ਪੜ੍ਹਾਈ-ਲਗਨ, ਦੇਸ਼-ਵਿਦੇਸ਼ ਯੀਅਰ-ਟੂ-ਯੀਅਰ -ਮਹਿਮੀਆਂ ਦਾ ਮੁੰਡਾ ਬਣ ਗਿਆ ਮਹਾਂ ਇੰਜੀਨੀਅਰ

ਡਾ. ਜਸਪ੍ਰਭਜੀਤ ਮਹਿਮੀ ਨੇ ਮੈਕਾਟ੍ਰੋਨਿਕਸ ਤੋਂ ਅੱਗੇ ਪੂਰੀ ਕੀਤੀ ਡਾਕਟਰ ਆਫ ਫਿਲਾਸਫੀ ਇੰਜੀਨੀਅਰਿੰਗ

ਨਵੀਂਆਂ ਖੋਜਾਂ ਨਾਲ ਜਰਮਨੀ, ਆਸਟਰੇਲੀਆ, ਅਮਰੀਕਾ ਅਤੇ ਜਾਪਾਨ ਵਾਲੇ ਕੀਤੇ ਪ੍ਰਭਾਵਿਤ

(ਔਕਲੈਂਡ):-ਇੰਜੀਨੀਅਰਿੰਗ ਦੇ ਵੱਖ-ਵੱਖ ਵਿਸ਼ਿਆਂ ਨੂੰ ਇਕੱਤਰ ਕਰਕੇ ਜਦੋਂ ਇਕ ਸੰਯੁਕਤ ਇੰਜੀਨੀਅਰਿੰਗ ਬਨਾਉਣ ਦੀ ਗੱਲ ਚੱਲੀ ਤਾਂ ਇੰਜੀਨੀਅਰਾਂ ਦੀ ਮੀਟਿੰਗ ਹੋਣ ਲੱਗੀ। 1969 ਦੇ ਵਿਚ ਜਾਪਨ ਦੀ ਇਕ ਕੰਪਨੀ ਨੇ ਜਦੋਂ ਇਸ ਉਤੇ ਕੰਮ ਕੀਤਾ ਤਾਂ ਸ਼ਬਦ ‘ਮੈਕਾਟ੍ਰੋਨਿਕਸ’ ਹੋਂਦ ਵਿਚ ਆਇਆ। ਦਰਅਸਲ ਇਹ ਸ਼ਬਦ ਮਕੈਨਿਕਸ ਅਤੇ ਇਲੈਕਟ੍ਰੋਨਿਕਸ ਦੇ ਜੋੜ ਨਾਲ ਬਣਿਆ ਹੈ। ਇਸ ਸੰਯੁਕਤ ਵਿਸ਼ੇ ਦੇ ਵਿਚ ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਕੰਪਿਊਟਰ, ਮਕੈਨੀਕਲ, ਕੰਟਰੋਲ ਅਤੇ ਟੈਲੀਕਾਮ ਵਰਗੇ ਵਿਸ਼ੇ ਸ਼ਾਮਿਲ ਹੁੰਦੇ ਹਨ। ਇੰਜੀਨੀਅਰਿੰਗ ਦੀ ਪੜ੍ਹਾਈ ਤਾਂ ਇਕ ਵਿਸ਼ੇ ਦੀ ਹੀ ਕਰਨੀ ਔਖੀ ਹੁੰਦੀ ਹੈ, ਪਰ ਤੇਜ਼ ਦਿਮਾਗ ਵਾਲੇ ਬੱਚੇ ਸਾਰਾ ਕੁਝ ਇਕੱਠਾ ਵੀ ਕਰ ਜਾਂਦੇ ਹਨ, ਜਿਨ੍ਹਾਂ ’ਤੇ ਮਾਣ ਕਰਨਾ ਬਣਦਾ ਹੈ।
ਗੱਲ ਮਹਿਮੀਆਂ ਦੇ ਮੁੰਡੇ ਦੀ: ਨਿਊਜ਼ੀਲੈਂਡ ਵਸਦੇ ਪੰਜਾਬੀਆਂ ਨੂੰ ਮਾਣ ਹੋਵੇਗਾ ਇਕ ਆਪਣਾ ਇਕ ਪੰਜਾਬੀ ਨੌਜਵਾਨ ਜਿਸ ਨੂੰ ਹੁਣ ਡਾ. ਜਸਪ੍ਰਭਜੀਤ ਮਹਿਮੀ (ਜੈਸੀ ਮਹਿਮੀ-26) ਕਿਹਾ ਜਾ ਸਕਦਾ, ਹਾਰਡ ਵਰਕਰ ਜੋੜੀ ਸ੍ਰੀ ਪਰਮਜੀਤ ਮਹਿਮੀ (ਫਾਊਂਡੇਸ਼ਨ ਮੈਂਬਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਔਕਲੈਂਡ) ਅਤੇ ਸ੍ਰੀਮਤੀ ਪਰਵਿੰਦਰ ਮਹਿਮੀ (ਲਾਈਫ ਮੈਂਬਰ) ਦਾ ਵੱਡਾ ਬੇਟਾ ਹੈ। ਜੈਸੀ ਮਹਿਮੀ  ਮੈਕਾਟ੍ਰੋਨਿਕਸ ਤੋਂ ਇਕ ਕਦਮ ਅੱਗੇ ਵਧਦਿਆਂ ਹੁਣ ਡਾਕਟਰ ਆਫ ਫਿਲਾਸਫੀ ਇੰਜੀਨੀਅਰਿੰਗ ਬਣ ਗਿਆ ਹੈ। ਸੌਖੇ ਅਤੇ ਸਮਝਾਊ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਉਹ ਇਸ ਛੋਟੀ ਉਮਰੇ ਮਹਾਂ ਇੰਜੀਨੀਅਰ ਬਣ ਗਿਆ ਹੈ। ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ ਦੇ ਵਿਚ ਉਹ 2019 ਤੋਂ ਪੜ੍ਹਾਈ ਕਰਨ ਗਿਆ ਹੋਇਆ ਹੈ, ਉਸਨੇ ਹਾਈਪਰਸਪੈਕਟਰਲ ਕੈਮਰਿਆਂ (100 ਰੰਗਾਂ ਦੀ ਪਕੜ ਵਾਲੇ) ਦੀ ਵਰਤੋਂ ਨਾਲ ਸੰਭਾਵੀ ਪਦਾਰਥ ਸੰਪਤੀ ਦਾ ਅਨੁਮਾਨ ਲਾਉਣ ਦੀ ਖੋਜ਼ ਉਤੇ ਬਾਰੀਕ ਕੰਮ ਕੀਤਾ। ਇਸ ਤੋਂ ਪਹਿਲਾਂ ਉਸਨੇ ਬੈਚਲਰ ਆਫ ਇੰਜੀਨੀਅਰਿੰਗ (ਆਨਰਜ਼) ਸਪੈਸ਼ਲਾਈਜਿੰਗ ਇਨ ਮੈਕਾਟ੍ਰੋਨਿਕਸ ਵੀ 2018 ’ਚ ‘ਦਾ ਯੂਨੀਵਰਸਿਟੀ ਆਫ ਔਕਲੈਂਡ’ ਤੋਂ ਫਸਟ ਕਲਾਸ ਆਨਰ ਨਾਲ ਪੂਰੀ ਕੀਤੀ। ਇਹ ਵੀ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਆਫ ਔਕਲੈਂਡ ਨੇ ਉਸਨੂੰ ਬਿਨਾਂ ਮਾਸਟਰ ਕੀਤਿਆਂ ਹੀ ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ ਵਿਖੇ ਪੀ. ਐਚ. ਡੀ. ਕਰਨ ਦਾ ਮੌਕਾ ਦਿੱਤਾ। ਰੋਬੋਟ ਦਾ ਨਿਰਮਾਣ ਅਤੇ ਉਸ ਤੋਂ ਕੰਮ ਲੈਣ ਦੇ ਵਿਚ ਇਸਦਾ ਉਤਸ਼ਾਹ ਉਸਨੂੰ ਖੋਜ ਕਾਰਜਾਂ ਤੱਕ ਲੈ ਗਿਆ।
ਵੱਡੇ ਪ੍ਰਾਜੈਕਟਾਂ ਵਿਚ ਸ਼ਮੂਲੀਅਤ: ਜੈਸੀ ਮਹਿਮੀ ਨੇ 3ਡੀ ਲਾਈਟ ਬਲਬ ਦੀ ਵਰਤੋਂ, ਹਾਈਪਰਸਪੈਕਟਰਲ ਕੈਮਰਿਆਂ ਦੀ ਮਦਦ ਨਾਲ ਨਵਾਂ ਅਧਿਆਏ ਸ਼ੁਰੂ ਕੀਤਾ। ਪੁਜ਼ੀਸ਼ਨ ਅਤੇ ਡਾਇਰੈਕਸ਼ਨ ਕੈਲੀਬ੍ਰੇਸ਼ਨ ਵਿਚ ਇਨਕਲਾਬ ਲਿਆਂਦਾ। ਰੌਸ਼ਨੀ ਦੀ ਤੀਬਰਤਾ ਦੇ ਖੇਤਰ ਵਿਚ ਖੋਜ਼ ਕੀਤੀ। ਸਮਾਟ ਫੈਕਟਰੀ ਵਾਤਾਵਰਣ ਦੇ ਵਿਚ ਰੋਬੋਟ ਤੋਂ ਲਏ ਜਾਣ ਵਾਲੇ ਕੰਮਾਂ ਵਿਚ ਵੱਡੀ ਪ੍ਰਾਪਤ ਕੀਤੀ। ਇੰਟਰਫੇਸਿੰਗ ਆਰ. ਐਫ. ਆਈ. ਡੀ. (ਰੇਡੀਓ ਫ੍ਰੀਕੁਏਂਸੀ) ਡਿਵਾਈਸਾਂ ਦੀ ਵਰਤੋਂ ਕੀਤੀ। ਬੰਦ ਪਈਆਂ ਪਾਈਪਾਂ ਦੀ ਬਲੌਕਿੰਗ ਵੇਖਣ ਵਾਸਤੇ ਰੇਡੀਓ ਫ੍ਰੀਕੁਏਂਸੀ ਦੀ ਵਰਤੋਂ ਉਤੇ ਕੰਮ ਕੀਤਾ।
ਦੋ ਮਹਾਨ ਖੋਜਾਂ: ਇਸਨੇ ਦੱਸਿਆ ਕਿ ਹਾਈਪਰਸਪੈਕਟਰਲ ਚਿੱਤਰਾਂ ਦੀ ਵਰਤੋਂ ਕਰਦੇ ਹੋਏ ਜਾਨਵਰਾਂ ਅੰਦਰ ਚਰਬੀ-ਡੂੰਘਾਈ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਭੇਡ ਜਾਂ ਲੇਲੇ ਵਰਗੇ ਜਾਨਵਰਾਂ ਦੇ ਸਰੀਰ ’ਤੇ ਚਰਬੀ ਦੀ ਮਾਤਰਾ, ਮੀਟ ਦੀ ਗੁਣਵੱਤਾ ਦਾ ਮਾਪ ਕੀਤਾ ਜਾ ਸਕਦਾ ਹੈ। ਇਸ ਨੇ ਦੱਸਿਆ ਕਿ ਮਿਲੀਮੀਟਰਾਂ ਵਿੱਚ ਚਮੜੀ ਦੇ ਹੇਠਾਂ ਚਰਬੀ-ਡੂੰਘਾਈ (ਚਮੜੀ ਦੇ ਹੇਠਾਂ ਚਰਬੀ) ਨੂੰ ਨਿਰਧਾਰਤ ਕਰਨ ਲਈ ਹਾਈਪਰਸਪੈਕਟਰਲ ਚਿੱਤਰਾਂ ਦੀ ਵਰਤੋਂ ਕਰ ਸਕਦੇ ਹਾਂ।  ਇਹ ਆਮ ਤੌਰ ’ਤੇ ਮਾਹਿਰਾਂ ਦੁਆਰਾ ਸਰੀਰਕ ਮਾਪਾਂ ਦੀ ਵਰਤੋਂ (ਸਪਰਸ਼) ਕਰਕੇ ਕੀਤਾ ਜਾਂਦਾ ਹੈ, ਪਰ ਇਸਨੇ ਦੱਸਿਆ ਕਿ ਬਿਨਾਂ ਜਾਨਵਰ ਜਾਂ ਲਾਸ਼ ਨੂੰ ਛੂਹਣ ਤੋਂ ਰਿਮੋਟ ਤਰੀਕੇ ਨਾਲ ਵੀ ਇਹ ਕੀਤਾ ਜਾ ਸਕਦਾ ਹੈ। ਇਸਨੇ ਮਸ਼ੀਨ ਲਰਨਿੰਗ ਮਾਡਲ ਬਣਾਏ ਜੋ ਹਾਈਪਰਸਪੈਕਟਰਲ ਚਿੱਤਰ ਡਾਟਾ ਤੋਂ ਅਸਲੀ ਰੰਗ ਅਤੇ ਅਸਲ ਜਾਨਵਰ ਦੀ ਲਾਸ਼ ਦੇ ਸੀਟੀ-ਸਕੈਨ ਤੋਂ ਫੈਟ-ਡੂੰਘਾਈ ਦੀ ਵਰਤੋਂ ਕਰਦੇ ਸਨ ਅਤੇ ਸਹੀ ਮਾਤਰਾ ਦੱਸਦੇ ਹਨ।
ਇਸ ਨੇ ਦੂਜੀ ਖੋਜ ਇਸ ਗੱਲ ਉਤੇ ਕੀਤੀ ਕਿ ਹਾਈਪਰਸਪੈਕਟਰਲ ਕੈਮਰੇ ਕਿਵੇਂ ਭੌਤਿਕ ਵਸਤਾਂ ਦੀ ਅੰਦਰਲੀ ਸੰਪਤੀ ਦਾ ਅਨੁਮਾਨ ਲਗਾਉਂਦੇ ਹਨ।  ਹਰ ਇੱਕ ਸਮੱਗਰੀ ਦਾ ਇੱਕ ਵਿਲੱਖਣ ਸਪੈਕਟਰਲ ਰੰਗ ਹੁੰਦਾ ਹੈ ਜੋ ਇਸਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਵਰਤਿਆ ਜਾ ਸਕਦਾ ਹੈ। ਅਸਲ ਵਿੱਚ ਅਸੀਂ ਕਿਸੇ ਵਸਤੂ ਦਾ ਅਸਲੀ ਰੰਗ ਨਹੀਂ ਦੇਖਦੇ, ਅਸੀਂ ਪ੍ਰਤੀਬਿੰਬਿਤ ਰੋਸ਼ਨੀ ਦੇਖਦੇ ਹਾਂ, ਜੋ ਸਤਹਾ ਤੋਂ ਅਤੇ ਵਸਤੂ ਦੇ ਅੰਦਰੋਂ, ਉਸ ਦਿਸ਼ਾ ਵਿੱਚ ਆਉਂਦੀ ਹੈ ਜਿਸ ਵੱਲ ਅਸੀਂ ਦੇਖ ਰਹੇ ਹਾਂ। ਵਸਤੂ ਦੀ ਸ਼ਕਲ, ਰੋਸ਼ਨੀ ਅਤੇ ਦੇਖਣ ਦੀ ਦਿਸ਼ਾ ਚਿੱਤਰ ਨੂੰ ਪ੍ਰਭਾਵਤ ਕਰਦੀ ਹੈ। ਇਸ ਨੌਜਵਾਨ ਨੇ ਭੌਤਿਕ ਵਿਗਿਆਨ-ਅਧਾਰਿਤ ਪ੍ਰਤੀਬਿੰਬ ਦੀ ਵਰਤੋਂ ਕਰਕੇ ਕਿਸੇ ਵਸਤੂ ਦੇ ਅਸਲੀ ਰੰਗ ਨੂੰ ਮੁੜ ਪ੍ਰਾਪਤ ਕਰਨ ਦਾ ਤਰੀਕਾ ਤਿਆਰ ਕੀਤਾ।
ਸਿਡਨੀ ’ਚ ਕੀਤਾ ਕੰਮ: ਡੇਵੋਨਸ਼ਾਇਰ ਸੁਰੰਗ ਵਿੱਚ ਯਾਤਰੀਆਂ ਨੂੰ ਟਰੈਕ ਕਰਨ ਲਈ ਵਰਤੇ ਗਏ ਚਾਰ ਕੈਮਰਿਆਂ ਦੀ ਇੱਕ ਪ੍ਰਣਾਲੀ ਸੀ ਜੋ ਕਿ ਸਿਡਨੀ (ਸਭ ਤੋਂ ਵੱਡਾ ਰੇਲਵੇ ਸਟੇਸ਼ਨ) ਵਿੱਚ ਸੈਂਟਰਲ ਸਟੇਸ਼ਨ ’ਤੇ ਸਥਿਤ ਹੈ। ਇਥੇ ਦੇ ਸਾਰੇ ਚਾਰ ਕੈਮਰਿਆਂ ਦੀ ਪੂਰੀ ਕੈਲੀਬ੍ਰੇਸ਼ਨ ਇਸ ਨੌਜਵਾਨ ਨੇ ਕੀਤੀ, ਜਿਸ ਵਿੱਚ ਸੁਰੰਗ ਦੀ ਜ਼ਮੀਨ ’ਤੇ ਟਾਈਲਾਂ ਦੀ ਵਰਤੋਂ ਕਰਦੇ ਹੋਏ ਸਾਰੇ ਕੈਮਰਿਆਂ ਵਿਚਕਾਰ 34 ਪੋਜ਼ (ਅਨੁਵਾਦ ਅਤੇ ਰੋਟੇਸ਼ਨ) ਨੂੰ ਨਿਰਧਾਰਤ ਕਰਨਾ ਸ਼ਾਮਲ ਹੈ। ਅਜਿਹਾ ਕੈਲੀਬ੍ਰੇਸ਼ਨ ਤੁਹਾਨੂੰ ਆਬਜੈਕਟ ਦੇ ਪੂਰੇ 34 ਮਾਡਲ ਬਣਾਉਣ ਦੀ ਇਜਾਜ਼ਤ ਦਿੰਦਾ ਹੈ ਜੋ ਉਹਨਾਂ ਦੀ ਸਥਿਤੀ ਅਤੇ ਸਥਿਤੀ ਨੂੰ ਟਰੈਕ ਕਰਨ ਲਈ ਵਰਤੇ ਜਾ ਸਕਦੇ ਹਨ।
ਇਹ ਨੌਜਵਾਨ 2014 ਵਿਚ ਸਕਾਲਰਸ਼ਿਪ ਪ੍ਰਾਪਤ ਕਰ ਚੁੱਕਾ ਹੈ। 18 ਤੋ 22 ਜੂਨ 2018 ਦੇ ਵਿਚ ਉਹ ਟੈਕਸਾਸ ਅਮਰੀਕਾ ਵਿਖੇ ਖੋਜ਼ ਪਰਚਾ ਪੜ੍ਹਨ ਗਿਆ, 14 ਤੋਂ 16 ਸਤੰਬਰ 2021 ਦੇ ਵਰਚੂਅਲ ਰੂਪ ਵਿਚ ਜ਼ਰਮਨੀ ਦੇ ਵਿਗਿਆਨੀਆਂ ਨਾਲ ਸ਼ਾਮਿਲ ਹੋਇਆ, 23 ਤੋਂ 27 ਅਕਤੂਬਰ ਟੋਕੀਓ ਜਾਪਾਨ ਗਿਆ। ਹੁਣ ਇਹ ਨੌਜਵਾਨ ਅਮਰੀਕਾ ਵਿਖੇ ਅਗਲੇ ਖੋਜ ਕਾਰਜਾਂ ਵਾਸਤੇ ਨਿਕਲੇਗਾ। ਇਸਦੀ ਮੁਹਾਰਿਤ ਰੋਬੋਟ ਪ੍ਰੀਸੈਪਸ਼ਨ, ਕੈਮਰਾ ਕਲੀਬ੍ਰੇਸ਼ਨ, ਮਲਟੀ ਕੈਮਰਾ ਸਿਸਟਮਜ, ਕੰਪਿਊਟਰ ਵਿਜ਼ਨ, ਮਲਟੀ-ਮਾਡਲ ਸੈਂਸਿੰਗ, ਹਾਈਪਰਸਪੈਕਟ੍ਰਲ ਇਮੇਜਿੰਗਸ ਮੈਥੇਮੈਟੀਕਲ ਆਪਟੀਮਾਈਜੇਸ਼ਨ, 3ਡੀ ਪੋਸ ਏਸਟੀਮੇਸ਼ਨ ਅਤੇ ਮਸ਼ੀਨ ਲਰਨਿੰਗ ਦੇ ਵਿਚ ਹੈ।
ਅੰਤ ਇਸ ਮੁੰਡੇ ਦੀ ਪੜ੍ਹਾਈ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਜਿਹੜੀ ਪੜ੍ਹਾਈ ਆਟੋਮੈਟਿਕ ਸਿਸਟਮ ਜਿਵੇਂ ਆਪਣੇ-ਆਪ ਦਰਵਾਜ਼ੇ ਖੁੱਲ੍ਹਣੇ ਬੰਦ ਹੋਣੇ, ਸਮਾਰਟ ਘੜੀਆਂ, ਸਮਾਰਟ ਫੋਨ, ਲੈਪਟਾਪ, ਕਾਰ, ਬਾਈਕਸ, ਮੈਡੀਕਲ ਖੇਤਰ ਦੇ ਵਿਚ ਕਿਰਣਾਂ ਵਾਲੀਆਂ ਮਸ਼ੀਨਾਂ, ਰਾਕਟ, ਜ਼ੈਟ ਅਤੇ ਸੈਂਸਰ ਆਦਿ ਵਿਚ ਕੰਮ ਆਉਂਦੀ ਹੈ, ਇਹ ਨੌਜਵਾਨ ਪੂਰੀ ਕਰ ਚੁੱਕਾ ਹੈ ਅਤੇ ਡਾਕਟਰ ਬਣ ਚੁੱਕਾ ਹੈ। ਪਰਿਵਾਰਕ ਮੈਂਬਰ ਅਤੇ ਕਮਿਊਨਿਟੀ ਮੈਂਬਰ ਕੱਲ੍ਹ 4 ਨਵੰਬਰ ਨੂੰ ਸ਼ਾਮ 5.30 ਵਜੇ ਇਸ ਮਾਣਮੱਤੇ ਨੌਜਵਾਨ ਦਾ ਸਵਾਗਤ ਕਰਨ ਵਾਸਤੇ ਏਅਰਪੋਰਟ ਜਾ ਰਹੇ ਹਨ।
ਵਰਨਣਯੋਗ ਹੈ ਕਿ ਸ੍ਰੀ ਪਰਮਜੀਤ ਮਹਿਮੀ ਦਾ ਛੋਟਾ ਬੇਟਾ ਨਿਖਨਜੀਤ ਮਹਿਮੀ ਵੀ ਇਸ ਵੇਲੇ ਐਮ. ਬੀ. ਬੀ. ਐਸ. (ਮੈਡੀਸਨ) ਡੁਨੀਡਨ ਵਿਖੇ ਕਰ ਰਿਹਾ ਹੈ ਤੇ ਅਗਲੇ ਸਾਲ ਵਲਿੰਗਟਨ ਹਸਪਤਾਲ ਵਿਖੇ ਟ੍ਰੇਨਿੰਗ ਵਾਸਤੇ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਚਕਾਰ ਵਾਲਾ ਬੇਟਾ ਅਭੈਜੀਤ ਮਹਿਮੀ ਜਿੱਥੇ ਇਲੈਕਟ੍ਰੀਕਲ ਇੰਜੀਨੀਅਰਿੰਗ ਕਰ ਰਿਹਾ ਹੈ ਉਥੇ ਗਲਿਨਬਰੁੱਕ ਵਿਖੇ  ਸਕਾਫ ਫੋਲਡਿੰਗ ਤੇ ਇਕਵਮੈਂਟ ਹਾਇਰ ਦਾ ਕਾਰੋਬਾਰ ਵੀ ਕਰ ਰਿਹਾ ਹੈ।

ਸ਼ਾਲਾ! ਇਹ ਨੌਜਵਾਨ ਹੋਰ ਤਰੱਕੀਆਂ ਕਰੇ।