26 ਜਨਵਰੀ 1950-ਸੁਤੰਤਰ ਸੰਵਿਧਾਨ ਦੀ ਸ਼ੁਰੂਆਤ
ਇਸ ਦਿਨ ਭਾਰਤ ਵਿਚ ਦੁਨੀਆ ਦਾ ਸਭ ਤੋਂ ਵੱਡਾ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ
ਔਕਲੈਂਡ, 27 ਜਨਵਰੀ, 2023: (14 ਮਾਘ, ਨਾਨਕਸ਼ਾਹੀ ਸੰਮਤ 554):- ਇਕ ਨਜ਼ਰ ਇਤਿਹਾਸ ’ਤੇ: ਭਾਰਤ ਦਾ ਗਣਤੰਤਰ ਦਿਵਸ ਮਹੱਤਵਪੂਰਨ ਤੇ ਸ਼ੰਘਰਸ਼ਮਈ ਕੁਰਬਾਨੀਆਂ ਵਾਲਾ ਇਤਿਹਾਸ ਸਮੋਈ ਬੈਠਾ ਹੈ। 1950 ਵਿਚ ਇਸ ਦਿਨ ਪੂਰੇ ਦੇਸ਼ ਵਿੱਚ ਭਾਰਤ ਦਾ ਆਪਣਾ ਭਾਰਤੀ ਸੰਵਿਧਾਨ ਲਾਗੂ ਹੋ ਗਿਆ ਸੀ। 26 ਜਨਵਰੀ, 1950 ਨੂੰ ਸੰਵਿਧਾਨ ਦੇ ਲਾਗੂ ਹੋਣ ਦੇ ਨਾਲ ਭਾਰਤ ਨੂੰ ਇੱਕ ਪੂਰਨ ਗਣਰਾਜ ਦਾ ਦਰਜ਼ਾ ਮਿਲਿਆ ਸੀ। ਇਹੀ ਕਾਰਨ ਹੈ ਕਿ ਇਸ ਵਿਸ਼ੇਸ਼ ਦਿਨ ਦੀ ਯਾਦ ਵਿੱਚ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਸਾਲ 1947 ਵਿਚ ਭਾਰਤ ਦੀ ਆਜ਼ਾਦੀ ਤੋਂ ਬਾਅਦ, ਇਸ ਨੂੰ ਲੋਕਤੰਤਰੀ ਬਣਾਉਣ ਦੇ ਉਦੇਸ਼ ਨਾਲ ਦੇਸ਼ ਦੇ ਸੰਵਿਧਾਨ ਦੀ ਸ਼ੁਰੂਆਤ ਕੀਤੀ ਗਈ ਸੀ। 2 ਸਾਲ, 11 ਮਹੀਨੇ ਅਤੇ 18 ਦਿਨਾਂ ਵਿੱਚ ਤਿਆਰ ਕੀਤੇ ਗਏ ਭਾਰਤ ਦੇ ਸੰਵਿਧਾਨ ਨੂੰ ਦੇਸ਼ ਦੀ ਸੰਵਿਧਾਨ ਸਭਾ ਨੇ 26 ਨਵੰਬਰ, 1949 ਨੂੰ ਸਵੀਕਾਰ ਕੀਤਾ ਸੀ। ਇਸਦੀ ਪਹਿਲੀ ਕਾਪੀ ਦੇਸ਼ ਦੇ ਪਹਿਲੇ ਰਾਸ਼ਟਰਪਤੀ ਅਤੇ ਸ੍ਰੀ ਸੰਵਿਧਾਨ ਸਭਾ ਦੇ ਪ੍ਰਧਾਨ ਸ੍ਰੀ ਰਜਿੰਦਰ ਪ੍ਰਸਾਦ ਜੋ ਕਿ ਆਪ ਵੀ ਵਕੀਲ ਸਨ, ਹੋਰਾਂ ਨੂੰ ਡਾ. ਬੀ. ਆਰ. ਅੰਬੇਡਕਰ ਹੋਰਾਂ ਨੇ ਸੋਂਪੀ ਸੀ। ਇਸ ਤੋਂ ਬਾਅਦ ਅਗਲੇ ਹੀ ਸਾਲ 26 ਜਨਵਰੀ 1950 ਨੂੰ ਇਹ ਸੰਵਿਧਾਨ ਬਾਕੀ ਪ੍ਰਕ੍ਰਿਆਵਾਂ ਪੂਰੀਆਂ ਕਰਦਾ ਹੋਇਆ ਪੂਰੇ ਦੇਸ਼ ਵਿੱਚ ਲਾਗੂ ਹੋ ਗਿਆ ਸੀ। ਇਸ ਸਾਰੇ ਕਾਰਜ ਉਤੇ 64 ਲੱਖ ਰੁਪਏ ਤੋਂ ਜਿਆਦਾ ਲੱਗੇ ਸਨ। 29 ਅਗਸਤ 1947 ਨੂੰ ਆਜ਼ਾਦ ਭਾਰਤ ਵੱਲੋਂ ਭਾਰਤ ਦਾ ਸੰਵਿਧਾਨ ਲਿਖਣ ਦੇ ਲਈ ਇਕ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਦੇ ਚੇਅਰਮੈਨ ਡਾ.ਬੀ. ਆਰ. ਅੰਬੇਡਕਰ ਸਨ, ਜਿਨ੍ਹਾਂ ਨੂੰ ਸੰਵਿਧਾਨ ਨਿਰਮਾਤਾ ਵੀ ਕਿਹਾ ਜਾਂਦਾ ਹੈ। ਵਰਨਣਯੋਗ ਹੈ ਕਿ ਭਾਰਤ ਦਾ ਤਿਰੰਗਾ ਝੰਡਾ 22 ਜੁਲਾਈ 1947 ਨੂੰ ਪ੍ਰਵਾਨ ਕਰ ਲਿਆ ਗਿਆ ਸੀ, ਜਦੋਂ ਬਟਵਾਰੇ ਦੀਆਂ ਪ੍ਰੀਕ੍ਰਿਆਵਾਂ ਚੱਲ ਰਹੀਆਂ ਸਨ।
26 ਜਨਵਰੀ ਹੀ ਕਿਉਂ: ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨ ਲਈ 26 ਜਨਵਰੀ ਦਾ ਦਿਨ ਕਿਉਂ ਚੁਣਿਆ ਗਿਆ ਜਿਸ ਨੂੰ 26 ਨਵੰਬਰ ਨੂੰ ਸਵੀਕਾਰ ਕੀਤਾ ਗਿਆ ਸੀ, ਇਹ ਸਵਾਲ ਲਗਭਗ ਹਰ ਭਾਰਤੀ ਦੇ ਮਨ ਵਿੱਚ ਜ਼ਰੂਰ ਆ ਰਿਹਾ ਹੋਵੇਗਾ। ਸੰਵਿਧਾਨ ਨੂੰ ਲਾਗੂ ਕਰਨ ਲਈ ਇਸ ਤਰੀਕ ਨੂੰ ਚੁਣਨ ਦਾ ਵੀ ਇੱਕ ਵਿਸ਼ੇਸ਼ ਮਕਸਦ ਸੀ। ਦਰਅਸਲ, 26 ਜਨਵਰੀ, 1930 ਨੂੰ ਅੰਗਰੇਜ਼ਾਂ ਦੀ ਗੁਲਾਮੀ ਵਿਰੁੱਧ ਕਾਂਗਰਸ ਨੇ ਭਾਰਤ ਨੂੰ ਪੂਰੀ ਤਰ੍ਹਾਂ ਆਜ਼ਾਦ ਕਰ ਦਿੱਤਾ ਸੀ। ਅਜਿਹੇ ’ਚ ਪੂਰਨ ਸਵਰਾਜ ਦੇ ਪ੍ਰਸਤਾਵ ਨੂੰ ਲਾਗੂ ਕਰਨ ਦੀ ਇਸ ਮਿਤੀ ਦੇ ਮਹੱਤਵ ਨੂੰ ਦੇਖਦੇ ਹੋਏ ਸੰਵਿਧਾਨ ਨੂੰ ਲਾਗੂ ਕਰਨ ਲਈ 26 ਜਨਵਰੀ ਦਾ ਦਿਨ ਚੁਣਿਆ ਗਿਆ। ਪਹਿਲੀ ਵਾਰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਸੀ ਤੇ ਭਾਰਤੀ ਸੰਵਿਧਾਨ ਅਨੁਸਾਰ ਸਹੁੰ ਚੁਕਾਈ ਗਈ। ਆਜ਼ਾਦੀ ਤੋਂ ਪਹਿਲਾਂ 18 ਸਾਲ ਤੱਕ ਇਸ ਦਿਨ ਨੂੰ ਪੂਰਨ ਸਵਰਾਜ ਦਿਵਸ (ਸਵੰਤਰ ਦਿਵਸ) ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। 1979 ਦੇ ਵਿਚ ਆਸਟਰੇਲੀਆ ਦਾ ਪ੍ਰਧਾਨ ਮੰਤਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਚੁੱਕੇ ਹਨ, ਪਰ ਨਿਊਜ਼ੀਲੈਂਡ ਦੀ ਅਜੇ ਵਾਰੀ ਨਹੀਂ ਆਈ।
ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ: ਆਜ਼ਾਦੀ ਦੇ ਨਾਲ-ਨਾਲ ਦੇਸ਼ ਲਈ ਸੰਵਿਧਾਨ ਦੀ ਲੋੜ ਵੀ ਮਹਿਸੂਸ ਕੀਤੀ ਗਈ। ਅਜਿਹੀ ਸਥਿਤੀ ਵਿੱਚ ਇਸ ਨੂੰ ਬਣਾਉਣ ਲਈ ਇੱਕ ਸੰਵਿਧਾਨ ਸਭਾ ਬਣਾਈ ਗਈ ਸੀ। ਇਸ ਅਸੈਂਬਲੀ ਨੇ 9 ਦਸੰਬਰ 1946 ਤੋਂ ਸੰਵਿਧਾਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਭਾਰਤ ਦੀ ਇਸ ਸੰਵਿਧਾਨ ਸਭਾ ਦੇ ਪ੍ਰਧਾਨ ਡਾ: ਰਾਜਿੰਦਰ ਪ੍ਰਸਾਦ ਸਨ। ਜਦਕਿ ਸੰਵਿਧਾਨ ਦੀ ਖਰੜਾ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਡਾ: ਭੀਮ ਰਾਓ ਅੰਬੇਡਕਰ ਸਨ। ਇਨ੍ਹਾਂ ਦੀ ਯਾਦ ਵਿਚ ਭਾਰਤ ਸਰਕਾਰ ਵੱਲੋਂ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ। ਭਾਰਤ ਦੇ ਸੰਵਿਧਾਨ ਦੀ ਕਾਪੀ ਦਾ ਪਹਿਲਾ ਸਿਰਲੇਖ ਪੰਨਾ ਪ੍ਰਸਿੱਧ ਆਰਟ ਕਲਾਕਾਰ ਸਵ. ਸ੍ਰੀ ਰਾਮ ਮਨੋਹਰ ਸਿਨਹਾ ਨੇ ਡਿਜ਼ਾਈਨ ਕੀਤਾ ਸੀ।
ਕਈ ਭਾਸ਼ਾਵਾਂ ਦੇ ਵਿਚ ਉਪਲਬਧ ਹੈ ਲਿਖਤੀ ਸੰਵਿਧਾਨ: ਭਾਰਤ ਦਾ ਸੰਵਿਧਾਨ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ, ਹਿੰਦੀ, ਤਾਮਿਲ, ਮਲਿਆਲਮ, ਮਰਾਠੀ, ਉਰਦੂ, ਤੇਲਗੂ, ਸਿੰਧੀ ਸਮੇਤ ਹੋਰ ਕਈ ਭਾਸ਼ਾਵਾਂ ਵਿਚ ਉਪਲਬਧ ਹੈ।
ਨਿਊਜ਼ੀਲੈਂਡ 26 ਜਨਵਰੀ: (ਰਾਹੀਂ ਮਨਜੀਤ ਸੰਧੂ ਹੇਸਟਿੰਗਜ਼) ਭਾਰਤੀ ਹਾਈ ਕਮਿਸ਼ਨ ਵਲਿੰਗਟਨ ਵਿਖੇ ਬੀਤੇ ਕੱਲ੍ਹ ਗਣਤੰਤਰ ਦਿਵਸ ਸਮਾਰੋਹ ਮਨਾਇਆ ਗਿਆ। ਸਮਾਰੋਹ ਦੋ ਭਾਗਾਂ ਵਿਚ ਸੀ। ਸਵੇਰੇ 9 ਵਜੇ ਝੰਡੇ ਦੀ ਰਸਮ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਵੱਲੋਂ ਨਿਭਾਈ ਗਈ ਤੇ ਭਾਰਤੀ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸ੍ਰੀਮਤੀ ਨੀਤਾ ਭੂਸ਼ਣ ਇਥੇ ਪਹਿਲਾ ਮਹਿਲਾ ਹਾਈ ਕਮਿਸ਼ਨਰ ਹਨ ਅਤੇ ਅਕਤੂਬਰ 2022 ਦੇ ਵਿਚ ਉਨ੍ਹਾਂ ਇਹ ਅਹੁਦਾ ਸੰਭਾਲਿਆ ਸੀ। ਦੇਸ਼ ਭਗਤੀ ਦਾ ਗੀਤ-ਸੰਗੀਤ ਹੋਇਆ। ਭਾਰਤ ਦੀ ਇਸ ਵੇਲੇ ਦੀ 15ਵੀਂ ਰਾਸ਼ਟਰਪਤੀ ਮਾਣਯੋਗ ਦਰੋਪਦੀ ਮੁਰਮੂ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। 74ਵੇਂ ਗਣਤੰਤਰ ਦਿਵਸ ਦੀ ਆਰੰਭਤਾ ਦੀ ਪਹਿਲੀ ਨੂੰ ਸਮਰਪਿਤ ਸ਼ਾਮ ਦਾ ਪ੍ਰੋਗਰਾਮ 6 ਵਜੇ ਸ਼ੁਰੂ ਹੋਇਆ, ਉਦਘਾਟਨੀ ਭਾਸ਼ਣ ਸ੍ਰੀਮਤੀ ਨੀਤਾ ਭੂਸ਼ਣ ਜੀ ਵਲੋਂ ਦਿੱਤਾ ਗਿਆ, ਜਿਸ ਵਿਚ ਭਾਰਤ ਦੇਸ਼ ਦੀਆਂ ਨੀਤੀਆਂ ਤੇ ਵਿਦੇਸ਼ ਨੀਤੀਆਂ ਉਤੇ ਚਾਨਣਾ ਪਾÇਆ ਗਿਆ। ਮੁੱਖ ਮਹਿਮਾਨ ਡਿਪਟੀ ਸੇਕਰੇਟਰੀ ਅਮਰੀਕਾ ਵਲੋਂ ਭਾਰਤੀ ਭਾਈਚਾਰੇ ਨੂੰ ਵਧਾਈ ਸੰਦੇਸ਼ ਦਿੱਤਾ ਗਿਆ। ਭਾਰਤੀ ਸਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆ ਗਈਆਂ। ਸਮਾਰੋਹ ਵਾਲਾ ਹਾਲ ਭਾਰਤੀ ਭਾਈਚਾਰੇ ਨਾਲ ਭਰਪੂਰ ਭਰਿਆ ਹੋਇਆ ਸੀ। ਹੇਸਟਿੰਗਜ਼ ਤੋਂ ਪੰਜਾਬੀ ਭਾਈਚਾਰੇ ਤੋਂ ਸ. ਮਹਿੰਦਰ ਸਿੰਘ ਨਾਗਰਾ-ਕੁਲਦੀਪ ਕੌਰ ਨਾਗਰਾ, ਸ੍ਰੀ ਮਨਜੀਤ ਸੰਧੂ – ਨੀਲਮ ਸੰਧੂ ਆਦਿ ਸ਼ਾਮਲ ਹੋਏ। ਕੀਵੀ ਲੋਕਾਂ ਦੀ ਸ਼ਮੂਲੀਅਤ ਵੀ ਖਿਚ ਦਾ ਕੇਂਦਰ ਬਣੀ। ਆਏ ਲੋਕਾਂ ਵਾਸਤੇ ਡਰਿੰਕ ਅਤੇ ਖਾਣੇ ਦਾ ਪ੍ਰਬੰਧ ਬਹੁਤ ਵਧੀਆ ਸੀ। ਭਾਰਤੀ ਹਾਈ ਕਮਿਸ਼ਨ ਵਲਿੰਗਟਨ ਦਾ ਸਾਰਾ ਸਟਾਫ ਆਏ ਲੋਕਾਂ ਦੀ ਖਿਦਮਤ ਲਈ ਪੱਬਾਂ ਭਾਰ ਸੀ।