ਪੀ. ਐਮ. ਪ੍ਰੋਮਿਸ (ਵਾਅਦਾ): ਪ੍ਰਤੀ ਘੰਟਾ ਵਧੇਗਾ ਮਿਹਨਤਾਨਾ: ਨਿਊਜ਼ੀਲੈਂਡ ’ਚ 01 ਅਪ੍ਰੈਲ ਤੋਂ ਮਿਹਨਤਾਨਾ ਦਰ ਹੋਵੇਗੀ 22.70 ਡਾਲਰ ਪ੍ਰਤੀ ਘੰਟਾ

ਪ੍ਰਤੀ ਘੰਟਾ ਡੇਢ ਡਾਲਰ ਦਾ ਵਾਧਾ ਕਿਸੇ ਵੇਲੇ 15 ਸੈਂਟ ਵਧਾ ਕੇ ਵੀ ਕੰਮ ਚਲਾ ਲਿਆ ਜਾਂਦਾ ਸੀ

(ਔਕਲੈਂਡ):-ਨਿਊਜ਼ੀਲੈਂਡ ਦੇ ਵਿਚ ਘੱਟੋ-ਘੱਟ ਮਿਹਨਤਾਨਾ ਦਰ ਇਸ ਵੇਲੇ 16 ਸਾਲ ਤੋਂ ਉਪਰ ਵਾਲਿਆਂ ਲਈ 21.20 ਡਾਲਰ ਪ੍ਰਤੀ ਘੰਟਾ ਚੱਲ ਰਹੀ ਹੈ। ਸਰਕਾਰ ਵਧਦੀ ਮਹਿੰਗਾਈ ਦੀ ਚਾਲ ਦੇ ਮੱਦੇਨਜ਼ਰ ਇਸ ਮਿਹਨਤਾਨੇ ਦੇ ਵਿਚ ਪ੍ਰਤੀ ਸਾਲ ਵਾਧਾ ਕਰਦੀ ਰਹਿੰਦੀ ਹੈ। ਹੁਣ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਸ਼੍ਰੀ ਹਿੱਪਕਿਨਜ਼ ਨੇ ਆਪਣੇ ਪਹਿਲੇ ਪੀ. ਐਮ. ਵਾਅਦੇ ਮੁਤਾਬਿਕ ਇਥੇ ਘੱਟੋ-ਘੱਟ ਮਿਹਨਤਾਨੇ ਦੇ ਵਿਚ ਪ੍ਰਤੀ ਘੰਟਾ 1.50 ਡਾਲਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਪਹਿਲੀ ਅਪ੍ਰੈਲ 2023 ਤੋਂ ਲਾਗੂ ਹੋ ਜਾਵੇਗਾ। ਸਿਖਲਾਈ ਦੌਰਾਨ ਅਤੇ ਕੰਮ ਸ਼ੁਰੂ ਕਰਨ ਵਾਲਿਆਂ ਦੇ ਲਈ ਮਿਹਨਤਾਨਾ ਦਰ 22.70 ਡਾਲਰ ਦਾ 80% ਮਿਹਨਤਾਨਾ ਦਰ ਲਾਗੂ ਰਹੇਗਾ। 16 ਤੋਂ ਘੱਟ ਉਮਰ ਵਾਲਿਆਂ ਲਈ ਕੋਈ ਘੱਟੋ-ਘੱਟ ਮਿਹਨਤਾਨਾ ਤਾਂ ਮੁਕੱਰਰ ਨਹੀਂ ਹੁੰਦਾ ਪਰ ਬਾਕੀ ਕਾਮਿਆਂ ਵਾਲੇ ਸਾਰੇ ਨਿਯਮ ਰੁਜ਼ਗਾਰ ਦਾਤਾ ਨੂੰ ਲਾਗੂ ਕਰਨੇ ਪੈਂਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਮਜ਼ਦੂਰੀ ਦਰ ਵਧਾਉਣ ਨਾਲ ਛੋਟੇ ਕਾਰੋਬਾਰੀਆਂ ਉਤੇ ਇਸਦਾ ਅਸਰ ਪਵੇਗਾ, ਪਰ ਮਹਿੰਗਾਈ ਦੀ ਦਰ ਵਧਣ ਦੇ ਕਾਰਨ ਉਹ ਲੋਕਾਂ ਨੂੰ ਰਾਹਤ ਵੀ ਪਹੁੰਚਾਉਣਾ ਚਾਹੁੰਦੇ ਹਨ। ‘ਕੌਸਟ ਆਫ ਲਿਵਿੰਗ’ ਜੀਵਨ ਨਿਰਬਾਹ ਲਾਗਤ ਵਧਣ ਕਾਰਨ ਲੋਕਾਂ ਨੂੰ ਆਮਦਨ ਪੱਖੋਂ ਪਿੱਛੇ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਪਿਛਲੇ ਵਾਧੇ ਵੇਖੇ ਜਾਣ ਤਾਂ ਲੋਕਾਂ ਦੀਆਂ ਨੌਕਰੀਆਂ ਨਹੀਂ ਗਈਆਂ, ਜਿਸਦਾ ਡਰ ਬਣਿਆ ਰਹਿੰਦਾ ਹੈ।
ਵਰਨਣਯੋਗ ਹੈ ਕਿ 10 ਸਾਲ ਪਹਿਲਾਂ 2013 ਦੇ ਵਿਚ ਘੱਟੋ-ਘੱਟ ਮਿਹਨਤਾਨਾ ਦਰ 13.75 ਹੋਇਆ ਕਰਦੀ ਸੀ। 1997 ਦੇ ਵਿਚ ਇਹ ਦਰ 7 ਡਾਲਰ ਪ੍ਰਤੀ ਘੰਟਾ ਰਹੀ ਹੈ ਤੇ ਫਿਰ ਸੰਨ 2000 ਵਿਚ 7.55 ਡਾਲਰ ਤੇ ਫਿਰ 2001 ਦੇ ਵਿਚ ਸਿਰਫ 15 ਸੈਂਟ ਵਧਾ ਕੇ 7.70 ਡਾਲਰ ਪ੍ਰਤੀ ਘੰਟਾ ਕੀਤੀ ਗਈ ਸੀ।