ਸਾਡੇ ਲੋਕ ਨਾਚ: ਝਲਕ ‘ਰੂਹ ਪੰਜਾਬ ਦੀ’ – ਲੋਕ ਨਾਚ ਅਕਡੈਮੀ ਵਾਲੇ ਗੁਰਿੰਦਰ ਸੰਧੂ ਹੋਰਾਂ ਕਲਾਕਾਰ ਬੱਚਿਆਂ ਨੂੰ ਵੰਡੇ ਇਨਾਮ -ਮੇਲੇ ਦਾ ਪੋਸਟਰ ਜਾਰੀ

– 26 ਅਗਸਤ 2023 ਨੂੰ ਮੇਲਾ ਪਹੁੰਚੇਗਾ ਵੋਡਾਫੋਨ ਈਵੈਂਟ ਸੈਂਟਰ

(ਔਕਲੈਂਡ):-‘ਰੂਹ ਪੰਜਾਬ ਦੀ ਲੋਕ ਨਾਚ ਅਕੈਡਮੀ’ ਸਥਾਨਕ ਬੱਚਿਆਂ ਨੂੰ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ ਨਾਲ ਜੋੜ ਕੇ ਪੰਜਾਬੀ ਸਭਿਆਚਾਰ ਦਾ ਦੂਤ ਹੋਣ ਦਾ ਫਰਜ਼ ਨਿਭਾਅ ਰਹੀ ਹੈ। ਬੱਚਿਆਂ ਦਾ ਉਤਸ਼ਾਹ ਬਣਿਆ ਰਹੇ ਅਤੇ ਸਿੱਖੇ ਹੋਏ ਹੁਨਰ ਨੂੰ ਬੱਚੇ ਹੋਰ ਪ੍ਰਫੁੱਲਤ ਕਰਨ, ਨਿੱਕੀ-ਨਿੱਕੀ ਸ਼ਾਬਾਸ਼ੀ ਅਤੇ ਯਾਦਗਾਰੀ ਇਨਾਮਾਂ ਦੀ ਨਿਸ਼ਾਨੀ ਵੱਡੇ ਅਤੇ ਉਚੇ ਨਿਸ਼ਾਨ ਲਗਾਉਣ ਤੱਕ ਜਾਂਦੀ ਹੈ। ਅੱਜ ਅਕੈਡਮੀ ਦਾ ਤੀਜਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਦੇ ਵਿਚ ਹੋਣਹਾਰ ਬੱਚਿਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ। ਬੱਚਿਆਂ ਦੀ ਹੌਂਸਲਾ ਅਫਜ਼ਾਈ ਦੇ ਲਈ ਮਾਤਾ ਬੇਅੰਤ ਕੌਰ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ੍ਰੀ ਨਵਤੇਜ ਰੰਧਾਵਾ ਅਤੇ ਰਾਜਵਿੰਦਰ ਕੌਰ ਹੋਰਾਂ ਇਨਾਮ ਵੰਡਣ ਦੀ ਰਸਮ ਕੀਤੀ। ਅਕੈਡਮੀ ਦੇ ਬੱਚਿਆਂ ਵੱਲੋਂ ਅਤੇ ਰੂਹ ਪੰਜਾਬ ਦੀ ਸੀਨੀਅਰ ਟੀਮ ਵੱਲੋਂ ਫੋਕ ਭੰਗੜੇ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਹੋਸਟ ਹਰਮੀਕ ਸਿੰਘ ਨੇ ਕੀਤਾ। ਹਰਪ੍ਰੀਤ ਹੈਪੀ, ਨਵਤੇਜ ਰੰਧਾਵਾ, ਸੱਤਾ ਵੈਰੋਵਾਲੀਆ, ਹਰਜੀਤ ਕੌਰ, ਬਿਕਰਮਜੀਤ ਮਟਰਾਂ ਅਤੇ ਸ. ਪਰਮਿੰਦਰ ਸਿੰਘ ਹੋਰਾਂ ਵੀ ਬੱਚਿਆਂ ਨੂੰ ਵਧਾਈ ਦਿੱਤੀ।
ਤਿਆਰੀਆਂ ਅਗਲੇ ਸਾਲ ਦੀਆਂ: ਸਾਡੇ ਲੋਕ ਨਾਚ ਇਕ ਤਰ੍ਹਾਂ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਝਲਕ ਹੀ ਹੁੰਦੇ ਹਨ ਅਤੇ ਸਾਡੀਆਂ ਰੂਹਾਂ ਦੇ ਵਿਚ ਪੰਜਾਬ ਖੁਸ਼ਬੋਦਾਅਰ ਬੂਟੇ ਵਾਂਗ ਹਮੇਸ਼ਾਂ ਹਰਿਆ-ਭਰਿਆ ਰਹਿੰਦਾ ਹੈ। ਇਹ ਲੋਕ ਨਾਚ ਜੇਕਰ ਕਿਤੇ ਵੱਡੇ ਈਵੈਂਟ ਹਾਲ ਦੇ ਵਿਚ ਪੁੱਜਣ ਤਾਂ ਇਕ ਪ੍ਰਾਪਤੀ ਹੀ ਹੋਵੇਗੀ। ਅਕੈਡਮੀ ਦੇ ਸੰਚਾਲਕ ਸ. ਗੁਰਿੰਦਰ ਸੰਧੂ ਹੋਰਾਂ ਵੱਡਾ ਉਦਮ ਕਰਦਿਆਂ ਅਗਲੇ ਸਾਲ ‘ਲੋਕ ਨਾਚ ਮੇਲਾ’ 26 ਅਗਸਤ 2023 ਨੂੰ ਵੋਡਾਫੋਨ ਇਵੈਂਟ ਸੈਂਟਰ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਦੇ ਵਿਚ ਅੱਜ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ।