂ ਸਾਹਿਬਾਂ ਨੇ ਨਗਰ ਕੀਰਤਨ ਦੀ ਸਰਪ੍ਰਸਤੀ ਕੀਤੀ।  ਪੰਜ ਪਿਆਰੇ, ਪੰਜ ਨਿਸ਼ਾਨਚੀ  ਅਤੇ ਸਿੱਖ ਵਸਤਰਾਂ ਵਿਚ ਸਜੇ ਬੱਚੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸਿੱਖ ਮਾਰਸ਼ਲ ਆਰਟ ਪੇਸ਼ ਕਰਨ ਵਾਸਤੇ ਭਾਈ ਮੰਦੀਪ ਸਿੰਘ ਆਪਣੇ ਗਤਕੇ ਦੇ ਜੱਥੇ ਨਾਲ ਨਗਰ ਕੀਰਤਨ ਦੌਰਾਨ ਅਤੇ ਗੁਰਦੁਆਰਾ ਸਾਹਿਬ ਵਿਖੇ ਜੌਹਰ ਵਿਖਾ ਰਹੇ ਸਨ।  ਟਰਾਂਸਪੋਰਟਰ ਸ. ਹਰਜੀਤ ਸਿੰਘ ਗਿੱਲ ਟਰੱਕ ਦੀ ਸੇਵਾ ਕੀਤੀ। ਮੋਟਰ ਸਾਈਕਲਾਂ ਉਤੇ ਨੌਜਵਾਨ ਵੀ ਇਸ ਵੇਲੇ ਨਗਰ ਕੀਰਤਨ ਦੇ ਮੋਹਰੇ-ਮੋਹਰੇ ਚੱਲ ਰਹੇ ਸਨ। ਲੋਕਲ ਬੋਰਡ ਦੇ ਲੇਬਰ ਪਾਰਟੀ ਉਮੀਦਵਾਰ ਸ. ਖੜਗ ਸਿੰਘ ਅਤੇ ਐਨ. ਸਿੰਘ ਵੀ ਨਗਰ ਕੀਰਤਨ ਦੌਰਾਨ ਸੇਵਾ ਕਰਦੇ ਨਜ਼ਰ ਆਏ। ਗੁਰਦੁਆਰਾ ਸਾਹਿਬ ਨੂੰ ਰੰਗ-ਬਿਰੰਗੀਆਂ ਝੰਡੀਆਂ ਨਾਲ ਸਜਾਇਆ ਗਿਆ ਸੀ।  ਕੀਰਤਨ ਆਨ ਵੀਲ੍ਹ: ਨਗਰ ਕੀਰਤਨ ਦੌਰਾਨ ਭਾਈ ਈਸ਼ਵਰ ਸਿੰਘ ਦਾ ਹਜ਼ੂਰੀ ਰਾਗੀ ਜੱਥਾ ਕੀਰਤਨ ਕਰ ਰਿਹਾ ਸੀ। ਭਾਈ ਗੁਰਚਰਨ ਸਿੰਘ ਅਤੇ ਸਾਥੀਆਂ ਨੇ ਬਹੁਤ ਖੂਬ ਧਾਰਮਿਕ ਰਚਨਾਵਾਂ ਸਰਵਣ ਕਰਵਾਈਆਂ। ਬੱਚੇ ਵੀ ਸ਼ਬਦ ਕੀਰਤਨ ਨਾਲ ਹਾਜ਼ਰੀ ਲਗਵਾ ਰਹੇ ਸਨ।  ਬੀਬੀਆਂ ਨਗਰ ਕੀਰਤਨ ਵੇਲੇ ਗੁਰੂ ਸਾਹਿਬ ਦੀ ਉਸਤਤ ਵਿਚ ਕਵਿਤਾਵਾਂ ਅਤੇ ਸ਼ਬਦ ਗਾਇਨ ਕਰ ਰਹੀਆਂ ਸਨ।
ਲੰਗਰ: ਗੁਰੂ ਕੇ ਲੰਗਰਾਂ ਵਿਚ ਛੋਲੇ-ਪਨੀਰ, ਦਾਲ , ਰਾਇਤਾ, ਜਲੇਬੀਆਂ, ਬੇਸਨ ਬਰਫੀ, ਮਿਕਸ ਪਕੌੜੇ, ਬ੍ਰੈਡ ਪਕੌੜੇ, ਗਰਮਾ-ਗਰਮ ਚਾਹ, ਜੂਸ, ਸਲਾਦ ਅਤੇ ਹੋਰ ਬਹੁਤ ਕੁਝ ਤਿਆਰ ਕੀਤਾ ਗਿਆ ਸੀ। ਫਲ ਫਰੂਟ ਅਤੇ ਪੇਯਜਲ ਖੂਬ ਸੰਗਤਾਂ ਨੂੰ ਅਤੇ ਦਰਸ਼ਕਾਂ ਨੂੰ ਵਰਤਾਏ ਗਏ।

Install Punjabi Akhbar App

Install
×