ਮਈ-2024 ਮਹੀਨੇ ਵਿਚ ਚੱਲੇਗਾ ਮੁਕੱਦਮਾ ਉਦੋਂ ਤੱਕ ਰਹੇਗਾ ਹਿਰਾਸਤ ਵਿਚ
ਔਕਲੈਂਡ, 01 ਫਰਵਰੀ, 2023: (19 ਮਾਘ, ਨਾਨਕਸ਼ਾਹੀ ਸੰਮਤ 554):-ਔਕਲੈਂਡ ਦੇ ਇਕ ਖੇਤਰ ਮੈਸੀ ਵਿਖੇ ‘ਔਕਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ’ ਦੇ ਵਿਚ ਵਕਾਲਤ ਦੀ ਪੜ੍ਹਾਈ ਕਰਦੀ 21 ਸਾਲਾ ਅਫ਼ਗਾਨੀ ਕੁੜੀ ਫਰਜ਼ਾਨਾ ਯਾਕੂਬੀ ਦਾ 19 ਦਸੰਬਰ 2022 ਦੀ ਰਾਤ ਨੂੰ ‘ਵਾਇਟਾਕਰੀ ਬੈਡਮਿੰਟਨ ਸੈਂਟਰ’ (ਰਾਇਲ ਰੋਡ) ਨੇੜੇ ਕਤਲ ਹੋ ਗਿਆ ਸੀ। ਅਗਲੇ ਦਿਨ ਪੁਲਿਸ ਨੇ ਇਕ 30 ਸਾਲਾ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਸੀ, ਜਿਸ ਦਾ ਨਾਂਅ ਗੁਪਤ ਰੱਖਿਆ ਜਾ ਰਿਹਾ ਸੀ। ਪਹਿਲਾਂ ਇਸ ਵਿਅਕਤੀ ਨੂੰ ਵਾਇਟਾਕਰੀ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਤੇ ਫਿਰ ਕਤਲ ਦਾ ਕੇਸ ਹੋਣ ਕਰੇ ਹਾਈਕੋਰਟ ਕੇਸ ਤਬਦੀਲ ਹੋਇਆ। ਅੱਜ ਇਸ ਵਿਅਕਤੀ ਦਾ ਨਾਂਅ ਹਾਈ ਕੋਰਟ ਔਕਲੈਂਡ ਵੱਲੋਂ ਕੰਵਰਪਾਲ ਸਿੰਘ ਵਾਸੀ ਈਸਟ ਟਮਾਕੀ ਜ਼ਾਹਿਰ ਕੀਤਾ ਗਿਆ ਹੈ। ਬਚਾਅ ਪੱਖ ਦੇ ਵਕੀਲ ਨੇ ਗੈਰ ਦੋਸ਼ੀ ਪਟੀਸ਼ਨ ਦਾਖਲ ਕੀਤੀ ਹੈ, ਜਿਸ ਕਰਕੇ ਹੁਣ ਅੱਗੇ ਮੁੱਕਦਮਾ ਚੱਲੇਗਾ। ਕਤਲ ਦੇ ਇਸ ਮੁਕੱਦਮੇ ਉਤੇ ਹੁਣ ਮਈ 2024 ਦੇ ਵਿਚ ਸੁਣਵਾਈ ਹੋਵੇਗੀ। ਦੋਸ਼ੀ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਕਤਲ ਕੀਤੀ ਗਈ ਕੁੜੀ ਧਾਰਮਿਕ ਯਾਤਰਾ ਦੇ ਲਈ ਅਗਲੇ ਕੁਝ ਦਿਨਾਂ ਤੱਕ ਇਰਾਕ ਜਾਣ ਵਾਲੀ ਸੀ। ਇਹ ਕੁੜੀ ਕਾਫੀ ਜ਼ਖ਼ਮੀ ਹਾਲਤ ਦੇ ਵਿਚ ਮਿਲੀ ਸੀ ਤੇ ਇਹ ਕੁੜੀ ਲਾਗੇ ਹੀ ਇਕ ਘਰ ਦੇ ਵਿਚ ਰਹਿੰਦੀ ਸੀ।
ਪਰਿਵਾਰ ਦੇ ਅਨੁਸਾਰ ਮਿ੍ਰਤਕ ਯਾਕੂਬੀ ਬਹੁਤ ਹੀ ਹੁਸ਼ਿਆਰ ਕੁੜੀ ਸੀ ਅਤੇ ਵਜ਼ੀਫੇ ਉਤੇ ਪੜ੍ਹ ਰਹੀ ਸੀ। ਉਸਨੂੰ ਨੌਕਰੀ ਦੀ ਪੇਸ਼ਕਸ਼ ਵੀ ਹੋ ਚੁੱਕੀ ਸੀ। ਇਸਦੇ ਪਿਤਾ ਇਸਦੇ ਜਨਮ ਤੋਂ ਕੁਝ ਸਮਾਂ ਪਹਿਲਾਂ ਹੀ ਅਫਗਾਨਿਸਤਾਨ ਤੋਂ ਰਾਜਸੀ ਸ਼ਰਣ ਅਧੀਨ ਇਥੇ ਪਹੁੰਚੇ ਸਨ। ਪਰਿਵਾਰ ਦੀ ਇਹ ਛੋਟੀ ਕੁੜੀ ਸੀ। ਤਿੰਨ ਭੈਣਾ ਅਤੇ ਦੋ ਭਰਾ ਪਹਿਲੀ ਪੇਸ਼ੀ ਮੌਕੇ ਅਦਾਲਤ ਪਹੁੰਚੇ ਸਨ ਅਤੇ ਬਹੁਤ ਸੋਗਮਈ ਅਵਸਥਾ ਵਿਚ ਸਨ ਤੇ ਕਤਲ ਦੇ ਦੋਸ਼ੀ ਉਤੇ ਗੁੱਸੇ ਹੋ ਰਹੇ ਸਨ। ਉਨ੍ਹਾਂ ਦੋਸ਼ੀ ਨੂੰ ਹਰਾਮੀ ਤੱਕ ਕਿਹਾ ਅਤੇ ਵਾਰ-ਵਾਰ ਉਚੀ ਬੋਲੇ ਕਿ ‘ਤੂੰ ਇਸ ਕਰ੍ਹਾਂ ਕਿੱਦਾਂ ਕਰ ਸਕਦਾ ਹੈਂ।?