ਉਚੀਆਂ ਗੱਲਾਂ: ‘ਕੀਵੀ ਕੇਅਰ’ ’ਚ ‘ਏਅਰ ਇੰਡੀਆ’

ਨਿਊਜ਼ੀਲੈਂਡ ਦੇ ਕੈਂਪਬਲ ਵਿਲਸਨ ਬਣੇ ‘ਏਅਰ ਇੰਡੀਆ’ ਦੇ ਸੀ.ਈ.ਓ. ਤੇ ਐਮ. ਡੀ.

(ਔਕਲੈਂਡ): ਜਨਵਰੀ ਮਹੀਨੇ ਭਾਰਤ ਦੀ ‘ਏਅਰ ਇੰਡੀਆ’ ਨੂੰ ਲਗਪਗ 69 ਸਾਲ ਬਾਅਦ ਟਾਟਾ ਗਰੁੱਪ ਨੇ ਆਪਣੇ ਨਾਂਅ ਕਰਵਾ ਲਿਆ ਸੀ ਅਤੇ ਉਦੋਂ ਤੋਂ ਲੈ ਕੇ ਇਸ ਏਅਰ ਲਾਈਨ ਨੂੰ ਜਿੱਥੇ ਮੁਨਾਫੇ ਵਾਲਾ ਸੌਦਾ ਬਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਇਸਦੇ ਮੁੱਖ ਕਾਰਜਕਾਰੀ ਅਫਸਰ (ਸੀ.ਈ.ਓ.) ਤੇ ਐਮ. ਡੀ. ਦੀ ਚੋਣ ਵੀ ਮਹੱਤਵਪੂਰਨ ਬਣੀ ਹੋਈ ਸੀ।  ਹੁਣ ਏਅਰ ਇੰਡੀਆ ਨੂੰ ਭਾਰਤ ਤੋਂ ਦੂਰ ਦੁਰੇਡੇ ਵਸੇ ਸਾਡੇ ਨਿੱਕੇ ਜਿਹੇ ਦੇਸ਼ ਨਿਊਜ਼ੀਲੈਂਡ ਤੋਂ ਇਸ ਵਕਾਰੀ ਅਹੁਦੇ ਲਈ ਸਖਸ਼ ਮਿਲ ਗਿਆ ਹੈ ਜਿਸ ਦਾ ਨਾਂਅ ਹੈ ‘ਕੈਂਪਬਲ ਵਿਲਸਨ’। ਉਹ ਟਾਟਾ ਦੀ ਮਾਲਕੀ ਵਾਲੀ ਏਅਰ ਇੰਡੀਆ ਦੇ ਨਵੇਂ ਸੀ.ਈ.ਓ ਅਤੇ ਮੈਨੇਜਿੰਗ ਡਾਇਰੈਕਟਰ ਹੋਣਗੇ।  ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਤਰਕਿਸ਼ ਏਅਰ ਲਾਈਨ ਦੇ ਚੇਅਰਪਰਸਨ ਨੂੰ ਲਿਆ ਸੀ, ਪਰ ਦੋ ਕੁ ਹਫਤੇ ਬਾਅਦ ਹੀ ਉਹ ਛੱਡ ਗਏ ਸਨ। 50 ਸਾਲਾ ਕੈਂਪਬਲ ਵਿਲਸਨ ਨੂੰ 26 ਸਾਲ ਦਾ ਏਅਰ ਲਾਈਨਜ਼ ਦਾ ਤਜ਼ਰਬਾ ਹੈ ਤੇ ਆਸ ਹੈ ਵਧੀਆ ਕੰਮ ਚਲਾਉਣਗੇ।
ਸ੍ਰੀ ਕੈਂਪਬਲ ਵਿਲਸਨ ਸਿੰਗਾਪੋਰ ਏਅਰਲਾਈਨਜ਼ ਦੀ ਇਕ ਸਸਤੀ ਸ਼੍ਰੇਣੀ ਵਾਲੀ ਏਅਰਲਾਈਨ ‘ਸਕੂਟ’ ਦੇ ਮੁਖੀ ਚੱਲ ਰਹੇ ਸਨ ਅਤੇ ਹੁਣ ਅਸਤੀਫਾ ਦੇ ਕੇ ਏਅਰ ਇੰਡੀਆ ਦੇ ਵਿਚ ਆਪਣੀਆਂ ਸੇਵਾਵਾਂ ਦੇਣਗੇ। ਉਹ ਯੂਨੀਵਰਸਿਟੀ ਆਫ ਕੈਂਟਬਰੀ ਕ੍ਰਾਈਸਟਚਰਚ ਦੇ ਸਾਬਕਾ ਵਿਦਿਆਰਥੀ ਰਹੇ ਹਨ। ਕਾਮਰਸ ਅਤੇ ਬਿਜਨਸ ਐਡਮਨਿਸਟ੍ਰੇਸ਼ਨ ਦੇ ਵਿਚ ਉਹ ਫਸਟ ਕਲਾਸ ਆਨਰ ਦੇ ਨਾਲ ਮਾਸਟਰ ਡਿਗਰੀ ਪ੍ਰਾਪਤ ਹਨ। ਉਨ੍ਹਾਂ ਆਪਣਾ ਕਿੱਤਾ ਨਿਊਜ਼ੀਲੈਂਡ ਦੇ ਵਿਚ ਰਹਿੰਦਿਆਂ ਸਿੰਗਾਪੋਰ ਏਅਰ ਲਾਈਨ ਦੇ ਲਈ ਮੈਨੇਜਮੈਂਟ ਟ੍ਰੇਨੀ ਵਜੋਂ ਸ਼ੁਰੂ ਕੀਤਾ ਸੀ। ਫਿਰ ਉਹ ਸਿੰਗਾਪੋਰ ਕੈਨੇਡਾ, ਹਾਂਗਕਾਂਗ, ਜਾਪਾਨ ਤੇ 2011 ਦੇ ਵਿਚ ਸਿੰਗਾਪੋਰ ਦੁਬਾਰਾ ਚਲੇ ਗਏ ਅਤੇ ‘ਸਕੂਟ’ ਦੇ ਸੀ. ਈ. ਓ ਬਣੇ ਜੋ ਕਿ 2016 ਤੱਕ ਰਹੇ। ਫਿਰ ਉਹ ਸਿੰਗਾਪੋਰ ਏਅਰ ਲਾਈਨ ਦੇ ਉਪ ਪ੍ਰਧਾਨ (ਸੇਲਜ਼ ਐਂਡ ਮਾਰਕੀਟਿੰਗ) ਬਣੇ ਜਿੱਥੇ ਉਨ੍ਹਾਂ ਕੀਮਤਾਂ, ਵਿਤਰਣ, ਈ ਕਾਮਰਸ, ਵਪਾਰੀਕਰਣ, ਬ੍ਰਾਂਡ ਅਤੇ ਮਾਰਕੀਟਿੰਗ, ਗਲੋਬਲ ਸੇਲਜ਼ ਲਈ ਕੰਮ ਕੀਤਾ। ਉਹ ਫਿਰ 2020 ਦੇ ਵਿਚ ‘ਸਕੂਟ’ ਦੇ ਸੀ.ਈ.ਓ. ਬਣੇ ਅਤੇ ਹੁਣ ਜਾ ਕੇ ਏਅਰ ਇੰਡੀਆ ਵਾਸਤੇ ਅਸਤੀਫਾ ਦਿੱਤਾ। ਉਹ 15 ਜੂਨ ਤੱਕ ‘ਸਕੂਟ’ ਦੇ ਵਿਚ ਕੰਮ ਕਰਨਗੇ ਅਤੇ ਫਿਰ ਏਅਰ ਇੰਡੀਆ ਦੇ ਲਈ ਕੰਮ ਕਰਨਾ ਸ਼ੁਰੂ ਕਰ ਦੇਣਗੇ। ਏਅਰ ਇੰਡੀਆ ਦਾ ‘ਮਹਾਰਾਜਾ’ ਮੈਸਕਟ (ਸ਼ੁੱਭ ਕਾਰਜ ਪ੍ਰਤੀਕ) ਨਵੇਂ ਐਮ. ਡੀ. ਦਾ ਸਵਾਗਤ ਬੜੇ ਜੋਸ਼ੋ-ਖਰੋਸ਼ ਨਾਲ ਕਰੇਗਾ, ਇਸਦੀ ਸਾਰਿਆਂ ਨੂੰ ਆਸ ਹੈ। ਸੋ ਕੀਵੀ ਕੇਅਰ (ਨਿਊਜ਼ੀਲੈਂਡ ਵਾਲਿਆਂ ਦੀ ਦੇਖ-ਰੇਖ) ਦੇ ਵਿਚ ਹੁਣ ਏਅਰ ਇੰਡੀਆ ਆ ਗਿਆ ਹੈ, ਆਸ ਹੈ ਕਿ ਵਿਲਸਨ ਸਾਹਿਬ ਸਿੱਧੀ ਇਕ ਨਾ ਇਕ ਦਿਨ ਇੰਡੀਆ-ਨਿਊਜ਼ੀਲੈਂਡ ਫਲਾਈਟ ਦੀ ਸ਼ੁਰੂਆਤ ਕਰਕੇ ਪਹਿਲੀ ਸਵਾਰੀ ਆਪ ਹੀ ਕਰਨਗੇ।
ਵਰਨਣਯੋਗ ਹੈ ਕਿ ਟਾਟਾ ਗਰੁੱਪ ਨੇ 1932 ਦੇ ਵਿਚ ਟਾਟਾ ਏਅਰ ਲਾਈਨ ਸ਼ੁਰੂ ਕੀਤੀ ਸੀ। 1946 ਦੇ ਵਿਚ ਇਸਦਾ ਨਾਂਅ ਏਅਰ ਇੰਡੀਆ ਕਰ ਦਿੱਤਾ ਗਿਆ ਸੀ। 1953 ਵਿਚ ਭਾਰਤ ਸਰਕਾਰ ਨੇ ਇਹ ਏਅਰ ਇੰਡੀਆ ਖਰੀਦ ਲਈ ਪਰ ਇਸਦੇ ਚੇਅਰਮੈਨ ਜੇ. ਆਰ. ਡੀ. ਟਾਟਾ ਹੀ 1977 ਤੱਕ ਬਣੇ ਰਹੇ। ਜੇ. ਆਰ. ਡੀ. ਟਾਟਾ ਦੇਸ਼ ਦੇ ਪਹਿਲੇ ਕਮਰਸ਼ੀਅਲ ਫਲਾਇੰਗ ਲਾਇਸੰਸ ਧਾਰਕ ਸਨ। 69 ਸਾਲ ਬਾਅਦ ਇਹ ਏਅਰ ਲਾਈਨ ਦੁਬਾਰਾ ਸੰਨ 2022 ਦੇ ਵਿਚ ਟਾਟਾ ਗਰੁੱਪ ਕੋਲ ਚਲੇ ਗਈ। ਇਹ ਸੌਦਾ 18,000 ਕਰੋੜ ਦਾ ਹੋਇਆ ਸੀ ਇਕ ਸਾਲ ਤੱਕ ਸਾਰਾ ਪੁਰਾਣਾ ਸਟਾਫ ਅਜੇ ਰੱਖਿਆ ਜਾਵੇਗਾ। ਇਸ ਤੋਂ ਬਾਅਦ ਵੱਡੇ ਬਦਲਾਅ ਆਉਣ ਦੀ ਸੰਭਾਵਨਾ ਹੈ।

Install Punjabi Akhbar App

Install
×