ਨਿਊਜ਼ੀਲੈਂਡ ‘ਚ 4 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਤੋਂ ਸਜੇਗਾ 20ਵਾਂ ਨਗਰ ਕੀਰਤਨ

NZ PIC 31 March-1ਨਿਊਜ਼ੀਲੈਂਡ ਦੇ ਵਿਚ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਵਿਰਸੇ ਨੂੰ ਦਰਸਾਉਂਦਾ ਸਲਾਨਾ ਨਗਰ ਕੀਰਤਨ 20ਵੇਂ ਸਾਲ ਦੇ ਵਿਚ ਦਾਖਲ ਹੋ ਚੁੱਕਾ ਹੈ। 1986 ‘ਚ ਆਕਲੈਂਡ ਖੇਤਰ ਦੇ ਵਿਚ ਪਹਿਲਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਸ਼ਹਿਰ ਵਿਖੇ ਸਥਾਪਿਤ ਕੀਤਾ ਗਿਆ ਸੀ। ਸਿੱਖਾਂ ਦੀ ਜਿਵੇਂ-ਜਿਵੇਂ ਆਬਾਦੀ ਵਧੀ ਗਤੀਵਿਧੀਆਂ ਵੀ ਵਧਦੀਆਂ ਗਈਆਂ। 1996 ਦੇ ਵਿਚ ਪਹਿਲੀ ਵਾਰ ਨਗਰ ਕੀਰਤਨ ਦੀ ਝਲਕ ਇਥੇ ਦੇ ਸਥਾਨਕ ਵਸਨੀਕਾਂ ਨੂੰ ਵੇਖਣ ਨੂੰ ਮਿਲੀ ਸੀ ਜੋ ਕਿ ਹਰ ਸਾਲ ਲਗਾਤਾਰ ਜਾਰੀ ਹੈ। ਇਸ ਵਾਰ ਫਿਰ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ 4 ਅਪ੍ਰੈਲ ਦਿਨ ਸਨਿਚਰਵਾਰ ਸਜਾਇਆ ਜਾ ਰਿਹਾ ਹੈ ਜੋ ਕਿ ਉਟਾਹੂਹੂ ਸ਼ਹਿਰ ਦੇ ਮੁੱਖ ਬਾਜ਼ਾਰ ਦੇ ਵਿੱਚੋਂ ਗੁਜ਼ਰੇਗਾ ਅਤੇ ਲਗਪਗ 2 ਘੰਟਿਆਂ ਬਾਅਦ ਗੁਰਦੁਆਰਾ ਸਾਹਿਬ ਆ ਕੇ ਸੰਪਨ ਹੋਵੇਗਾ। ਰਸਤੇ ਦੇ ਵਿਚ ਸੰਗਤਾਂ ਵੱਲੋਂ ਫਲ, ਜਲ ਅਤੇ ਹੋਰ ਖਾਣ ਵਾਲੀਆਂ ਵਸਤਾਂ ਦੀ ਸੇਵਾ ਹੋਵੇਗੀ। ਇਸੇ ਸਬੰਧ ਦੇ ਵਿਚ 2 ਅਪ੍ਰੈਲ ਨੂੰ ਸ੍ਰੀ ਅਖੰਠ ਪਾਠ ਆਰੰਭ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਭੋਗ 4 ਅਪ੍ਰੈਲ ਨੂੰ ਸ਼ਾਮ 8 ਵਜੇ ਪਾਏ ਜਾਣਗੇ।
ਨਗਰ ਕੀਰਤਨ ਸਜਾਏ ਜਾਣ ਤੋਂ ਪਹਿਲਾਂ ਸਵੇਰੇ 9 ਵਜੇ ਤੋਂ 11 ਵਜੇ ਤੱਕ ਭਾਈ ਹਰਜੀਤਪਾਲ ਸਿੰਘ ਦਾ ਰਾਗੀ ਜੱਥਾ, ਭਾਈ ਗੁਰਮੀਤ ਸਿੰਘ ਦਾ ਰਾਗੀ ਜੱਥਾ ਅਤੇ ਭਾਈ ਰਸ਼ਪਾਲ ਸਿੰਘ ਦਾ ਰਾਗੀ ਜੱਥਾ ਸ਼ਬਦ ਕੀਰਤਨ ਕਰੇਗਾ। ਇਸ ਤੋਂ ਬਾਅਦ ਤਿੰਨ ਵੱਡੇ ਟਰੱਕ ਅਤੇ ਕੁਝ ਹੋਰ ਵਹੀਕਲ ਨਗਰ ਕੀਰਤਨ ਦੇ ਵਿਚ ਸ਼ਾਮਿਲ ਹੋਣਗੇ। ਇਕ ਟਰੱਕ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਮੁੱਚੇ ਨਗਰ ਕੀਰਤਨ ਦੀ ਰਹਿਨੁਮਾਈ ਕਰੇਗਾ ਅਤੇ ਰਾਗੀ ਸਿੰਘ ਕੀਰਤਨ ਕਰਨਗੇ। ਦੂਜੇ ਵੱਡੇ ਟਰੱਕ ਦੇ ਵਿਚ ਵੀ ਸੰਗਤਾਂ ਸ਼ਬਦ ਗਾਇਨ ਕਰਨਗੀਆਂ ਅਤੇ ਰਾਗੀ ਸਿੰਘ ਜਾਪ ਕਰਵਾਉਣਗੇ। ਪੰਜ ਨਿਸ਼ਾਨਚੀ ਅਤੇ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰਨਗੇ ਜਦ ਕਿ ਗਤਕਾ ਟੀਮਾਂ ਗਤਕੇ ਦੇ ਜੌਹਰ ਵਿਖਾਉਣਗੀਆਂ। ਸਿੱਖ ਹੈਰੀਟੇਜ ਸਕੂਲ ਦੇ ਬੱਚੇ ਸੁੰਦਰ ਪੁਸ਼ਾਕਾਂ ਦੇ ਵਿਚ ਅਤੇ ਕੇਸਰੀ ਪਟਕੇ ਸਜਾ ਕੇ ਨਗਰ ਕੀਰਤਨ ਨੂੰ ਹੋਰ ਚਾਰ ਚੰਨ ਲਾਉਣਗੇ।
ਸੁਸਾਇਟੀ ਵੱਲੋਂ ਸਮੂਹ ਨਿਊਜ਼ੀਲੈਂਡ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਇਸ ਨਗਰ ਕੀਰਤਨ ਦੇ ਵਿਚ ਸ਼ਾਮਿਲ ਹੋਵੋ ਅਤੇ ਖਾਲਸੇ ਦੇ ਜਨਮ ਦਿਹਾੜੇ ਦੀ ਖੁਸ਼ੀ ਪ੍ਰਗਟ ਕਰੋ।

Install Punjabi Akhbar App

Install
×