ਖੋਜ, ਵਿਗਿਆਨ ਅਤੇ ਇਨੋਵੇਸ਼ਨ ਮੰਤਰੀ -ਡਾ. ਆਇਸ਼ਾ ਵੇਰਾਲ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਸਰਕਾਰ ਨੇ ਮਾਓਰੀ ਲੋਕਾਂ ਦੀ ਮਦਦ ਵਾਸਤੇ ਚਲਾਏ ਜਾ ਰਹੇ ਕਾਨਾਪੂ ਪ੍ਰਾਜੈਕਟ ਵਾਸਤੇ 6.5 ਮਿਲੀਅਨ ਡਾਲਰਾਂ ਦੇ ਪੈਕਜ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਕਾਨਾਪੂ’ ਦਾ ਮਤਲਭ ਹੁੰਦਾ ਹੈ -ਰੌਸ਼ਨੀ ਅਤੇ ਇਸ ਦੇ ਤਹਿਤ ਅਜਿਹੇ ਪ੍ਰੋਗਰਾਮ ਤਿਆਰ ਕੀਤੇ ਜਾਣਗੇ ਜੋ ਕਿ ਮਾਓਰੀ ਲੋਕਾਂ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਗੇ ਅਤੇ ਇਨ੍ਹਾਂ ਦੇ ਤਹਤ ਇਵੀ ਅਤੇ ਹਾਪੂ ਭਾਈਚਾਰੇ ਨੂੰ ਵੀ ਕਾਫੀ ਮਦਦ ਪ੍ਰਦਾਨ ਕੀਤੀ ਜਾਵੇਗੀ।
ਅਜਿਹੇ ਪ੍ਰਾਜੈਕਟਾਂ ਨੂੰ ਤਿਆਰ ਕਰਨ ਵਾਸਤੇ ਔਕਲੈਂਡ ਯੂਨੀਵਰਸਿਟੀ ਵਿਖੇ ਨਿਊਜ਼ਲੈਂਡ ਦੇ ਮਾਓਰੀ ਖੋਜ ਕੇਂਦਰ ਨੂੰ ਚੁਣਿਆ ਗਿਆ ਹੈ ਅਤੇ ਇਸੇ ਕੇਂਦਰ ਦੀ ਦੇਖਰੇਖ ਵਿੱਚ ਸਾਰੇ ਪ੍ਰੋਗਰਾਮਾਂ ਨੂੰ ਸਿਰੇ ਚਾੜ੍ਹਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਅਜਿਹੇ ਪ੍ਰੋਗਰਾਮਾਂ ਦੇ ਤਹਿਤ, ਮਾਤਾਓਰਾਂਗਾ ਮਾਓਰੀ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਮੌਸਮਾਂ ਦੇ ਬਦਲਾਅ ਜਾਂ ਹੋਰ ਅਜਿਹੇ ਹੀ ਖੋਜ ਦੇ ਖੇਤਰਾਂ ਆਦਿ ਵਿੱਚ ਉਨ੍ਹਾਂ ਦੇ ਤਜੁਰਬੇ ਨੂੰ ਸ਼ੁਮਾਰ ਕੀਤਾ ਜਾ ਰਿਹਾ ਹੈ ਜੋ ਕਿ ਪਹਿਲਾਂ ਤੋਂ ਹੀ ਇਸ ਖੇਤਰ ਵਿੱਚ ਕਾਫੀ ਘੱਟ ਪਾਏ ਜਾਂਦੇ ਹਨ।