(ਔਕਲੈਂਡ): ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਇਸ ਵੇਲੇ ਅੰਤਰਰਾਸ਼ਟਰੀ ਸਵਾਰੀਆਂ ਦੀ ਸਥਿਤੀ ਬੜੀ ਪ੍ਰੇਸ਼ਾਨੀ ਵਾਲੀ ਬਣੀ ਹੋਈ ਹੈ। ਮਸਲਾ ਵੱਡਾ ਬਣ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਹੜੇ ਅੰਤਰਰਾਸ਼ਟਰੀ ਸਵਾਰੀਆਂ ਲੈ ਕੇ ਆਏ ਜਹਾਜ਼ ਸੁਰੱਖਿਅਤ ਉਤਰ ਗਏ ਸਨ ਉਨ੍ਹਾਂ ਦੀਆਂ ਸਵਾਰੀਆਂ ਤਾਂ ਪੈਸੰਜਰ ਡੌਕ ਰਾਹੀਂ ਉਤਰ ਗਈਆਂ, ਪਰ ਸਵਾਰੀਆਂ ਦਾ ਸਮਾਨ ਨਹੀਂ ਲਾਹਿਆ ਜਾ ਸਕਿਆ। ਹਵਾ ਦਾ ਦਬਾਅ ਹੀ ਐਨਾ ਸੀ ਕਿ ਖਤਰੇ ਵਾਲਾ ਕੰਮ ਹੋ ਗਿਆ ਸੀ। ਇਸ ਵੇਲੇ ਸਮਾਨ ਦੀ ਲਿਸਟ ਬਣ ਰਹੀ ਹੈ, ਫਾਈਲਾਂ ਤਿਆਰ ਹੋ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਬਾਅਦ ਵਿਚ ਘਰੋਂ-ਘਰੀਂ ਸਮਾਨ ਦਿੱਤਾ ਜਾ ਸਕੇ। ਬਹੁਤ ਸਾਰੇ ਲੋਕ ਅਜੇ ਬੈਲਟਾਂ ਦੇ ਲਾਗੇ ਸਮਾਨ ਦੀ ਉਡੀਕ ਵੀ ਕਰ ਰਹੇ ਹਨ। ਆਸਟਰੇਲੀਆ (ਸਿਡਨੀ) ਅਤੇ ਫੀਜ਼ੀ (ਨਾਡੀ) ਦੀਆਂ ਫਲਾਈਟਾਂ ਏਅਰਪੋਰਟ ਵੈਬ ਸਾਈਟ ਉਤੇ ਲੈਂਡ ਹੋਈਆਂ ਵਿਖਾਈ ਦੇ ਰਹੀਆਂ ਹਨ। ਅਮਰੀਕਾ ਦੀ ਇਕ ਫਲਾਈਟ ਵੀ 10 ਵਜੇ ਅਪੜਨ ਵਾਲੀ ਹੈ। 15 ਤਰੀਕ ਵਾਲੀਆਂ ਬਹੁਤੀਆਂ ਫਲਾਈਟਾਂ ਵੀ ਇਥੋਂ ਨਹੀਂ ਉਡਾਣਾ ਭਰ ਰਹੀਆਂ ਕੈਂਸਲ ਕਰ ਦਿੱਤੀਆਂ ਗਈਆਂ ਹਨ।