ਆ ਗਈਆਂ ਲੋਕਲ ਵੋਟਾਂ -ਮੈਨੁਰੇਵਾ ਹਲਕੇ ਤੋਂ ਪੰਜਾਬੀਆ ਦੀ ਬਹੂ -ਐਨ. ਸਿੰਘ ਵੀ ਲੋਕਲ ਬੋਰਡ ਲਈ ਲੇਬਰ ਪਾਰਟੀ ਉਮੀਦਵਾਰ

ਇੰਡੀਅਨ ਕੀਵੀ ਪਾਜ਼ੇਟਿਵ ਏਜ਼ਿੰਗ ਚੈਰੀਟੇਬਲ ਟ੍ਰਸਟ ਦੀ ਹੈ ਸਹਿ-ਸੰਸਥਾਪਕ

ਲੇਬਰ ਇਲੈਕਟੋਰੇਟ ਕਮੇਟੀ ਦੀ ਹੈ ਚੇਅਰਪਰਸਨ

(ਔਕਲੈਂਡ): ਔਕਲੈਂਡ ਕੌਂਸਿਲ ਦੀਆਂ ਚੋਣਾਂ 08 ਅਕਤੂਬਰ 2022 ਨੂੰ ਹੋ ਰਹੀਆਂ ਹਨ। ਮੈਨੁਰੇਵਾ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ। ਸਾਊਥ ਔਕਲੈਂਡ ਦੇ ਵਿਚ ਪਿਛਲੇ 16 ਸਾਲਾਂ ਤੋਂ ਰਹਿ ਰਹੀ ਸਾਮੋਅਨ ਮੂਲ ਦੀ ਪਰ ਹੁਣ ਪੰਜਾਬੀਆਂ ਦੀ ਬਹੂ ਬਣ ਚੁੱਕੀ ਨਮੂਲਾਓਉਲੁ ਜਿਨ੍ਹਾਂ ਨੂੰ ਪੰਜਾਬੀ ਭਾਈਚਾਰੇ ਵਿਚ ਐਨ ਸਿੰਘ ਜਾਂ ਪਰਿਵਾਰਕ ਮੈਂਬਰ ਪ੍ਰੀਤ ਕਹਿ ਕੇ ਬੁਲਾਉਂਦੇ ਹਨ, ਵੀ ਲੇਬਰ ਪਾਰਟੀ ਦੀ ਤਰਫ ਤੋਂ ਮੈਨੁਰੇਵਾ ਲੋਕਲ ਬੋਰਡ ਲਈ ਉਮੀਦਵਾਰ ਹਨ। ਐਨ ਸਿੰਘ ਦਾ ਵਿਆਹ ਸਿੱਖ ਪਰਿਵਾਰ ਦੇ ਸ. ਹਰਜਿੰਦਰ ਸਿੰਘ ਲਾਡੀ (ਕਰਨਾਲ ਮੂਲ ਦੇ ਪੰਜਾਬੀ) ਦੇ ਨਾਲ 17 ਸਾਲ ਪਹਿਲਾਂ ਹੋਇਆ ਸੀ ਅਤੇ ਇਸ ਵੇਲੇ ਇਕ ਬੇਟਾ 12 ਸਾਲਾਂ ਦਾ ਹੈ। ਐਨ ਸਿੰਘ ਨੂੰ ਲੇਬਰ ਪਾਰਟੀ ਦੇ ਸਮਾਗਮਾਂ ਵਿਚ ਭਾਰਤੀ ਭਾਈਚਾਰੇ ਨੇ ਆਮ ਵੇਖਿਆ ਹੋਇਆ ਹੈ। ਇਹ ਬਹੁਤ ਸੋਹਣੀ ਪੰਜਾਬੀ ਵੀ ਬੋਲਦੇ ਹਨ।
ਐਨ ਸਿੰਘ ਸਾਊਥ ਔਕਲੈਂਡ ਦੇ ਵਿਚ ਲੰਬੇ ਸਮੇਂ ਤੋਂ ਰਾਜਨੀਤਕ ਗਤੀਵਿਧੀਆਂ ਦੇ ਵਿਚ ਵਿਚਰ ਰਹੀ ਹੈ ਅਤੇ ਲੇਬਰ ਇਲੈਕਟੋਰੇਟ ਕਮੇਟੀ (ਐਲ. ਈ. ਸੀ.) ਟਾਕਾਨੀਨੀ ਦੀ ਚੇਅਰਪਰਸਨ ਹੈ । ਪਿਛਲੀਆਂ ਆਮ ਚੋਣਾਂ ਦੇ ਵਿਚ ਇਸ ਨੇ ਖਾਸ ਭੂਮਿਕਾ ਨਿਭਾਈ ਸੀ ਤੇ ਲੇਬਰ ਪਾਰਟੀ ਦੇ ਹਲਕਾ ਉਮੀਦਵਾਰ ਡਾ. ਨੀਰੂ ਚੋਣ ਜਿੱਤੇ ਸਨ।  ਐਨ. ਸਿੰਘ ਕੋਲ 14 ਸਾਲਾਂ ਦਾ ਅਰਲੀ ਸਕੂਲ ਪ੍ਰਬੰਧਨ ਦਾ ਤਜ਼ਰਬਾ ਹੈ, ਉਹ ਇੰਗਲਿਸ਼, ਸਾਮੋਅਨ, ਹਿੰਦੀ, ਪੰਜਾਬੀ ਅਤੇ  ਸੰਕੇਤਕ ਭਾਸ਼ਾ ਚੰਗੀ ਤਰ੍ਹਾਂ ਜਾਣਦੀ ਹੈ। ਉਹ ਕਈ ਸਕੂਲ ਸੰਸਥਾਵਾਂ ਨਾਲ ਜੁੜੀ ਹੋਈ ਹੈ। ਉਹ ਵਾਈਟ ਰੀਬਨ ਦੀ ਅੰਬੈਸਡਰ ਵੀ ਹੈ ਅਤੇ ਇੰਡੀਅਨ ਕੀਵੀ ਪਾਜ਼ੇਟਿਵ ਏਜਿੰਗ ਚੈਰੀਟੇਬਲ ਟ੍ਰਸਟ ਦੀ ਸਹਿ ਸੰਸਥਾਪਕ ਹੈ। ਲੋਕਲ ਬੋਰਡ ਮੈਂਬਰ ਬਨਣ ਦੇ ਉਦੇਸ਼ ਸਬੰਧੀ ਉਨ੍ਹਾਂ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਸਥਾਨਕ ਸਰਕਾਰਾਂ ਵਿਚ ਬੋਰਡ ਮੈਂਬਰ ਬਨਣ ਲਈ ਇਸ ਕਰਕੇ ਖੜ੍ਹੀ ਹੈ ਕਿਉਂਕਿ ਉਸਨੂੰ ਵਿਸ਼ਵਾਸ ਹੈ ਕਿ ਉਹ ਪੈਸੇਫਿਕ ਖੇਤਰ ਦੇ ਲੋਕਾਂ (ਪ੍ਰਸ਼ਾਂਤ ਮਹਾਂਸਾਗਰ) ਅਤੇ ਏਥਨਿਕ (ਵੱਖ-ਵੱਖ ਹੋਰ ਕੌਮਾਂ) ਭਾਈਚਾਰੇ ਦੇ ਸਥਾਨਕ ਕਾਰਜਾਂ ਨੂੰ ਔਕਲੈਂਡ ਕੌਂਸਿਲ ਨਾਲ ਜੋੜਨ ਲਈ ਇਕ ਸਾਂਝੇ ਪੁਲ ਦਾ ਕੰਮ ਕਰੇਗੀ। ਉਹ ਬਹੁਕੌਮੀ ਵਿਭਿੰਨਤਾ, ਮਿਆਰੀ ਬਚਪਨ ਦੀ ਸਿੱਖਿਆ ਅਤੇ ਇੱਕ ਅਜਿਹੀ ਜਗ੍ਹਾ ਜਾਂ ਹੱਬ ਵਿੱਚ ਵਿਸ਼ਵਾਸ ਰੱਖਦੀ ਹੈ ਜਿੱਥੇ ਹਰ ਉਮਰ ਦੇ ਲੋਕ ਆਪਸੀ ਸਾਂਝ ਦੀ ਸੰਪੂਰਨ ਭਾਵਨਾ ਰੱਖ ਸਕਦੇ ਹੋਣ। ਐਨ. ਸਿੰਘ ਨੇ ਸਮੂਹ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਸਥਾਨਕ ਵੋਟਾਂ ਵੇਲੇ  ਲੋਕ  ਉਨ੍ਹਾਂ ਨੂੰ ਸਮੁੱਚੇ ਭਾਈਚਾਰੇ ਦੀ ਸੇਵਾ ਕਰਨ ਦਾ ਮੌਕਾ ਦੇਣ। ਉਹ ਪੰਜਾਬੀਆਂ ਦੀ ਬਹੂ ਬਣਕੇ ਬਹੁਤ ਖੁਸ਼ ਹੈ ਅਤੇ ਪੰਜਾਬ, ਪੰਜਾਬੀਅਤ ਦੇ ਨਾਲ ਦਿਲੋਂ ਪਿਆਰ ਕਰਦੀ ਹੈ।

Install Punjabi Akhbar App

Install
×